ਅੰਮ੍ਰਿਤਸਰ ‘ਚ ਜੁਆਰੀਆਂ ਨੂੰ ਫੜਨ ਗਈ ਪੁਲਿਸ ਪਾਰਟੀ ‘ਤੇ ਹਮਲਾ, SI ਜ਼ਖ਼ਮੀ
ਨਵੀਨ ਰਾਜਪੂਤ, ਅੰਮਰ੍ਤਿਸਰ : ਗੇਟ ਹਕੀਮਾਂ ਥਾਣਾ ਤਹਿਤ ਪੈਂਦੇ ਮੂਲੇ ਚੱਕ ਪਿੰਡ ‘ਚ ਜੂਆ ਖੇਡੇ ਜਾਣ ਦੀ ਸੂਚਨਾ ‘ਤੇ ਛਾਪੇਮਾਰੀ ਕਰਨ ਪੁੱਜੀ ਪੁਲਿਸ ਪਾਰਟੀ ‘ਤੇ ਮੁਲਜ਼ਮਾਂ ਨੇ ਹਮਲਾ ਕਰ ਦਿੱਤਾ। ਉਨ੍ਹਾਂ ਏਨੇ ਇੱਟਾਂ-ਪੱਥਰ ਵਰ੍ਹਾਏ ਕਿ ਪੁਲਿਸ ਪਾਰਟੀ ਨੂੰ ਉੱਥੋਂ ਭੱਜਣਾ ਪਿਆ। ਇਸ ਦੌਰਾਨ ਸਬ-ਇੰਸਪੈਕਟਰ ਅਮਰਜੀਤ ਸਿੰਘ ਦੇ ਹੱਥ ‘ਤੇ ਡੂੰਘੀ ਸੱਟ ਲੱਗੀ। ਉਨ੍ਹਾਂ ਨੂੰ ਦੇਰ ਰਾਤ ਗੰਭੀਰ ਹਾਲਤ ‘ਚ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਓਧਰ, ਥਾਣਾ ਇੰਚਾਰਜ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕਰਵਾਈ ਜਾ ਰਹੀ ਹੈ। ਇਲਾਕੇ ‘ਚ ਲੱਗੇ ਸੀਸੀਟੀਵੀ ਫੁਟੇਜ ਵੀ ਖੰਗਾਲੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਗੋਰਾ ਸਿੰਘ ਤੇ ਲੱਖਾ ਸਿੰਘ ਨੂੰ ਫਿਲਹਾਲ ਨਾਮਜ਼ਦ ਕੀਤਾ ਗਿਆ ਹੈ। ਡੀਸੀਪੀ ਜਗਮੋਹਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਸਾਰੇ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
ਸਬ-ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਸੂਚਨਾ ਮਿਲੀ ਸੀ ਕਿ ਮੂਲੇ ਚੱਕ ਪਿੰਡ ‘ਚ ਕੁਝ ਲੋਕ ਜੂਆ ਖੇਡ ਰਹੇ ਹਨ। ਐੱਸਆਈ ਆਪਣੀ ਪੁਲਿਸ ਟੀਮ ਦੇ ਨਾਲ ਜੂਏ ਦੇ ਅੱਡੇ ‘ਤੇ ਛਾਪੇਮਾਰੀ ਕਰਨ ਪਹੁੰਚ ਗਏ। ਲੁਟੇਰਿਆਂ ਨੇ ਜਦੋਂ ਪੁਲਿਸ ਪਾਰਟੀ ਨੂੰ ਦੇਖਿਆ ਤਾਂ ਉਨ੍ਹਾਂ ਉੱਪਰ ਇੱਟਾਂ-ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ। ਮੁਲਜ਼ਮ ਨੇ ਲਲਕਾਰੇ ਲਗਾਏ ਤੇ ਪੱਥਰ ਚਲਾਏ। ਇਸ ਦੌਰਾਨ ਇਕ ਪੱਥਰ ਸਬ-ਇੰਸਪੈਕਟਰ ਅਮਰਜੀਤ ਸਿੰਘ ਨੂੰ ਜਾ ਲੱਗਿਆ ਤੇ ਉਹ ਜ਼ਖ਼ਮੀ ਹੋ ਗਏ। ਪੁਲਿਸ ਪਾਰਟੀ ਨੇ ਉੱਥੋਂ ਭੱਜ ਕੇ ਜਾਨ ਬਚਾਈ ਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਹੋਰ ਮੁਲਾਜ਼ਮਾਂ ਨੇ ਐੱਸਆਈ ਨੂੰ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਹੱਤਿਆ ਦਾ ਯਤਨ ਤੇ ਕੁੱਟਮਾਰ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ।