ਦੀਵਾਲੀ ਵਾਲੀ ਰਾਤ ਅੰਮ੍ਰਿਤਸਰ ’ਚ 14 ਥਾਵਾਂ ’ਤੇ ਅੱਗ ਲੱਗੀ

ਅੰਮ੍ਰਿਤਸਰ, 15 ਨਵੰਬਰ

ਦੀਵਾਲੀ ਦੀ ਰਾਤ  ਸ਼ਹਿਰ ਵਿੱਚ 14 ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਇਸ ਦੌਰਾਨ ਅੱਜ ਤੜਕੇ ਹਾਰਡਵੇਅਰ ਦੇ ਗੋਦਾਮ ’ਚ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਇਆ ਹੈ। ਗੋਦਾਮ ਵਿਚ ਕਈ ਤਰ੍ਹਾਂ ਦੇ ਕੈਮੀਕਲ ਵੀ ਰੱਖੇ ਹੋਏ ਸਨ ਜਿਸ ਨਾਲ ਅੱਗ ਭੜਕ ਗਈ। ਅੱਗ ’ਤੇ ਕਾਬੂ ਪਾਉਣ ਲਈ ਲਗਪਗ 70 ਤੋਂ ਵੱਧ ਪਾਣੀ ਦੇ ਵਾਹਨਾਂ ਦੀ ਵਰਤੋਂ ਕੀਤੀ ਗਈ ਹੈ। ਜ਼ਿਲ੍ਹਾ ਫਾਇਰ ਬ੍ਰਿਗੇਡ ਅਧਿਕਾਰੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ਲਈ ਭਾਰਤੀ ਹਵਾਈ ਫ਼ੌਜ ਸਣੇ ਹੋਰ ਥਾਵਾਂ ਤੋਂ ਵੀ ਅੱਗ ਬੁਝਾਊ ਸੇਵਾਵਾਂ ਦੀ ਮਦਦ ਲੈਣੀ ਪਈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਤੇ ਨੁਕਸਾਨ ਬਾਰੇ ਫ਼ਿਲਹਾਲ ਪਤਾ ਨਹੀਂ ਲੱਗਾ ਹੈ।

ਇਸ ਤੋਂ ਇਲਾਵਾ ਸਥਾਨਕ ਸਿਵਲ ਹਸਪਤਾਲ ਦੇ ਸਾਹਮਣੇ ਫਰਿੱਜ ਦੇ ਕੰਪਰੈੱਸਰਾਂ ਦੀ ਦੁਕਾਨ ’ਤੇ ਵੀ ਰਾਤ ਵੇਲੇ ਅੱਗ ਲੱਗ ਗਈ ਸੀ। ਇਸੇ ਤਰ੍ਹਾਂ ਛੇਹਰਟਾ ਦੀ ਪੁਰਾਣੀ ਚੁੰਗੀ ਨੇੜੇ ਪ੍ਰੀਤ ਵਿਹਾਰ ਸੌ ਫੁੱਟੀ ਰੋਡ ’ਤੇ ਇਕ ਫੈਕਟਰੀ, ਪਿੰਡ ਅਮਰਕੋਟ ਵਿਚ ਗੁੱਜਰਾਂ ਦੇ ਡੇਰੇ ’ਤੇ ਪਰਾਲੀ ਨੂੰ, ਝਬਾਲ ਰੋਡ ’ਤੇ ਇੰਦਰਾ ਕਲੋਨੀ ਦੇ ਗੋਦਾਮ ’ਚ, ਕੋਰਟ ਰੋਡ ’ਤੇ, ਪੁਤਲੀਘਰ ਨੇੜੇ ਲੱਕੜਾਂ ਨੂੰ, ਲਾਹੌਰੀ ਗੇਟ ਅਤੇ ਪਸ਼ੂ ਹਸਪਤਾਲ ਸਣੇ ਪਿੰਡ ਸੁਲਤਾਨਵਿੰਡ ਵਿਚ ਇਕ ਘਰ, ਕੋਟ ਮੰਗਲ ਸਿੰਘ ਵਿਚ ਦੁਕਾਨ ਵਿਚ ਵੀ ਅੱਗ ਲੱਗ ਗਈ ਸੀ।

