ਨਵੀਂ ਦਿੱਲੀ: ਭਾਰਤੀ ਜਲ ਸੈਨਾ ਦੀ ਮਾਰਕ ਸਮਰੱਥਾ ਹੋਰ ਧਾਰਦਾਰ ਹੋ ਗਈ ਹੈ। ਉਸ ਨੂੰ ਅਮਰੀਕਾ ਤੋਂ ਦਰਾਮਦ ਕੀਤਾ ਆਧੁਨਿਕ ਨਿਗਰਾਨੀ ਜਹਾਜ਼ ਪੋਸੀਡਨ-8ਆਈ ਮਿਲ ਗਿਆ ਹੈ। ਜਲ ਸੈਨਾ ਨੂੰ ਇਸ ਤਰ੍ਹਾਂ ਦੇ ਕੁਲ ਚਾਰ ਜਹਾਜ਼ ਮਿਲਣੇ ਹਨ ਜਿਨ੍ਹਾਂ ਵਿੱਚੋਂ ਪਹਿਲੇ ਜਹਾਜ਼ ਨੇ ਬੁੱਧਵਾਰ ਸਵੇਰੇ ਗੋਆ ਵਿਚ ਜਲ ਸੈਨਾ ਦੇ ਹੰਸਾ ਕੇਂਦਰ ‘ਤੇ ਲੈਂਡਿੰਗ ਕੀਤੀ।ਇਸ ਜਹਾਜ਼ ‘ਚ ਬਹੁਤ ਹੀ ਆਧੁਨਿਕ ਸੈਂਸਰ ਲੱਗੇ ਹਨ ਜਿਸ ਨਾਲ ਜਲ ਸੈਨਾ ਲਈ ਸਮੁੰਦਰ ਵਿਚ ਦੁਸ਼ਮਣਾਂ ਦੀ ਹਰ ਗਤੀਵਿਧੀ ਦੀ ਨਿਗਰਾਨੀ ਕਰਨ ਦਾ ਕੰਮ ਬਹੁਤ ਆਸਾਨ ਹੋ ਜਾਵੇਗਾ। ਭਾਰਤ ਨੇ ਇਨ੍ਹਾਂ ਜਹਾਜ਼ਾਂ ਲਈ ਅਮਰੀਕਾ ਨਾਲ 1.1 ਅਰਬ ਡਾਲਰ ਦਾ ਰੱਖਿਆ ਸੌਦਾ ਕੀਤਾ ਹੈ। ਭਾਰਤ ਨੇ ਪਿਛਲੇ ਦਿਨੀਂ ਪੂਰਬੀ ਲੱਦਾਖ ਵਿਚ ਚੀਨੀ ਫ਼ੌਜ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਲਈ ਇਸੇ ਜਹਾਜ਼ ਨੂੰ ਤਾਇਨਾਤ ਕੀਤਾ ਸੀ।