ਖੇਤੀ ਕਾਨੂੰਨਾਂ ਖ਼ਿਲਾਫ਼ 26 ਨੂੰ ਦਿੱਲੀ ਜਾਮ ਕਰਨਗੇ ਕਿਸਾਨ
ਚੰਡੀਗੜ੍ਹ : Portest Against Agriculture Laws ‘ਦਿੱਲੀ ਚੱਲੋ’ ਪ੍ਰੋਗਰਾਮ ਤਹਿਤ ਦੇਸ਼ ਭਰ ਦੇ ਹਜ਼ਾਰਾਂ ਕਿਸਾਨ 26 ਨਵੰਬਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਕੂਚ ਕਰਨਗੇ ਅਤੇ ਜਿੱਥੇ ਵੀ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਰੋਕਿਆ ਗਿਆ ਉੱਥੇ ਹੀ ਉਨ੍ਹਾਂ ਵੱਲੋਂ ਅਣਮਿੱਥੇ ਸਮੇਂ ਦਾ ਮੋਰਚਾ ਸ਼ੁਰੂ ਕਰ ਦਿੱਤਾ ਜਾਵੇਗਾ।
ਸਯੁੰਕਤ ਕਿਸਾਨ ਮੋਰਚਾ ਦੇ ਬੈਨਰ ਥੱਲੇ ਦੇਸ਼ ਭਰ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਦੇ ਮੈਂਬਰ ਕਿਸਾਨ ਪੰਜ ਕੌਮੀ ਮਾਰਗਾਂ ਨੂੰ ਜਾਮ ਕਰ ਦੇਣਗੇ ਅਤੇ ਤਿੰਨ ਖੇਤੀ ਕਾਨੂੰਨ ਰੱਦ ਹੋਣ ਤਕ ਸੰਘਰਸ਼ ਜਾਰੀ ਰਹੇਗਾ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਇੱਥੇ ਮੋਰਚੇ ਦੇ ਆਗੂਆਂ ਯੋਗੇਂਦਰ ਯਾਦਵ, ਬਲਵੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਹਰਿਆਣਾ, ਹਨਨ ਮੌਲਾ, ਸ਼ਿਵ ਕੁਮਾਰ ਕਾਕਾ ਜੀ ਤੇ ਜਗਜੀਤ ਸਿੰਘ ਡੱਲੇਵਾਲ ਨੇ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।
ਬਲਵੀਰ ਸਿੰਘ ਰਾਜੇਵਾਲ ਅਤੇ ਯੋਗੇਂਦਰ ਯਾਦਵ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਿਸਾਨ ਯੂਨੀਅਨਾਂ ਵਿਚ ਐਨੀ ਵੱਡੀ ਏਕਤਾ ਹੋਈ ਹੈ ਅਤੇ ਕਿਸਾਨ ਇਤਿਹਾਸਕ ਲੜਾਈ ਲੜ੍ਹ ਰਹੇ ਹਨ। ਆਗੂਆਂ ਨੇ ਕਿਹਾ ਕਿ ਕਿਸਾਨ ਹਰ ਹਾਲਤ ਵਿਚ 26 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨਗੇ ਅਤੇ ਜਿੱਥੇ ਰੋਕਿਆ ਗਿਆ ਉੱਥੇ ਹੀ ਸ਼ਾਂਤਮਈ ਅੰਦੋਲਨ ਸ਼ੁਰੂ ਕਰ ਦੇਣਗੇ। ਯਾਦਵ ਨੇ ਦੱਸਿਆ ਕਿ ਰਾਜਧਾਨੀ ਨੂੰ ਆਉਣ ਵਾਲੇ ਪੰਜ ਕੌਮੀ ਮਾਰਗਾਂ ਅੰਮਿ੍ਤਸਰ -ਦਿੱਲੀ ਕੌਮੀ ਮਾਰਗ (ਕੁੰਡਲੀ ਬੈਰੀਅਰ), ਹਿਸਾਰ-ਦਿੱਲੀ ਹਾਈਵੇ (ਬਹਾਦਰਗੜ੍ਹ), ਜੈਪੁਰ-ਦਿੱਲੀ ਹਾਈਵੇ (ਧਾਰੂਹੇਰਾ), ਬਰੇਲੀ-ਦਿੱਲੀ ਹਾਈਵੇ (ਹਾਪੁਰ), ਆਗਰਾ-ਦਿੱਲੀ ਹਾਈਵੇ (ਬੱਲਭਗੜ੍ਹ) ਰਾਹੀਂ ਕਿਸਾਨ ਦਿੱਲੀ ਵਿਚ ਪ੍ਰਵੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਰੇਲ ਗੱਡੀਆਂ ਬੰਦ ਹੋਣ ਕਾਰਨ ਕਿਸਾਨ ਟ੍ਰੈਕਟਰ-ਟਰਾਲੀਆਂ ਰਾਹੀਂ ਦਿੱਲੀ ਜਾਣਗੇ। ਯਾਦਵ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਮੁਲਕ ਦੇ ਕਿਸਾਨਾਂ ਨੂੰ ਰਾਹ ਦਿਖਾਇਆ ਹੈ।