ਸ਼ਵੇਤ ਮਲਿਕ ਦੇ ਘਰ ਸਾਹਮਣੇ 28ਵੇਂ ਦਿਨ ਵੀ ਧਰਨਾ ਜਾਰੀ
ਅੰਮਿ੍ਤਸਰ : ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਸਾਹਮਣੇ ਅੱਜ 28ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਧਰਨਾ ਲਗਾ ਕੇ ਬੈਠੀਆਂ ਜਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਤੇ ਅਜਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਜਤਿੰਦਰ ਸਿੰਘ ਛੀਨਾ, ਕੰਵਲਪ੍ਰਰੀਤ ਸਿੰਘ ਪੰਨੂ ਤੇ ਹਰਜੀਤ ਸਿੰਘ ਝੀਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਵੱਲੋਂ ਵਿਧਾਨ ਸਭਾ ਵਿਚ ਲਿਆਂਦੇ ਕਾਨੂੰਨ ਕਿਸਾਨਾਂ ਦਾ ਧੇਲੇ ਦਾ ਫਾਇਦਾ ਨਹੀਂ ਕਰਦੇ ਪਰ ਕਾਂਗਰਸ ਪਾਰਟੀ ਇੰਨਾ ਬੇਕਾਰ ਕਾਨੂੰਨਾਂ ਲਈ ਧੰਨਵਾਦ ਰੈਲੀਆਂ ਕਰਕੇ ਕਿਸਾਨਾਂ ਨੂੰ ਗੁਮਰਾਹ ਕਰਕੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਵਿਚ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ਵਾਲੀ ਸਭ ਤੋਂ ਪਹਿਲੀ ਪਾਰਟੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਨੇ ਪੰਜਾਬ ਵਿਚ ਨਵਾਂ ਏਪੀਐੱਮਸੀ ਕਾਨੂੰਨ ਲਿਆ ਕੇ ਅਡਾਨੀ ਦੇ ਪੰਜਾਬ ਵਿਚ ਸੀਲੋ ਬਣਾਉਣ ਦਾ ਰਾਹ ਖੋਲਿ੍ਹਆ। ਬਾਦਲਾਂ ਨੇ ਇਹ ਸੀਲੋ ਬਣਾਉਣ ਲਈ ਜ਼ਮੀਨ ਲੈ ਕੇ ਦਿੱਤੀ। ਉਨ੍ਹਾਂ ਕਿਹਾ ਕਿ ਸਾਰੀਆਂ ਹਾਕਮ ਜਮਾਤ ਪਾਰਟੀਆਂ ਵੋਟ ਰਾਜਨੀਤੀ ਕਰ ਰਹੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਇਨ੍ਹਾਂ ਪਾਰਟੀਆਂ ਨੂੰ ਮੂੰਹ ਨਾ ਲਾਉਣ।
ਇਸ ਮੌਕੇ ਕਿਸਾਨ ਆਗੂਆਂ ਬਚਿੱਤਰ ਸਿੰਘ ਕੋਟਲਾ, ਸਤਨਾਮ ਸਿੰਘ ਝੰਡੇਰ, ਮੇਜਰ ਸਿੰਘ ਕੜਿਆਲ, ਦਿਲਬਾਗ ਸਿੰਘ ਕੁਹਾਲੀ, ਗੁਰਬਚਨ ਸਿੰਘ ਘੜਕਾ, ਗੁਰਪ੍ਰਰੀਤ ਸਿੰਘ ਕੁਹਾਲੀ, ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ, ਸਵਿੰਦਰ ਸਿੰਘ ਬਾਉਲੀ, ਗੁਰਜੀਤ ਸਿੰਘ ਕੋਹਾਲੀ, ਸੂਬੇਦਾਰ ਜਗਿੰਦਰ ਸਿੰਘ ਘੁਕੇਵਾਲੀ, ਜਗਪ੍ਰਰੀਤ ਸਿੰਘ ਕੋਟਲਾ ਗੁਜਰਾਂ, ਹਰਦੇਵ ਸਿੰਘ ਵੀਰਮ, ਬਲਬੀਰ ਸਿੰਘ ਸਹਿੰਸਰਾ ਆਦਿ ਨੇ ਸੰਬੋਧਨ ਕੀਤਾ।