ਗ਼ਦਰ ਇਤਿਹਾਸ ਤੇ ਭੱਖਦੇ ਸੁਆਲਾਂ ਨੂੰ ਮੁਖ਼ਾਤਬ ਹੋਏਗਾ 29ਵਾਂ ਮੇਲਾ ਗ਼ਦਰੀ ਬਾਬਿਆਂ ਦਾ

ਜਲੰਧਰ : ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੀ 150ਵੀਂ ਜਨਮ ਵਰ੍ਹੇਗੰਢ ਨੂੰ ਸਮਰਪਤ 29ਵਾਂ ਮੇਲਾ ਗ਼ਦਰੀ ਬਾਬਿਆਂ ਦਾ, ਇਸ ਵਾਰ ਇਕ ਨਵੰਬਰ ਸਵੇਰੇ 10 ਵਜੇ ਤੋਂ ਸ਼ਾਮ ਤਕ ਇਕ ਰੋਜ਼ਾ ਹੀ ਹੋਏਗਾ। ਮੇਲੇ ਵਾਲੇ ਦਿਨ ਦੇਸ਼ ਭਗਤ ਯਾਦਗਾਰ ਹਾਲ ਦੇ ਕੰਪਲੈਕਸ ਨੂੰ ‘ਗ਼ਦਰੀ ਬਾਬਾ ਸੋਹਨ ਸਿੰਘ ਭਕਨਾ ਨਗਰ’ ਵਜੋਂ ਸਜਾਇਆ ਜਾਵੇਗਾ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਵੇਲੇ ਦੱਸਿਆ ਕਿ ਇਕ ਨਵੰਬਰ ਸਵੇਰੇ 10 ਵਜੇ ਦੇਸ਼ ਭਗਤ ਯਾਦਗਾਰ ਹਾਲ ਵਿਚ ਹੋਣ ਵਾਲੇ ਮੇਲੇ ਵਿਚ ਝੰਡਾ ਲਹਿਰਾਉਣ ਦੀ ਰਸਮ ਗ਼ਦਰੀ ਬਾਬਾ ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੁੱਢਲੇ ਮੈਂਬਰ ਬਾਬਾ ਦੁੱਲਾ ਸਿੰਘ ਜਲਾਲਦੀਵਾਲ ਦੇ ਪੋਤਰੇ ਤੇ ਕਮੇਟੀ ਮੈਂਬਰ ਸੁਰਿੰਦਰ ਜਲਾਲਦੀਵਾਲ ਕਰਨਗੇ। ਗ਼ਦਰੀ ਬਾਬਿਆਂ ਦੇ ਮੇਲੇ ਵਿਚ ਮੁੱਖ ਬੁਲਾਰੇ ਉੱਘੇ ਨਾਟਕਕਾਰ, ਸੀਨੀਅਰ ਪੱਤਰਕਾਰ ਡਾ. ਸਵਰਾਜਬੀਰ ਤੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋ. ਅਨੂਪਮਾ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਵਾਰ ਮੇਲੇ ਵਿਚ ਫ਼ਿਰਕੂ-ਫਾਸ਼ੀ ਹੱਲੇ, ਜਮਹੂਰੀ ਹੱਕਾਂ ‘ਤੇ ਹੋ ਰਹੇ ਵਾਰ, ਬੁੱਧੀਜੀਵੀਆਂ ਉੱਪਰ ਝੂਠੇ ਕੇਸ ਮੜ੍ਹ ਕੇ ਜੇਲ੍ਹੀਂ ਡੱਕਣ ਤੇ ਕੀਤੀ ਜਾ ਰਹੀ ਜ਼ੁਬਾਨਬੰਦੀ, ਖੇਤੀ ਕਾਨੂੰਨਾਂ ਰਾਹੀਂ ਖੇਤੀ ਖੇਤਰ ਵਿਚ ਸਾਮਰਾਜੀ ਬਹੁ-ਕੌਮੀ ਕੰਪਨੀਆਂ ਦੇ ਹਵਾਲੇ ਕਰਨ ਦੇ ਹੱਲੇ ਖਿਲਾਫ਼ ਉੱਠੇ ਕਿਸਾਨੀ ਸੰਘਰਸ਼, ਦਲਿਤ ਪਰਿਵਾਰਾਂ ਦੀਆਂ ਧੀਆਂ ਦੀ ਲੁੱਟੀ ਜਾ ਰਹੀ ਆਬਰੂ, ਮਿਹਨਤਕਸ਼ਾਂ ਦੀ ਜ਼ਿੰਦਗੀ ਉੱਪਰ ਹੋ ਰਹੇ ਚੌਤਰਫ਼ੇ ਵਾਰਾਂ ਤੇ ਗ਼ਦਰ ਪਾਰਟੀ ਦੀ ਵਿਰਾਸਤ ਨੂੰ ਅੱਗੇ ਤੋਰਨ ਸਬੰਧੀ ਮੁੱਦਿਆਂ ਉੱਪਰ ਕੇਂਦਰਤ ਹੋਏਗਾ।

31 ਅਕਤੂਬਰ ਦਿਨੇ ਯਾਦਗਾਰ ਹਾਲ ਆਪਣੇ ਆਪ ਵਿਚ ਵੱਖਰੇ ਮੇਲੇ ‘ਕਿਤਾਬ ਮੇਲੇ’ ਨਾਲ ਸਜ-ਧਜ ਜਾਵੇਗਾ। ਦੋਵੇਂ ਦਿਨ ਮਹੱਤਵਪੂਰਨ ਕਿਤਾਬਾਂ ਮੇਲੇ ਵਿਚ ਮਿਲ ਸਕਣਗੀਆਂ। 31 ਅਕਤੂਬਰ ਸ਼ਾਮ 6 ਵਜੇ ਫ਼ਿਲਮ ‘ਰਾਮ ਕੇ ਨਾਮ’ ਵਿਖਾਈ ਜਾਵੇਗੀ। ਪਹਿਲੀ ਨਵੰਬਰ ਸਵੇਰੇ 10 ਵਜੇ ‘ਜੀ ਆਇਆਂ’ ਕਹਿਣਗੇ, ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ, ਕਮੇਟੀ ਮੈਂਬਰ ਸੁਰਿੰਦਰ ਜਲਾਲਦੀਵਾਲ ਵੱਲੋਂ ਝੰਡਾ ਲਹਿਰਾਉਣ ਤੇ ਅਮੋਲਕ ਸਿੰਘ ਦਾ ਲਿਖਿਆ ‘ਮਸ਼ਾਲਾਂ ਬਾਲ਼ ਕੇ ਚੱਲਣਾ…’ ਝੰਡੇ ਦਾ ਗੀਤ ਹੋਵੇਗਾ। ਪ੍ਰਧਾਨ ਅਜਮੇਰ ਸਿੰਘ ਪ੍ਰਧਾਨਗੀ ਭਾਸ਼ਣ ਦੇਣਗੇ। ਸੋਵੀਨਰ ਤੇ ਕਿਤਾਬਾਂ ਲੋਕ ਅਰਪਣ ਕੀਤੀਆਂ ਜਾਣਗੀਆਂ। ਨਾਟਕ ‘ਖੂਹ ਦੇ ਡੱਡੂ’, ਕਵੀ ਦਰਬਾਰ, ਸ਼ਾਮ ਤਕ ਖੇਡੇ ਜਾਣਗੇ। ਪੱਤਰਕਾਰਾਂ ਨਾਲ ਗੱਲਬਾਤ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਸ਼ੀਤਲ ਸਿੰਘ ਸੰਘਾ, ਖ਼ਜ਼ਾਨਚੀ ਰਣਜੀਤ ਸਿੰਘ ਔਲਖ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਚਰੰਜੀ ਲਾਲ ਕੰਗਣੀਵਾਲ, ਮੰਗਤ ਰਾਮ ਪਾਸਲਾ, ਪਰਗਟ ਸਿੰਘ ਜਾਮਾਰਾਏ ਤੇ ਦੇਵ ਰਾਜ ਨਈਅਰ ਹਾਜ਼ਰ ਸਨ।

Leave a Reply

Your email address will not be published. Required fields are marked *