ਸਖ਼ਤ ਚੁਣੌਤੀਆਂ ਦੇ ਬਾਵਜੂਦ ਜ਼ਿਮਨੀ ਚੋਣਾਂ ਵਿੱਚ ਲਿਬਰਲ ਪਾਰਟੀ ਨੇ ਦਰਜ ਕਰਵਾਈ ਜਿੱਤ

ਓਟਵਾ, 27 ਅਕਤੂਬਰ (ਪੋਸਟ ਬਿਊਰੋ) : ਟੋਰਾਂਟੋ ਵਿੱਚ ਦੋ ਥਾਂਵਾਂ ਉੱਤੇ ਕੱਲ੍ਹ ਹੋਈਆਂ ਜ਼ਿਮਨੀ ਚੋਣਾਂ ਵਿੱਚ ਭਾਵੇਂ ਲਿਬਰਲਾਂ ਨੂੰ ਜਿੱਤ ਹਾਸਲ ਹੋ ਗਈ ਹੈ ਪਰ ਉਨ੍ਹਾਂ ਨੂੰ ਹਾਸਲ ਹੋਈਆਂ ਵੋਟਾਂ ਦੀ ਗਿਣਤੀ ਵਿੱਚ ਭਾਰੀ ਕਮੀ ਦਰਜ ਕੀਤੀ ਗਈ ਹੈ|
ਟੋਰਾਂਟੋ ਸੈਂਟਰ ਉੱਤੇ ਲਿਬਰਲ ਉਮੀਦਵਾਰ ਮਾਰਸੀ ਲੈਨ ਨੂੰ ਨਵੀਂ ਚੁਣੀ ਗਈ ਗ੍ਰੀਨ ਪਾਰਟੀ ਆਗੂ ਅਨੈਮੀ ਪਾਲ ਵੱਲੋਂ ਸਖ਼ਤ ਟੱਕਰ ਦਿੱਤੀ ਗਈ| ਇਸ ਦੌਰਾਨ ਯੌਰਕ ਸੈਂਟਰ ਤੋਂ ਵੀ ਲਿਬਰਲਾਂ ਨੂੰ ਭਾਵੇਂ ਜਿੱਤ ਹਾਸਲ ਹੋਈ ਹੈ ਪਰ ਲਿਬਰਲ ਤੇ ਕੰਜ਼ਰਵੇਟਿਵ ਉਮੀਦਵਾਰਾਂ ਦਰਮਿਆਨ ਮੁਕਾਬਲਾ ਸਖ਼ਤ ਰਿਹਾ| ਵੋਟਾਂ ਦੀ ਗਿਣਤੀ ਵਿੱਚ ਕਦੇ ਲਿਬਰਲ ਅੱਗੇ ਰਹੇ ਤੇ ਕਦੇ ਕੰਜ਼ਰਵੇਟਿਵ| ਆਖਿਰਕਾਰ ਯਾਰਾ ਸਾਕਸ ਸਿਰਫ 700 ਵੋਟਾਂ ਨਾਲ ਅੱਗੇ ਰਹੀ|
ਇਹ ਦੋਵੇਂ ਹੀ ਹਲਕੇ ਲੰਮੇਂ ਸਮੇਂ ਤੋਂ ਲਿਬਰਲਾਂ ਦਾ ਗੜ੍ਹ ਮੰਨੇ ਜਾਂਦੇ ਹਨ ਤੇ ਇੱਥੇ ਚੋਣ ਨਤੀਜੇ ਕਾਫੀ ਹੈਰਾਨ ਕਰਨ ਵਾਲੇ ਰਹੇ| ਕੰਜ਼ਰਵੇਟਿਵ ਲੀਡਰ ਐਰਿਨ ਓਟੂਲ ਨੇ ਆਖਿਆ ਕਿ ਇਹ ਨਤੀਜੇ ਦਰਸਾਉਂਦੇ ਹਨ ਕਿ ਹੁਣ ਕੈਨੇਡੀਅਨਾਂ ਦਾ ਜਸਟਿਨ ਟਰੂਡੋ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ| ਪਿਛਲੀਆਂ ਆਮ ਚੋਣਾਂ ਵਿੱਚ ਲਿਬਰਲਾਂ ਨੇ ਟੋਰਾਂਟੋ ਸੈਂਟਰ ਵਾਲੀ ਸੀਟ 57 ਫੀ ਸਦੀ ਵੋਟਾਂ ਦੇ ਫਰਕ ਨਾਲ ਜਿੱਤੀ ਸੀ ਤੇ ਯੌਰਕ ਸੈਂਟਰ ਵਾਲੀ ਸੀਟ ਉੱਤੇ 50 ਫੀ ਸਦੀ ਨਾਲ ਕਬਜਾ ਜਮਾਇਆ ਸੀ|
ਸੋਮਵਾਰ ਨੂੰ ਲੈਨ ਨੇ ਟੋਰਾਂਟੋ ਸੈਂਟਰ ਦੀ 42 ਫੀ ਸਦੀ ਵੋਟ ਹਾਸਲ ਕੀਤੀ, ਪਿਛਲੇ ਸਾਲ ਸਾਬਕਾ ਵਿੱਤ ਮੰਤਰੀ ਬਿੱਲ ਮੌਰਨਿਊ ਨੂੰ ਹਾਸਲ ਹੋਈਆਂ ਵੋਟਾਂ ਨਾਲੋਂ ਇਹ 15 ਫੀ ਸਦੀ ਘੱਟ ਸਨ| ਦੂਜੇ ਪਾਸੇ 33 ਫੀ ਸਦੀ ਵੋਟਾਂ ਹਾਸਲ ਕਰਕੇ ਪਾਲ ਦੂਜੇ ਸਥਾਨ ਉੱਤੇ ਰਹੀ ਜਦਕਿ ਆਮ ਚੋਣਾਂ ਵੇਲੇ ਉਸ ਨੂੰ ਟੋਰਾਂਟੋ ਸੈਂਟਰ ਤੋਂ ਸਿਰਫ ਸੱਤ ਫੀ ਸਦੀ ਵੋਟਾਂ ਹੀ ਹਾਸਲ ਹੋਈਆਂ ਸਨ| ਇਸ ਵਾਰੀ ਉਸ ਨੂੰ ਚੌਗੁਣਾ ਫਾਇਦਾ ਹੋਇਆ|ਜ਼ਿਕਰਯੋਗ ਹੈ ਕਿ ਗ੍ਰੀਨ ਪਾਰਟੀ ਦੀ ਨੌਮੀਨੇਸ਼ਨ ਜਿੱਤਣ ਤੋਂ ਬਾਅਦ ਪਾਲ ਨੇ ਪ੍ਰਧਾਨ ਮੰਤਰੀ ਨੂੰ ਕਰੋਨਾਵਾਇਰਸ ਦੇ ਮਾਮਲਿਆਂ ਵਿੱਚ ਹੋ ਰਹੇ ਵਾਧੇ ਤੋਂ ਬਾਅਦ ਜ਼ਿਮਨੀ ਚੋਣਾਂ ਮੁਲਤਵੀ ਕਰਲ ਦੀ ਅਪੀਲ ਕੀਤੀ ਸੀ|
ਪਿਛਲੇ ਮਹੀਨੇ ਯੌਰਕ ਸੈਂਟਰ ਤੋਂ ਲਿਬਰਲ ਐਮਪੀ ਮਾਈਕਲ ਲੈਵਿਟ ਵੱਲੋਂ ਫਰੈਂਡਜ਼ ਆਫ ਸਾਇਮਨ ਵਿਸੈਂਥਾਲ ਸੈਂਟਰ ਫੌਰ ਹੋਲੋਕਾਸਟ ਸਟੱਡੀਜ਼ ਦੇ ਸੀਈਓ ਬਣਨ ਲਈ ਐਮਪੀ ਦੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ| ਹਾਲਾਂਕਿ ਇਸ ਨੂੰ ਦੇਸ਼ ਭਰ ਵਿੱਚ ਲਿਬਰਲਾਂ ਦੀਆਂ ਸੱਭ ਤੋਂ ਸੁਰੱਖਿਅਤ ਥਾਂਵਾਂ ਵਿੱਚੋਂ ਇੱਕ ਮੰਨਿਆਂ ਜਾਂਦਾ ਸੀ ਪਰ 2011 ਵਿੱਚ ਇਹ ਯੌਰਕ ਸੈਂਟਰ ਦੀ ਸੀਟ ਕੰਜ਼ਰਵੇਟਿਵਾਂ ਦੀ ਝੋਲੀ ਜਾ ਪਈ ਪਰ 2015 ਵਿੱਚ ਲੈਵਿਟ ਨੇ ਇਸ ਉੱਤੇ ਦੁਬਾਰਾ ਕਬਜਾ ਕਰ ਲਿਆ|
ਸੋਮਵਾਰ ਨੂੰ ਵੀ ਇਸ ਸੀਟ ਤੋਂ ਮੁੱਖ ਮੁਕਾਬਲਾ ਲਿਬਰਲਾਂ ਤੇ ਕੰਜ਼ਰਵੇਟਿਵਾਂ ਦਰਮਿਆਨ ਹੀ ਰਿਹਾ| ਯਹੂਦੀ ਕਾਰਕੁੰਨ ਤੇ ਕਾਰੋਬਾਰੀ ਮਹਿਲਾ ਸਾਕਸ ਨੇ 46 ਫੀ ਸਦੀ ਵੋਟਾਂ ਹਾਸਲ ਕਰਕੇ ਲਿਬਰਲਾਂ ਨੂੰ ਜਿੱਤ ਦਿਵਾਈ ਪਰ ਲੈਵਿਟ ਦੇ ਮੁਕਾਬਲੇ ਇਸ ਵਾਰੀ ਲਿਬਰਲ ਪਾਰਟੀ ਨੂੰ ਚਾਰ ਅੰਕਾਂ ਦਾ ਘਾਟਾ ਪਿਆ| ਦੂਜੇ ਪਾਸੇ ਜੂਲੀਅਸ ਟਿਆਂਗਸਨ, ਜੋ ਕਿ ਕਾਰੋਬਾਰੀ ਤੇ ਕਾਰਕੁੰਨ ਹੈ, ਨੂੰ 42 ਫੀ ਸਦੀ ਵੋਟਾਂ ਹਾਸਲ ਹੋਈਆਂ ਤੇ ਕੰਜ਼ਰਵੇਟਿਵਾਂ ਨੂੰ ਪੰਜ ਅੰਕਾਂ ਦਾ ਫਾਇਦਾ ਹੋਇਆ|

Leave a Reply

Your email address will not be published. Required fields are marked *