ਅਮਰੀਕੀ ਚੋਣ ਤੋਂ ਪਹਿਲੇ ਬੈਰਟ ਬਣੀ ਸੁਪਰੀਮ ਕੋਰਟ ਦੀ ਜੱਜ

ਵਾਸ਼ਿੰਗਟਨ (ਏਜੰਸੀਆਂ) : ਅਮਰੀਕੀ ਚੋਣ ਤੋਂ ਇਕ ਹਫ਼ਤਾ ਪਹਿਲੇ ਐਮੀ ਕੋਨੀ ਬੈਰਟ ਸੁਪਰੀਮ ਕੋਰਟ ਦੀ ਜੱਜ ਬਣ ਗਈ। ਬੈਰਟ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ‘ਚ ਹੋਏ ਇਕ ਸਮਾਗਮ ਵਿਚ ਸਹੁੰ ਚੁੱਕੀ। ਬੈਰਟ ਨੂੰ ਇਕ ਮਹੀਨਾ ਪਹਿਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਮਜ਼ਦ ਕੀਤਾ ਸੀ। ਡੈਮੋਕ੍ਰੇਟਿਕ ਪਾਰਟੀ ਨੇ ਚੋਣ ਸਮੇਂ ਸੁਪਰੀਮ ਕੋਰਟ ਦੇ ਜੱਜ ਨਾਮਜ਼ਦ ਕੀਤੇ ਜਾਣ ‘ਤੇ ਇਤਰਾਜ਼ ਪ੍ਰਗਟ ਕੀਤਾ ਸੀ। ਜਲਦਬਾਜ਼ੀ ਵਿਚ ਜੱਜ ਬਣਾਏ ਜਾਣ ਦਾ ਇਹ ਮਾਮਲਾ ਚੋਣ ਪ੍ਰਚਾਰ ਵਿਚ ਵੀ ਮੁੱਦਾ ਬਣਿਆ ਹੋਇਆ ਹੈ। ਐਮੀ ਕੋਨੀ ਬੈਰਟ ਨੂੰ ਅਮਰੀਕੀ ਸੈਨੇਟ ਵਿਚ 48 ਦੇ ਜਵਾਬ ਵਿਚ 52 ਵੋਟ ਮਿਲੇ। ਸੋਮਵਾਰ ਨੂੰ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਵਿਚ ਹੋਏ ਇਕ ਸਮਾਗਮ ਦੌਰਾਨ ਬੈਰਟ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁਕਾਈ ਗਈ। ਸਮਾਗਮ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਮੁੱਖ ਸਹਿਯੋਗੀ ਮੌਜੂਦ ਰਹੇ।

49 ਸਾਲਾਂ ਦੀ ਬੈਰਟ ਨੂੰ ਵਧਾਈ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਚੁਣਿਆ ਜਾਣਾ ਅਮਰੀਕਾ ਦੇ ਸੰਵਿਧਾਨ ਦੇ ਨਿਰਪੱਖ ਹੋਣ ਦਾ ਪ੍ਰਮਾਣ ਹੈ। ਸੁਪਰੀਮ ਕੋਰਟ ਦੇ 9 ਜੱਜਾਂ ਵਿੱਚੋਂ ਟਰੰਪ ਹੁਣ ਤਕ ਤਿੰਨ ਜੱਜਾਂ ਨੂੰ ਨਾਮਜ਼ਦ ਕਰ ਚੁੱਕੇ ਹਨ। ਸੁਪਰੀਮ ਕੋਰਟ ਵਿਚ ਬੈਰਟ ਦੇਸ਼ ਦੀ ਪੰਜਵੀਂ ਔਰਤ ਜੱਜ ਹੋਵੇਗੀ।

ਵਿਰੋਧੀ ਡੈਮੋਕ੍ਰੇਟਿਕ ਪਾਰਟੀ ਆਗੂ ਜੋ ਬਿਡੇਨ ਪਹਿਲੇ ਹੀ ਕਹਿ ਚੁੱਕੇ ਹਨ ਕਿ ਜੱਜ ਨੂੰ ਨਾਮਜ਼ਦ ਕੀਤੇ ਜਾਣ ਦਾ ਫ਼ੈਸਲਾ ਚੋਣ ਪਿੱਛੋਂ ਰਾਸ਼ਟਰਪਤੀ ਨੂੰ ਲੈਣਾ ਚਾਹੀਦਾ ਸੀ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਦੀ ਚੋਣ ਦੇ ਕੁਝ ਸਮੇਂ ਪਿੱਛੋਂ ਹੀ ਸੁਪਰੀਮ ਕੋਰਟ ਅਫੋਰਡਏਬਲ ਕੇਅਰ ਐਕਟ ‘ਤੇ ਸੁਣਵਾਈ ਕਰੇਗਾ। ਇਸ ਵਿਚ ਅਮਰੀਕਾ ਵਿਚ ਕੋਰੋਨਾ ਮਹਾਮਾਰੀ ਨੂੰ ਗ਼ਲਤ ਤਰੀਕੇ ਨਾਲ ਸਮਝਣ ਅਤੇ ਲਾਪਰਵਾਹੀ ਦਾ ਮਾਮਲਾ ਚੱਲਣਾ ਹੈ। ਡੈਮੋਕ੍ਰੇਟਿਕ ਪਾਰਟੀ ਨੇ ਕਿਹਾ ਹੈ ਕਿ ਇਹ ਲੱਖਾਂ ਲੋਕਾਂ ਦੀ ਸਿਹਤ ਦੀ ਦੇਖਭਾਲ ਨੂੰ ਖੋਹਣ ਦਾ ਯਤਨ ਹੈ। ਬੈਰਟ ਨੂੰ ਜਸਟਿਸ ਰੂਥ ਬੇਡਰ ਜਿੰਸਬਰਗ ਦੀ ਸਤੰਬਰ ਵਿਚ ਮੌਤ ਹੋ ਜਾਣ ਕਾਰਨ ਸੁਪਰੀਮ ਕੋਰਟ ਦਾ ਜੱਜ ਬਣਾਇਆ ਗਿਆ ਹੈ।

Leave a Reply

Your email address will not be published.