ਜਾਂਚ ਕਮੇਟੀ ਨੇ ਪੀੜਤ ਬੱਚੇ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕੀਤੇ ਦਰਜ

ਬਠਿੰਡਾ: ਸਿਵਲ ਹਸਪਤਾਲ ਦੇ ਬਲੱਡ ਬੈਂਕ ਦੇ ਮੁਲਾਜ਼ਮਾਂ ਵੱਲੋਂ ਥੈਲੇਸੀਮੀਆ ਪੀੜਤ ਬੱਚੇ ਨੂੰ ਇਨਫੈਕਟਿਡ ਖ਼ੂਨ ਚੜ੍ਹਾਉਣ ਦੇ ਮਾਮਲੇ ਦੀ ਜਾਂਚ ਆਖ਼ਰ ਸ਼ੁਰੂ ਹੋ ਗਈ ਹੈ। ਇੱਥੇ ਜਾਂਚ ਕਮੇਟੀ ਨੇ ਪੀੜਤ ਬੱਚੇ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ।

ਸਿਵਲ ਹਸਪਤਾਲ ਵਿਚ ਕਲਾਸਮੇਟ ਸੈਂਪਲ ਦੀ ਜਾਂਚ ਕੀਤੀ ਗਈ ਹੈ ਤਾਂ ਜੋ ਪਤਾ ਲੱਗਾ ਕਿ ਬੱਚੇ ਨੂੰ ਚੜ੍ਹਾਇਆ ਗਿਆ ਖ਼ੂਨ ਕਿਹੋ ਜਿਹਾ ਸੀ। ਇਸ ਬੱਚੇ ਨੂੰ ਉਸ ਵਿਅਕਤੀ ਵੱਲੋਂ ਦਿੱਤਾ ਖ਼ੂਨ ਚੜ੍ਹਾਇਆ ਗਿਆ ਸੀ, ਜਿਸ ਦੇ ਖ਼ੂਨ ਦੀ ਨਿਯਮਾਂ ਮੁਤਾਬਕ ਜਾਂਚ ਨਹੀਂ ਕੀਤੀ ਗਈ ਸੀ। ਉਹ ਖ਼ੂਨਦਾਨੀ ਪਹਿਲਾਂ ਵੀ ਤਿੰਨ ਵਾਰ ਸਿਵਲ ਹਸਪਤਾਲ ਵਿਚ ਖ਼ੂਨ ਦਾਨ ਕਰ ਚੁੱਕਾ ਹੈ। ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਬਠਿੰਡਾ ਵਿਚ 7 ਨਵੰਬਰ ਨੂੰ ਥੈਲੇਸੀਮੀਆ ਪੀੜਤ ਬੱਚੇ ਨੂੰ ਇਨਫੈਕਟਿਡ ਖੂਨ ਚੜ੍ਹਾਉਣ ਦੇ ਮਾਮਲੇ ਦੀਆਂ ਤਾਰਾਂ ਅਕਤੂਬਰ ਮਹੀਨੇ ਦੇ ਇਕ ਮਾਮਲੇ ਨਾਲ ਜੋੜੀਆਂ ਜਾ ਰਹੀਆਂ ਹਨ ਤਾਂ ਜੋ ਇਸ ਵਾਰ ਅਣਗਹਿਲੀ ਕਰਨ ਵਾਲੇ ਮੁਲਾਜ਼ਮਾਂ ਨੂੰ ਬਚਾਇਆ ਜਾ ਸਕੇ।

ਪੀੜਤ ਬੱਚੇ ਦੇ ਪਰਿਵਾਰ ਨੇ ਸ਼ੰਕਾ ਪ੍ਰਗਟ ਕੀਤੀ ਹੈ ਕਿ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੇ ਮੁਲਾਜ਼ਮਾਂ ਨੇ ਖ਼ੂਨ ਬਿਨਾਂ ਚੈੱਕ ਕੀਤੇ ਉਨ੍ਹਾਂ ਦੇ ਗਿਆਰਾਂ ਸਾਲਾ ਬੱਚੇ ਨੂੰ ਖ਼ੂਨ ਚੜ੍ਹਾਇਆ ਹੈ। ਹੁਣ ਜਾਂਚ ਵਿਚ ਅਜਿਹੀਆਂ ਗੱਲਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਤਾਂ ਜੋ ਬੱਚੇ ਨੂੰ ਪਹਿਲਾਂ ਤੋਂ ਐੱਚਆਈਵੀ ਪਾਜ਼ੇਟਿਵ ਦਰਸਾਇਆ ਜਾ ਸਕੇ। ਪੀੜਤ ਪਿਤਾ ਨੂੰ ਕਿਹਾ ਕਿ ਉਨ੍ਹਾਂ ਦਾ ਬੱਚਾ ਪਹਿਲਾਂ ਐੱਚਆਈਵੀ ਪਾਜ਼ੇਟਿਵ ਨਹੀਂ ਸੀ ਜਦੋਂ ਕਿ ਸੱਤ ਨਵੰਬਰ ਨੂੰ ਇਨਫੈਕਟਿਡ ਖ਼ੂਨ ਚੜ੍ਹਾਉਣ ਤੋਂ ਬਾਅਦ ਬੱਚਾ ਐੱਚਆਈਵੀ ਪਾਜ਼ੇਟਿਵ ਹੋਇਆ ਹੈ।

ਦੂਜੇ ਪਾਸੇ ਇਹ ਚਰਚਾ ਜ਼ੋਰਾਂ ‘ਤੇ ਚੱਲ ਰਹੀ ਹੈ ਕਿ ਸਿਹਤ ਵਿਭਾਗ ਬਦਨਾਮੀ ਹੋਣ ਦੇ ਡਰੋਂ ਇਨਫੈਕਟਿਡ ਖ਼ੂਨ ਚੜ੍ਹਾਉਣ ਵਾਲੀ ਕਥਿਤ ਦੋਸ਼ੀ ਮੁਲਾਜ਼ਮਾਂ ਨੂੰ ਬਚਾਉਣ ਲਈ ਪੱਬਾਂ ਭਾਰ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਜਾਂਚ ਲਈ ਸਿਹਤ ਵਿਭਾਗ ਨੇ ਡਾਕਟਰਾਂ ਦੀ ਤਿੰਨ ਮੈਂਬਰੀ ਟੀਮ ਦਾ ਗਠਨ ਕੀਤਾ ਸੀ। ਦੂਜੇ ਪਾਸੇ ਜਾਂ ਥੈਲੇਸੀਮੀਆ ਐਸੋਸੀਏਸ਼ਨ ਦੇ ਆਗੂ ਮਹਿੰਦਰ ਸਿੰਘ ਤੇ ਪ੍ਰਵੀਨ ਕੁਮਾਰ ਨੇ ਕਿਹਾ ਕਿ ਬੱਚੇ ਨੂੰ ਇਨਫੈਕਟਿਡ ਖ਼ੂਨ ਚੜ੍ਹਾਉਣ ਦੀ ਨਿਰਪੱਖ ਜਾਂਚ ਕਰਵਾਈ ਜਾ ਰਹੀ ਹੈ।

Leave a Reply

Your email address will not be published.