ਹੁਣ ਤਾਇਵਾਨ ਨੂੰ ਖ਼ਤਰਨਾਕ ਹਾਰਪੂਨ ਮਿਜ਼ਾਈਲ ਦੇਵੇਗਾ ਅਮਰੀਕਾ

ਵਾਸ਼ਿੰਗਟਨ (ਏਪੀ) : ਚੀਨ ਦੀ ਧਮਕੀ ਤੋਂ ਬੇਪਰਵਾਹ ਟਰੰਪ ਪ੍ਰਸ਼ਾਸਨ ਨੇ ਤਾਇਵਾਨ ਨੂੰ ਹੁਣ ਹਾਰਪੂਨ ਮਿਜ਼ਾਈਲ ਦੇਣ ਦਾ ਫ਼ੈਸਲਾ ਲਿਆ ਹੈ। ਉਸ ਨੇ ਸੋਮਵਾਰ ਨੂੰ ਅਮਰੀਕੀ ਸੰਸਦ ਨੂੰ ਸੂਚਿਤ ਕੀਤਾ ਕਿ ਤਾਇਵਾਨ ਨੂੰ 2.37 ਅਰਬ ਡਾਲਰ (ਕਰੀਬ 17 ਹਜ਼ਾਰ ਕਰੋੜ ਰੁਪਏ) ਦਾ ਹਾਰਪੂਨ ਮਿਜ਼ਾਈਲ ਸਿਸਟਮ ਵੇਚਣ ਦੀ ਯੋਜਨਾ ਹੈ। ਪ੍ਰਸ਼ਾਸਨ ਦੇ ਇਸ ਐਲਾਨ ਦੇ ਕੁਝ ਘੰਟੇ ਪਹਿਲੇ ਹੀ ਚੀਨ ਨੇ ਕਿਹਾ ਸੀ ਕਿ ਉਹ ਤਾਇਵਾਨ ਨੂੰ ਹਥਿਆਰ ਵਿਕਰੀ ਵਿਚ ਸ਼ਾਮਲ ਲਾਕਹੀਡ ਮਾਰਟਿਨ, ਬੋਇੰਗ ਡਿਫੈਂਸ ਅਤੇ ਰੇਥਿਆਨ ਵਰਗੀਆਂ ਅਮਰੀਕੀ ਕੰਪਨੀਆਂ ‘ਤੇ ਪਾਬੰਦੀ ਲਗਾਏਗਾ। ਅਮਰੀਕਾ ਵੱਲੋਂ ਪ੍ਰਸਤਾਵਿਤ ਨਵੇਂ ਹਥਿਆਰਾਂ ਵਿਚਕਾਰ ਉਸ ਦੀ ਰੱਖਿਆ ਵਿਵਸਥਾ ਮਜ਼ਬੂਤ ਅਤੇ ਭਰੋਸੇਯੋਗ ਹੋਵੇਗੀ।

