ਨਿਕਾਸੀ ਨੂੰ ਲੈ ਕੇ ਹੋਏ ਝਗਡ਼ੇ ‘ਚ ਬੇਰਹਿਮੀ ਨਾਲ ਕੁੱਟਮਾਰ ਤੋਂ ਬਾਅਦ ਨੌਜਵਾਨ ਦੀ ਮੌਤ, SSP ਦਫ਼ਤਰ ਸਾਹਮਣੇ ਲਾਸ਼ ਰੱਖ ਕੇ ਮੰਗਿਆ ਇਨਸਾਫ਼
ਬਟਾਲਾ : ਬਟਾਲਾ ਦੇ ਨਜ਼ਦੀਕੀ ਪਿੰਡ ਸਰੂਪਵਾਲੀ ਖੁਰਦ ‘ਚ ਬੀਤੀ ਰਾਤ ਹੋਏ ਝਗੜੇ ਦੌਰਾਨ ਇਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਐੱਸਐੱਸਪੀ ਬਟਾਲਾ (SSP Batala) ਦੇ ਦਫ਼ਤਰ ਸਾਹਮਣੇ ਲਾਸ਼ ਰੱਖ ਕੇ ਰੋਸ-ਮੁਜ਼ਾਹਰਾ ਕੀਤਾ।ਮ੍ਰਿਤਕ ਕੁਲਦੀਪ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਸਰੂਪਵਾਲੀ ਖੁਰਦ ਦੇ ਪਰਿਵਾਰਕ ਮੈਂਬਰਾਂ ਸੁਰਜੀਤ ਸਿੰਘ, ਦਲਬੀਰ ਸਿੰਘ ਨੇ ਕਥਿਤ ਤੌਰ ‘ਤੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਨ੍ਹਾਂ ਦਾ ਸ਼ਰੀਕੇ-ਬਰਾਦਰੀ ‘ਚ ਗੁਆਂਢੀਆਂ ਨਾਲ ਗੰਦੇ ਪਾਣੀ ਦੀ ਨਿਕਾਸੀ ਲੈ ਕੇ ਝਗੜਾ ਚੱਲਦਾ ਆ ਰਿਹਾ ਸੀ। ਬੀਤੀ ਦੀਵਾਲੀ ਦੀ ਰਾਤ ਗੁਆਂਢੀਆਂ ਨਾਲ ਹੋਏ ਝਗੜੇ ਦੌਰਾਨ ਉਨ੍ਹਾਂ ਨੇ ਕੁਲਦੀਪ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ।
ਬੀਤੀ ਰਾਤ ਫਿਰ ਗੁਆਂਢੀਆਂ ਨੇ ਆਪਣੇ ਕੁਝ ਹੋਰ ਬੰਦਿਆਂ ਨੂੰ ਨਾਲ ਲੈ ਕੇ ਉਸ ਦੀ ਮੁਡ਼ ਕੁੱਟਮਾਰ ਕੀਤੀ ਜਿਸ ਨਾਲ ਉਸ ਦੀ ਹਾਲਤ ਗੰਭੀਰ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਸ ਨੂੰ ਸਿਵਲ ਹਸਪਤਾਲ ਲੈ ਕੇ ਆਏ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਰੋਸ ‘ਚ ਪਰਿਵਾਰਕ ਮੈਂਬਰਾਂ ਨੇ ਐੱਸਐੱਸਪੀ ਬਟਾਲਾ ਦੇ ਦਫ਼ਤਰ ਸਾਹਮਣੇ ਲਾਸ਼ ਰੱਖ ਕੇ ਇਨਸਾਫ਼ ਦੀ ਮੰਗ ਕੀਤੀ।
ਥਾਣਾ ਸਦਰ ਦੇ ਐੱਸਐੱਚਓ ਸੁਖਰਾਜ ਸਿੰਘ ਨੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਦੇ ਰੋਸ ਨੂੰ ਸ਼ਾਂਤ ਕਰਦਿਆਂ ਭਰੋਸਾ ਦਿੱਤਾ ਕਿ ਮਾਮਲੇ ਦੀ ਜਾਂਚ ਕਰ ਕੇ ਪੂਰਾ ਇਨਸਾਫ਼ ਦਿੱਤਾ ਜਾਵੇਗਾ ਜਿਸ ‘ਤੇ ਪਰਿਵਾਰਕ ਮੈਂਬਰਾਂ ਨੇ ਪੋਸਟਮਾਰਟਮ ਲਈ ਸਹਿਮਤੀ ਪ੍ਰਗਟਾਈ। ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤੀ। ਇੱਥੇ ਇਹ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਮ੍ਰਿਤਕ ਦੇ ਨੌਜਵਾਨ ਨੇ ਕੁੱਟਮਾਰ ਤੋਂ ਬਾਅਦ ਨਮੋਸ਼ੀ ਨੂੰ ਲੈ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਸੀ ਜਿਸ ਨਾਲ ਉਸ ਦੀ ਮੌਤ ਹੋ ਗਈ ਹੈ।