ਕੋਵਿਡ ਕਾਰਨ ਤਿੰਨ ਸਕੂਲ ਦੋ ਹਫਤਿਆਂ ਲਈ ਬੰਦ
ਸਰੀ, 16 ਨਵੰਬਰ (ਹਰਦਮ ਮਾਨ)-ਫਰੇਜ਼ਰ ਹੈਲਥ ਅਥਾਰਟੀ ਵੱਲੋਂ ਕੋਵਿਡ -19 ਦੇ ਕਈ ਕੇਸ ਸਾਹਮਣੈ ਆਉਣ ਉਪਰੰਤ ਤਿੰਨ ਸਕੂਲਾਂ ਨੂੰ ਦੋ ਹਫ਼ਤਿਆਂ ਲਈ ਬੰਦ ਕਰਨ ਦਾ ਐਲਾਨ ਕੀਤਾ ਹੈ ਜਿਨ੍ਹਾਂ ਵਿਚ ਇਕ ਸਕੂਲ ਸਰੀ ਸ਼ਹਿਰ ਦਾ ਹੈ, ਇਕ ਡੈਲਟਾ ਅਤੇ ਇਕ ਨਿਊ ਵੈਸਟਮਿਨਸਟਰ ਦਾ।
ਸਰੀ ਦੇ ਕੈਂਬਰਿਜ ਐਲੀਮੈਂਟਰੀ ਸਕੂਲ ਵਿਚ ਕੋਵਿੰਡ-19 ਦੇ 7 ਕੇਸ ਸਾਹਮਣੇ ਆਏ ਹਨ, ਡੈਲਟਾ ਦੇ ਜਾਰਵਿਸ ਐਲੀਮੈਂਟਰੀ ਸਕੂਲ ਵਿੱਚ 6 ਕੇਸ ਦੱਸੇ ਗਏ ਹਨ, ਜਦੋਂ ਕਿ ਨਿਊ ਵੈਸਟਮਿਨਸਟਰ ਵਿੱਚ ਅਲ-ਹਦਿਆਹ ਸਕੂਲ ਵਿਚ 8 ਕੇਸ ਪਾਏ ਗਏ ਹਨ। ਸਿਹਤ ਅਥਾਰਟੀ ਵੱਲੋਂ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਦਰਪੇਸ਼ ਚੁਣੌਤੀਆਂ ਕਾਰਨ ਹਿਨ੍ਹਾਂ ਸਕੂਲਾਂ ਨੂੰ ਦੋ ਹਫਤਿਆਂ ਲਈ ਬੰਦ ਕਰਨ ਲਈ ਕਿਹਾ ਗਿਆ ਹੈ।
ਇਸੇ ਦੌਰਾਨ ਕੈਮਬ੍ਰਿਜ ਐਲੀਮੈਂਟਰੀ ਸਕੂਲ ਲਈ ਮੁੱਢਲੀ ਸਲਾਹਕਾਰ ਪਰਿਸ਼ਦ ਦੀ ਪ੍ਰਧਾਨ ਰੋਨੀ ਸੰਘੇਡ਼ਾ ਨੇ ਹੈਲਥ ਅਥਾਰਟੀ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਨਾਲ ਬਹੁਤੇ ਬੱਚਿਆਂ ਦੇ ਮਾਪਿਆਂ ਨੂੰ ਕਾਫੀ ਰਾਹਤ ਮਿਲੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕਾਰਵਾਈ ਪਹਿਲਾਂ ਕੀਤੀ ਹੁੰਦੀ ਤਾਂ ਹੋਰ ਵੀ ਚੰਗਾ ਹੋਣਾ ਸੀ।