ਵਿਦੇਸ਼ ਵਿਭਾਗ ਨੇ ਕਿਹਾ ਕਿ ਅਮਰੀਕਾ ਤਾਇਵਾਨ ਸਟ੍ਰੇਟ ਵਿਚ ਸ਼ਾਂਤੀ ਅਤੇ ਸਥਿਰਤਾ ਨੂੰ ਬਣਾਈ ਰੱਖਣ ਲਈ ਪ੍ਰਤੀਬੱਧ ਹੈ ਅਤੇ ਇਸ ਲਈ ਤਾਇਵਾਨ ਦੀ ਹਿਫ਼ਾਜ਼ਤ ਜ਼ਰੂਰੀ ਹੈ। ਇਹ ਇਸ ਲਈ ਵੀ ਅਹਿਮ ਹੈ ਕਿ ਸਮਰੱਥ ਤਾਇਵਾਨ ਨਾਲ ਹੀ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸ਼ਾਂਤੀ ਅਤੇ ਸੁਰੱਖਿਆ ਨਿਸ਼ਚਿਤ ਹੋ ਸਕੇਗੀ। ਵਿਭਾਗ ਨੇ ਦੱਸਿਆ ਕਿ ਇਸ ਸੌਦੇ ਨਾਲ ਖੇਤਰੀ ਫ਼ੌਜੀ ਸੰਤੁਲਨ ‘ਤੇ ਕੋਈ ਅਸਰ ਨਹੀਂ ਪਵੇਗਾ। ਇਸ ਤੋਂ ਪਹਿਲੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਕਿਹਾ ਸੀ ਕਿ ਚੀਨ ਆਪਣੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਕਾਰਵਾਈ ਕਰੇਗਾ। ਤਾਇਵਾਨ ਨੂੰ ਹਥਿਆਰ ਵਿਕਰੀ ਵਿਚ ਸ਼ਾਮਲ ਅਮਰੀਕੀ ਕੰਪਨੀਆਂ ‘ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ। ਚੀਨ ਨੇ ਪਾਬੰਦੀ ਦਾ ਇਹ ਐਲਾਨ ਉਨ੍ਹਾਂ ਖ਼ਬਰਾਂ ਪਿੱਛੋਂ ਕੀਤਾ ਜਿਸ ਵਿਚ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਪਿਛਲੇ ਹਫ਼ਤੇ ਦੱਸਿਆ ਸੀ ਕਿ ਤਾਇਵਾਨ ਨੂੰ ਸੈਂਸਰ, ਮਿਜ਼ਾਈਲ ਅਤੇ ਟੈਂਕਾਂ ਸਮੇਤ 1.8 ਅਰਬ ਡਾਲਰ (ਕਰੀਬ 13 ਹਜ਼ਾਰ ਕਰੋੜ ਰੁਪਏ) ਦੇ ਰੱਖਿਆ ਸੌਦੇ ਦੀ ਮਨਜ਼ੂਰੀ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਚੀਨ ਦੀਪੀ ਖੇਤਰ ਤਾਇਵਾਨ ਨੂੰ ਆਪਣਾ ਮੰਨਦਾ ਹੈ। ਉਹ ਇਸ ਖੇਤਰ ‘ਤੇ ਕਬਜ਼ੇ ਲਈ ਕਈ ਵਾਰ ਹਮਲੇ ਦੀ ਧਮਕੀ ਵੀ ਦੇ ਚੁੱਕਾ ਹੈ। ਸਾਲ 1949 ਵਿਚ ਗ੍ਹਿ ਯੁੱਧ ਦੌਰਾਨ ਇਹ ਦੀਪੀ ਖੇਤਰ ਚੀਨ ਤੋਂ ਅਲੱਗ ਹੋ ਗਿਆ ਸੀ।

ਇਹ ਮਿਜ਼ਾਈਲ ਬੇਹੱਦ ਘਾਤਕ ਮੰਨੀ ਜਾਂਦੀ ਹੈ। ਹਾਰਪੂਨ ਮਿਜ਼ਾਈਲ ਜ਼ਮੀਨੀ ਟੀਚਿਆਂ ਦੇ ਨਾਲ ਹੀ ਜੰਗੀ ਬੇੜਿਆਂ ਨੂੰ ਤਬਾਹ ਕਰਨ ਦੇ ਸਮਰੱਥ ਹੈ। ਇਸ ਮਿਜ਼ਾਈਲ ਵਿਚ ਜੀਪੀਐੱਸ ਲੱਗਾ ਹੈ। ਇਸ ਨਾਲ ਇਹ ਸਹੀ ਹਮਲਾ ਕਰਦੀ ਹੈ। ਇਸ ਮਿਜ਼ਾਈਲ ਨਾਲ ਤੱਟੀ ਰੱਖਿਆ ਟਿਕਾਣਿਆਂ ਅਤੇ ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੇ ਅੱਡਿਆਂ ਦੇ ਨਾਲ ਹੀ ਬੰਦਰਗਾਹਾਂ ‘ਤੇ ਖੜ੍ਹੇ ਜੰਗੀ ਬੇੜਿਆਂ ਅਤੇ ਉਦਯੋਗਿਕ ਕੇਂਦਰਾਂ ਨੂੰ ਵੀ ਤਬਾਹ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *