Coronavirus : ਰੋਪੜ ਨੇ ਕੋਰੋਨਾ ਨਾਲ ਮੌਤਾਂ ਦੇ ਮਾਮਲੇ ‘ਚ ਦੇਸ਼ ਨੂੰ ਪਿੱਛੇ ਛੱਡਿਆ, ਜ਼ਿਲ੍ਹੇ ‘ਚ ਮੌਤ ਦਰ 5.1 ਫ਼ੀਸਦੀ ਪੁੱਜੀ

ਰੂਪਨਗਰ: ਕੇਂਦਰ ਦੀ ਰਿਪੋਰਟ ਅਨੁਸਾਰ ਰੋਪੜ ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦੀ ਮੌਤ ਦਰ 5.1 ਫੀਸਦੀ ਹੋਣ ਨਾਲ ਦੇਸ਼ ਭਰ ਵਿਚ ਪਹਿਲੇ ਨੰਬਰ ‘ਤੇ ਦਰਜ ਕੀਤੀ ਗਈ ਹੈ, ਜੋ ਕਿ ਰੋਪੜ ਜ਼ਿਲ੍ਹੇ ਦੇ ਵਾਸੀਆਂ ਲਈ ਚਿੰਤਾਜਨਕ ਹੈ।

ਰੋਪੜ ਜ਼ਿਲ੍ਹੇ ਵਿਚ ਹੁਣ ਤੱਕ 136 ਮੌਤਾਂ ਕੋਰੋਨਾ ਕਾਰਨ ਹੋ ਚੁੱਕੀਆਂ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਮਾਸਕ ਲਗਾ ਕੇ ਘਰ ਤੋਂ ਬਾਹਰ ਜਾਣ ਅਤੇ ਸਮਾਜਿਕ ਦੂਰੀ ਰੱਖਣ ਦੀਆਂ ਵਾਰ ਵਾਰ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਅੱਜ ਰੂਪਨਗਰ ਜ਼ਿਲ੍ਹੇ ‘ਚ ਕੋਰੋਨਾ ਦੇ 19 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ 01 ਮਰੀਜ਼ ਤੰਦਰੁਸਤ ਹੋ ਗਿਆ ਹੈ।

ਹੁਣ ਤੱਕ ਕੋਰੋਨਾ ਐਕਟਿਵ ਮਰੀਜ਼ 134 ਹਨ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਅੱਜ ਰੋਪੜ ਵਿਖੇ 13 ਨਵੇਂ ਮਰੀਜ਼, ਸ਼੍ਰੀ ਚਮਕੌਰ ਸਾਹਿਬ ਵਿਖੇ 4 ਮਰੀਜ਼, ਨੰਗਲ ਵਿਖੇ 2 ਮਰੀਜ਼ ਨਵੇਂ ਆਏ ਹਨ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਹੁਣ ਤੱਕ ਕੁੱਲ 2702 ਕੋਰੋਨਾ ਪਾਜ਼ੇਟਿਵ ਮਰੀਜ਼ ਆ ਚੁੱਕੇ ਹਨ ਅਤੇ 2432 ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਹਨ।

1071 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ

ਡੀਸੀ ਸੋਨਾਲੀ ਗਿਰੀ ਨੇ ਦੱਸਿਆ ਕਿ ਹੁਣ ਤੱਕ ਕੁੱਲ 71083 ਸੈਂਪਲ ਲਏ ਗਏ ਹਨ। ਜਿਸ ‘ਚੋਂ 67959 ਨੈਗੇਟਿਵ ਆਏ ਹਨ, ਜਦੋਂ ਕਿ 1071 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਡੀਸੀ ਸੋਨਾਲੀ ਗਿਰੀ ਨੇ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ-19 ਦੀ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਅਤੇ ਜ਼ਰੂਰੀ ਕੰਮ ਲਈ ਹੀ ਘਰ ਤੋਂ ਬਾਹਰ ਜਾਣ ਅਤੇ ਬਿਨਾਂ ਕੰਮ ਤੋਂ ਬਾਹਰ ਨਾ ਜਾਣ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ‘ਤੇ ਕਾਬੂ ਪਾਉਣ ਲਈ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਮਾਸਕ ਲਗਾ ਕੇ ਹੀ ਘਰਾਂ ਤੋਂ ਬਾਹਰ ਜਾਣ।

Leave a Reply

Your email address will not be published. Required fields are marked *