ਸੰਘਰਸ਼ ’ਚ ਮਿਠਾਸ ਘੋਲਣਗੀਆਂ ਮਾਲਵੇ ਦੀਆਂ ਮੱਠੀਆਂ

ਭੀਖੀ, 28 ਨਵੰਬਰ – ਕਾਲੇ ਕਾਨੂੰਨਾਂ ਸਬੰਧੀ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਕਰਨ ਗਏ ਕਿਸਾਨਾਂ ਲਈ ਡੇਰਾ ਬਾਬਾ ਗੁੱਦੜ ਸ਼ਾਹ ਭੀਖੀ ਵਿੱਚ ਕੁਇੰਟਲਾਂ ਦੇ ਹਿਸਾਬ ਨਾਲ ਗੁੜ ਦੀਆਂ ਮੱਠੀਆਂ ਬਣਾਈਆਂ ਜਾ ਰਹੀਆਂ ਹਨ। ਸੰਗਤ ਵੱਲੋਂ ਵੱਡੀ ਮਾਤਰਾ ਵਿੱਚ ਤਿਆਰ ਕੀਤਾ ਲੰਗਰ ਭਲਕੇ ਨੌਜਵਾਨ ਦਿੱਲੀ ਵੱਲ ਲੈ ਕੇ ਜਾਣਗੇ।

ਡੇਰਾ ਬਾਬਾ ਗੁੱਦੜ ਸ਼ਾਹ ਯਾਦਗਾਰੀ ਕਲੱਬ ਦੇ ਅਹੁਦੇਦਾਰਾਂ ਨੇ ਕਿਹਾ ਕਿ ਇਕੱਠੀ ਕੀਤੀ ਰਸਦ ਦਿੱਲੀ ਭੇਜੀ ਜਾਵੇਗੀ। ਦਿੱਲੀ ਵੱਲ ਸੰਘਰਸ਼ ਕਰਨ ਗਏ ਕਿਸਾਨਾਂ, ਮਜ਼ਦੂਰਾਂ ਦੇ ਪਰਿਵਾਰਾਂ ਨੂੰ ਜੇ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਪਰਿਵਾਰ ਕਲੱਬ ਨਾਲ ਸੰਪਰਕ ਕਰ ਸਕਦੇ ਹਨ, ਉਨ੍ਹਾਂ ਦੀ ਪੂਰੀ ਮੱਦਦ ਕੀਤੀ ਜਾਵੇਗੀ। ਇਸ ਲੰਗਰ ਵਿੱਚ ਸੰਗਤ ਵੱਲੋਂ ਵੱਧ ਚੜ੍ਹ ਕੇ ਹਿੱਸਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਦਾਨੀ ਸੱਜਣ ਲੰਗਰ ਲਈ ਰਸਦ ਦੇਣਾ ਚਾਹੁੰਦਾ ਹੈ ਤਾਂ ਡੇਰਾ ਬਾਬਾ ਗੁੱਦੜ ਸ਼ਾਹ ਵਿਖੇ ਪਹੁੰਚ ਕਰੇ। ਜਿਹੜੇ ਪਿੰਡਾਂ ਦੇ ਨੌਜਵਾਨ ਦਿੱਲੀ ਨਹੀਂ ਗਏ, ਉਨ੍ਹਾਂ ਨੂੰ ਲੰਗਰ ਜਾਂ ਰਸਦ ਇਕੱਠੀ ਕਰ ਕੇ ਦਿੱਲੀ ਪਹੁੰਚਦੀ ਕਰਨ ਦੀ ਅਪੀਲ ਕੀਤੀ ਗਈ ਹੈ। ਲੰਗਰ ਬਣਾਉਣ ਵਾਲੀਆਂ ਬੀਬੀਆਂ ਨੇ ਕਿਹਾ ਕਿ ਉਹ ਦਿਨ ਰਾਤ ਲੰਗਰ ਬਣਾਉਣ ਲਈ ਤਿਆਰ ਹਨ। ਉਨ੍ਹਾਂ ਨੇ ਹੋਰ ਲੋਕਾਂ ਨੂੰ ਵੀ ਇਸ ਸੰਘਰਸ਼ ਵਿੱਚ ਹਿੱਸਾ ਪਾਉਣ ਲਈ ਅਪੀਲ ਕੀਤੀ। ਇਸ ਮੌਕੇ ਸੰਤ ਸਿੰਘ ਢਿੱਲੋਂ, ਕੁਲਦੀਪ ਨਿਰਮਾਣ, ਹਰਜੀਤ ਭੀਖੀ, ਅਮਰ ਸਿੰਘ ਵੈਦਵਾਨ, ਮੱਖਣ ਸਿੰਘ, ਦਰਬਾਰੋ ਕੌਰ, ਸੁਜਾਨ ਕੌਰ, ਗੁਰਵਿੰਦਰ ਕੌਰ, ਜਸਵਿੰਦਰ ਕੌਰ, ਜਸ਼ਨਪ੍ਰੀਤ ਕੌਰ, ਰਾਜਦੀਪ ਕੌਰ ਹਾਜ਼ਰ ਸਨ।

Leave a Reply

Your email address will not be published.