ਬੱਲੂਆਣਾ (ਅਬੋਹਰ) (ਰਾਜਿੰਦਰ ਕੁਮਾਰ): ਕਾਟਨ ਕਾਰੋਬਾਰੀ ਨਰੇਸ਼ਪਾਲ ਬਾਂਸਲ ਦੀ ਫੈਕਟਰੀ ਬਾਂਸਲ ਇੰਡਸਟਰੀ ਵਿੱਚ ਅੱਜ ਤੜਕੇ ਅੱਗ ਲੱਗਣ ਨਾਲ ਕਰੋੜਾਂ ਰੁਪਏ ਦੇ ਨਰਮੇ ਦੀਆਂ ਗੱਠਾ ਸੜ ਕੇ ਸੁਆਹ ਹੋ ਗਈਆਂ। ਅੱਜ ਸਵੇਰੇ ਕਰੀਬ ਤਿੰਨ ਵਜੇ ਲੱਗੀ ਅੱਗ ਬਾਰੇ ਮੁਲਾਜ਼ਮਾਂ ਨੇ ਫੈਕਟਰੀ ਮਾਲਕ ਨੂੰ ਜਾਣੂ ਕਰਵਾਇਆ। ਅਬੋਹਰ ਫਾਇਰ ਸਟੇਸ਼ਨ ਦੀਆਂ ਚਾਰ ਗੱਡੀਆਂ ਨੇ ਪੰਜ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਭਾਰਤੀ ਕਪਾਹ ਨਿਗਮ (ਸੀਸੀਆਈ) ਦੇ ਉੱਚ ਅਧਿਕਾਰੀਆਂ ਦੀ ਟੀਮ ਨੇ ਸਾਰੇ ਹਾਲਾਤ ਦਾ ਜਾਇਜ਼ਾ ਲਿਆ। ਫੈਕਟਰੀ ਮਾਲਕਾਂ ਅਨੁਸਾਰ ਕਰੀਬ ਪੱਚੀ ਸੌ ਗੱਠਾਂ ਸੜ ਕੇ ਸੁਆਹ ਹੋ ਗਈਆਂ। ਸੀਸੀਆਈ ਵੱਲੋਂ ਇਕੱਤਰ ਅੰਕੜਿਆਂ ਅਨੁਸਾਰ ਦੋ ਸੌ ਗੱਠਾਂ ਬੁਰੀ ਤਰ੍ਹਾਂ ਸੜੀਆਂ ਹਨ ਜਦੋਂਕਿ ਕੁਝ ਢੇਰੀਆਂ ਵੀ ਸੜੀਆਂ ਸਨ। ਸੀਸੀਆਈ ਦਾ ਅਮਲਾ ਮਾਮਲੇ ਦੀ ਪੜਤਾਲ ਦੀ ਗੱਲ ਕਹਿ ਰਿਹਾ ਹੈ।

ਧਾਰੀਵਾਲ ’ਚ 60 ਲੱਖ ਦਾ ਫਰਨੀਚਰ ਸੜਿਆ

ਧਾਰੀਵਾਲ :ਦੀਵਾਲੀ ਵਾਲੇ ਦਿਨ ਸ਼ਹਿਰ ਦੀ ਡੱਡਵਾਂ ਸੜਕ ’ਤੇ ਸਥਿਤ ਫਰਨੀਚਰ, ਪਲਾਈਵੁੱਡ ਅਤੇ ਹਾਰਡਵੇਅਰ ਦੀ ਦੁਕਾਨ ਤੇ ਗੋਦਾਮ ਨੂੰ ਅਚਾਨਕ ਅੱਗ ਲੱਗ ਗਈ। ਇਸ ਨਾਲ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਬਾਰੇ ਸੂਚਨਾ ਮਿਲਣ ’ਤੇ ਥਾਣਾ ਧਾਰੀਵਾਲ ਦੇ ਮੁਖੀ ਸਬ ਇੰਸਪੈਕਟਰ ਮਨਜੀਤ ਸਿੰਘ ਪੁਲੀਸ ਫੋਰਸ ਸਣੇ ਪੁੱਜੇ। ਫਾਇਰ ਬ੍ਰਿਗੇਡ ਅਮਲੇ ਨੇ 7 ਗੱਡੀਆਂ ਸਣੇ ਕਰੀਬ ਪੰਜ ਘੰਟੇ ਮਗਰੋਂ ਅੱਗ ’ਤੇ ਕਾਬੂ ਪਾਇਆ। ਪੀੜਤ ਦੁਕਾਨਦਾਰ ਮਨੋਜ ਕੁਮਾਰ ਅਨੁਸਾਰ ਅੱਗ ਕਾਰਨ ਲਗਪਗ 60 ਲੱਖ ਦਾ ਨੁਕਸਾਨ ਹੋਇਆ ਹੈ।

Leave a Reply

Your email address will not be published. Required fields are marked *