ਸਰਕਾਰੀ ਸਕੂਲਾਂ ਦੇ ਡੇਢ ਸੌ ਬੱਚੇ ਕੋਰੋਨਾ ਦਾ ਸ਼ਿਕਾਰ, ਦੋ ਹਫ਼ਤਿਆਂ ਲਈ ਸਕੂਲ ਬੰਦ ਕਰਨ ਦੇ ਆਦੇਸ਼

ਚੰਡੀਗੜ੍ਹ : ਹਰਿਆਣਾ ਦੇ ਰਿਵਾੜੀ ਅਤੇ ਜੀਂਦ ਜ਼ਿਲਿ੍ਆਂ ਦੇ ਸਕੂਲਾਂ ‘ਚ ਤਕਰੀਬਨ ਡੇਢ ਸੌ ਬੱਚੇ ਅਤੇ ਇਕ ਦਰਜਨ ਅਧਿਆਪਕ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਆ ਗਈ। ਵਿਰੋਧੀ ਪਾਰਟੀਆਂ ਕਾਗਰਸ ਅਤੇ ਇਨੈਲੋ ਦੇ ਆਗੂਆਂ ਨੇ ਸਰਕਾਰ ਨੂੰ ਸਕੂਲ ਖੋਲ੍ਹਣ ਦੇ ਫ਼ੈਸਲੇ ‘ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ।

ਵਿਰੋਧੀ ਧਿਰ ਦੇ ਇਸ ਹਮਲੇ ਤੋਂ ਬਾਅਦ ਸਿੱਖਿਆ ਮੰਤਰੀ ਕੰਵਰਪਾਲ ਗੁਰਜਰ ਦਾ ਬਿਆਨ ਆਇਆ ਕਿ 14 ਹਜ਼ਾਰ ਸਕੂਲਾਂ ‘ਚ ਦੋ-ਚਾਰ ਕੇਸ ਤਾਂ ਆ ਹੀ ਜਾਂਦੇ ਹਨ। ਹਾਲੇ ਸਕੂਲ ਬੰਦ ਕਰਨ ਦਾ ਸਰਕਾਰ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਦੇ ਇਸ ਬਿਆਨ ਦੀ ਸਖ਼ਤ ਆਲੋਚਨਾ ਹੋਈ ਤਾਂ ਮੰਤਰੀ ਨੇ ਹੁਕਮ ਜਾਰੀ ਕੀਤੇ ਕਿ ਜਿਨ੍ਹਾਂ ਸਕੂਲਾਂ ‘ਚ ਕੋਰੋਨਾ ਦੇ ਕੇਸ ਆਏ ਹਨ, ਉਹ ਦੋ ਹਫ਼ਤਿਆਂ ਲਈ ਬੰਦ ਰਹਿਣਗੇ ਅਤੇ ਬਾਕੀ ਸਕੂਲਾਂ ‘ਚ ਅਹਿਤਿਆਤ ਵਰਤੀ ਜਾਵੇਗੀ।

ਸਰਕਾਰੀ ਸਕੂਲਾਂ ‘ਚ ਬੱਚਿਆਂ ਦੀ ਹਾਜ਼ਰੀ ਤਕਰੀਬਨ ਡੇਢ ਲੱਖ ਤਕ ਪਹੁੰਚ ਗਈ ਹੈ। ਸਿੱਖਿਆ ਮੰਤਰੀ ਦੇ ਪਹਿਲੇ ਬਿਆਨ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਨਿਸ਼ਾਨੇ ‘ਤੇ ਲਿਆ ਗਿਆ ਤਾਂ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨੇ ਸਰਕਾਰ ਦਾ ਬਚਾਅ ਕਰਦਿਆਂ ਮੋਰਚਾ ਸੰਭਾਲਦਿਆਂ ਕਿਹਾ ਕਿ ਅਹਿਤਿਆਤ ਲਈ ਜੋ ਵੀ ਜ਼ਰੂਰੀ ਕਦਮ ਹੋਣਗੇ, ਉਹ ਚੁੱਕੇ ਜਾਣਗੇ।

ਇਸ ਲਈ ਜ਼ਰੂਰਤ ਦੇ ਹਿਸਾਬ ਨਾਲ ਸਕੂਲ ਬੰਦ ਕਰਨ ਤਕ ਦਾ ਫ਼ੈਸਲਾ ਲਿਆ ਜਾ ਸਕਦਾ ਹੈ। ਸਿੱਖਿਆ ਮੰਤਰੀ ਦੇ ਸਕੂਲ ਬੰਦ ਕਰਨ ਸਬੰਧੀ ਬਿਆਨ ਤੋਂ ਬਾਅਦ ਸੂਬੇ ‘ਚ 228 ਪ੍ਰਾਇਮਰੀ ਅਤੇ 48 ਮਿਡਲ ਸਕੂਲ ਬੰਦ ਹੋਣਗੇ, ਜਿਨ੍ਹਾਂ ‘ਚ ਕੋਰੋਨਾ ਪਾਜ਼ੇਟਿਵ ਬੱਚੇ ਮਿਲੇ ਹਨ।

ਇਸ ਮੁੱਦੇ ‘ਤੇ ਸਰਕਾਰ ਨੂੰ ਘੇਰਦਿਆਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ ਕਿ ਮੁੱਖ ਮੰਤਰੀ ਦੱਸਣ ਕਿ ਕੋਰੋਨਾ ਦੀ ਲਾਗ ਕਿਵੇਂ ਰੁਕੇਗੀ ਅਤੇ ਸਰਕਾਰ ਦੀ ਕੀ ਨੀਤੀ ਹੈ? ਇਸੇ ਦੌਰਾਨ ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਟਵੀਟ ਕਰ ਕੇ ਕਿਹਾ ਕਿ ਕਾਂਗਰਸ ਪਾਰਟੀ ਨੇ ਸਕੂਲ ਖੋਲ੍ਹਣ ਦੇ ਫ਼ੈਸਲੇ ‘ਤੇ ਹਰਿਆਣਾ ਸਰਕਾਰ ਨੂੰ ਚੇਤੰਨ ਕੀਤਾ ਸੀ ਪਰ ਸਰਕਾਰ ਨੇ ਸਾਡੀ ਆਵਾਜ਼ ਨੂੰ ਅਣਸੁਣਿਆ ਕਰ ਦਿੱਤਾ।

Leave a Reply

Your email address will not be published. Required fields are marked *