ਲਾਹੌਰ: ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ ਮੁੰਬਈ ਅੱਤਵਾਦੀ ਹਮਲੇ ਦੇ ਮੁੱਖ ਦੋਸ਼ੀ ਤੇ ਜਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ਸਈਦ ਨੂੰ ਦੋ ਹੋਰ ਮਾਮਲਿਆਂ ਵਿਚ ਵੀਰਵਾਰ ਨੂੰ 10 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ। ਸਈਦ ਨੂੰ ਸੰਯੁਕਤ ਰਾਸ਼ਟਰ ਵੱਲੋਂ ਕੌਮਾਂਤਰੀ ਅੱਤਵਾਦੀ ਐਲਾਨਿਆ ਜਾ ਚੁੱਕਾ ਹੈ ਤੇ ਅਮਰੀਕਾ ਨੇ ਉਸ ਦੀ ਗਿ੍ਫ਼ਤਾਰੀ ਲਈ ਇਕ ਕਰੋੜ ਡਾਲਰ ਦਾ ਇਨਾਮ ਰੱਖਿਆ ਹੋਇਆ ਹੈ। ਉਸ ਨੂੰ ਪਿਛਲੇ ਸਾਲ 17 ਜੁਲਾਈ ਨੂੰ ਅੱਤਵਾਦੀਆਂ ਨੂੰ ਫੰਡਿੰਗ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤਾ ਗਿਆ ਸੀ ਤੇ ਇਸ ਸਾਲ ਫਰਵਰੀ ਮਹੀਨੇ ਵਿਚ ਉਸ ਨੂੰ ਦੋ ਮਾਮਲਿਆਂ ‘ਚ 11 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਹ ਇਸ ਸਮੇਂ ਉੱਚ ਸੁਰੱਖਿਆ ਵਾਲੀ ਕੋਟ ਲੱਖਪਤ ਜੇਲ੍ਹ ਵਿਚ ਬੰਦ ਹੈ। ਲਾਹੌਰ ਦੀ ਅੱਤਵਾਦ ਰੋਕੂ ਅਦਾਲਤ ਨੇ ਦੋ ਮਾਮਲਿਆਂ ਵਿਚ ਜਮਾਤ-ਉਦ-ਦਾਵਾ ਦੇ ਚਾਰ ਆਗੂਆਂ ਨੂੰ ਸਜ਼ਾ ਸੁਣਾਈ ਜਿਨ੍ਹਾਂ ਵਿਚ ਜਮਾਤ ਦਾ ਮੁਖੀ ਹਾਫਿਜ਼ ਸਈਦ ਵੀ ਸ਼ਾਮਲ ਹੈ। ਹਾਫਿਜ਼ ਦੇ ਦੋ ਸਹਾਇਕਾਂ ਜ਼ਫਰ ਇਕਬਾਲ ਅਤੇ ਯਾਹੀਆ ਮੁਜਾਹਿਦ ਨੂੰ ਸਾਢੇ 10-10 ਸਾਲ ਕੈਦ ਅਤੇ ਸਾਲੇ ਅਬਦੁੱਲ ਰਹਿਮਾਨ ਮੱਕੀ ਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਅੱਤਵਾਦ ਰੋਕੂ ਅਦਾਲਤ (ਏਟੀਸੀ) ਨੰਬਰ 1 ਦੇ ਜੱਜ ਅਰਸ਼ਦ ਹੁਸੈਨ ਭੁੱਟਾ ਨੇ ਕੇਸ ਨੰਬਰ 16/19 ਅਤੇ 25/19 ਤਹਿਤ ਇਹ ਸਜ਼ਾਵਾਂ ਸੁਣਾਈਆਂ ਜੋਕਿ ਅੱਤਵਾਦ ਰੋਕੂ ਅਦਾਲਤ ਨੇ ਦਾਇਰ ਕੀਤੇ ਸਨ। ਜਮਾਤ-ਉਦ-ਦਾਵਾ ਦੇ ਆਗੂਆਂ ਖ਼ਿਲਾਫ਼ ਏਟੀਸੀ ਨੇ ਕੁਲ 41 ਮਾਮਲੇ ਦਰਜ ਕਰਵਾਏ ਹਨ ਜਿਨ੍ਹਾਂ ਵਿੱਚੋਂ 24 ‘ਤੇ ਫ਼ੈਸਲਾ ਸੁਣਾਇਆ ਜਾ ਚੁੱਕਾ ਹੈ। ਸਈਦ ਖ਼ਿਲਾਫ਼ ਸਿਰਫ਼ ਚਾਰ ਮਾਮਲਿਆਂ ‘ਤੇ ਫ਼ੈਸਲਾ ਸੁਣਾਇਆ ਗਿਆ ਹੈ। ਸਈਦ ਦੀ ਅਗਵਾਈ ਵਾਲੀ ਜਮਾਤ-ਉਦ-ਦਾਵਾ ਲਸ਼ਕਰ-ਏ-ਤਾਇਬਾ ਦੀ ਮੁਢਲੀ ਸੰਸਥਾ ਹੈ ਤੇ 2008 ਦੇ ਮੁੰਬਈ ਅੱਤਵਾਦੀ ਹਮਲੇ ਦੀ ਮੁੱਖ ਦੋਸ਼ੀ ਹੈ। ਇਹ ਹਮਲੇ ਵਿਚ ਛੇ ਅਮਰੀਕੀਆਂ ਸਮੇਤ 166 ਲੋਕ ਮਾਰੇ ਗਏ ਸਨ।