ਮੱਕਾ ਜਾਣ ਵਾਲੇ ਯਾਤਰੀਆਂ ਲਈ ਖ਼ੁਸ਼ਖ਼ਬਰੀ; ਸਾਊਦੀ ਅਰਬ ਸਰਕਾਰ ਨੇ ਲਿਆ ਇਹ ਵੱਡਾ ਫ਼ੈਸਲਾ
ਰਿਆਧ (ਆਈਏਐੱਨਐੱਸ) : ਕੋਰੋਨਾ ਮਹਾਮਾਰੀ ਕਾਰਨ ਸੱਤ ਮਹੀਨੇ ਤੋਂ ਵਿਦੇਸ਼ੀ ਯਾਤਰੀਆਂ ਲਈ ਬੰਦ ‘ਉਮਰਾਹ’ (ਇਸਲਾਮਿਕ ਤੀਰਥ ਯਾਤਰੀਆਂ ਦਾ ਮੱਕਾ ਆਉਣਾ) ਨੂੰ ਸਾਊਦੀ ਅਰਬ ਨੇ ਇਜਾਜ਼ਤ ਦੇ ਦਿੱਤੀ ਹੈ। ਇੱਥੇ ਆਉਣ ਲਈ ਸਰਕਾਰ ਨੇ ਕੁਝ ਸ਼ਰਤਾਂ ਅਤੇ ਪਾਬੰਦੀਆਂ ਲਗਾਈਆਂ ਹਨ। ਉਮਰਾਹ ਦੀਆਂ ਸੇਵਾਵਾਂ ਤੀਜੇ ਪੜਾਅ ਵਿਚ ਖੋਲ੍ਹੀਆਂ ਜਾ ਰਹੀਆਂ ਹਨ। ਇਸ ਲਈ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਹਨ। ਗਾਈਡਲਾਈਨ ਮੁਤਾਬਕ ਇੱਥੇ ਆਉਣ ਵਾਲੇ ਵਿਦੇਸ਼ੀ ਤੀਰਥ ਯਾਤਰੀਆਂ ਨੂੰ ਪਹਿਲੇ ਤਿੰਨ ਦਿਨ ਕੁਆਰੰਟਾਈਨ ਕੀਤਾ ਜਾਵੇਗਾ। ਤੀਰਥ ਯਾਤਰੀ ਕੋਲ 72 ਘੰਟੇ ਤਕ ਦੀ ਪੀਸੀਆਰ ਦੀ ਨੈਗੇਟਿਵ ਟੈਸਟ ਰਿਪੋਰਟ ਹੋਣਾ ਜ਼ਰੂਰੀ ਹੈ।
ਮੀਡੀਆ ਰਿਪੋਰਟ ਅਨੁਸਾਰ ਇਹ ਫ਼ੈਸਲਾ ਮੱਕਾ ਦੀ ਵੱਡੀ ਮਸਜਿਦ ਨੂੰ 4 ਅਕਤੂਬਰ ਤੋਂ ਪਹਿਲੇ ਤੀਰਥ ਯਾਤਰੀਆਂ ਦੇ ਜੱਥੇ ਲਈ ਖੋਲ੍ਹੇ ਜਾਣ ਪਿੱਛੋਂ ਲਿਆ ਗਿਆ ਹੈ। ਸਾਊਦੀ ਅਰਬ ਦੀ ਸਰਕਾਰ ਨੇ ਮਾਰਚ ਵਿਚ ਉਮਰਾਹ ਅਤੇ ਮਸਜਿਦਾਂ ਵਿਚ ਨਮਾਜ਼ ‘ਤੇ ਰੋਕ ਲਗਾ ਦਿੱਤੀ ਸੀ। ਨਾਲ ਹੀ ਸਾਰੀਆਂ ਕੌਮਾਂਤਰੀ ਉਡਾਣਾਂ ਨੂੰ ਵੀ ਰੋਕ ਦਿੱਤਾ ਸੀ। ਕੋਰੋਨਾ ਵਾਇਰਸ ਨਾਲ ਹੁਣ ਤਕ ਸਾਊਦੀ ਅਰਬ ਵਿਚ ਕਰੀਬ ਪੰਜ ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਵਾ ਤਿੰਨ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ।