ਪੁਲਿਸ ਦੀ ਵਰਦੀ ‘ਚ ਮਾਡਲ ਵਾਂਗ ਫੋਟੋ ਖਿੱਚ ਕੇ ਕੀਤੀ ਸੋਸ਼ਲ ਮੀਡੀਆ ‘ਤੇ ਅਪਲੋਡ, ਹਾਈ ਕੋਰਟ ‘ਚ ਚੁਣੌਤੀ

ਚੰਡੀਗੜ੍ਹ: ਪੰਜਾਬ ਪੁਲਿਸ ਦੀ ਵਰਦੀ ਤੇ ਪੁਲਿਸ ਦੇ ਚਿੰਨ੍ਹ ਦੀ ਵਰਤੋਂ ਕਰ ਕੇ ਮਾਡਲ ਵਾਂਗ ਫੋਟੋ ਖਿਚ ਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰਨ ਵਿਰੱਧ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਦੇ ਚੀਫ ਜਸਟਿਸ ਰਵੀ ਸ਼ੰਕਰ ਝਾ ਤੇ ਜਸਟਿਸ ਅਰੁਣ ਪੱਲੀ ‘ਤੇ ਆਧਾਰਤ ਬੈਂਚ ਨੇ ਸੂਬਾ ਸਰਕਾਰ ਤੇ ਡੀਜੀਪੀ ਨੂੰ 25 ਮਾਰਚ ਲਈ ਨੋਟਿਸ ਜਾਰੀ ਕਰ ਕੇ ਜਵਾਬ ਤਲ਼ਬ ਕੀਤਾ ਹੈ।

ਇਸ ਮਾਮਲੇ ਵਿਚ ਮੋਹਾਲੀ ਵਾਸੀ ਵਕੀਲ ਨਿਖਿਲ ਸਰਾਫ ਨੇ ਆਪਣੀ ਪਟੀਸ਼ਨ ਵਿਚ ਦੋਸ਼ ਲਾਇਆ ਹੈ ਕਿ ਸੋਸ਼ਲ ਮੀਡੀਆ ‘ਤੇ ਪੰਜਾਬ ਪੁਲਿਸ ਦਾ ਨਾਂ ਤੇ ਚਿੰਨ੍ਹਾਂ ਦੀ ਵਰਤੋਂ ਕਰ ਕੇ ਫ਼ਰਜ਼ੀ ਅਕਾਉਂਟ ਬਣਾਏ ਗਏ ਹਨ। ਇਨ੍ਹਾਂ ਫ਼ਰਜ਼ੀ ਅਕਾਉਂਟਾਂ ਨੂੰ ਰੋਕਣ ਦੀ ਥਾਂ ਪੁਲਿਸ ਮੁਲਾਜ਼ਮ ਤੇ ਅਫ਼ਸਰ ਵਰਦੀ ਵਿਚ ਮਾਡਲ ਵਾਂਗ ਫੋਟੋ ਖਿਚਾ ਕੇ ਇਨ੍ਹਾਂ ਅਕਾਉਂਟਾਂ ‘ਤੇ ਸ਼ੇਅਰ ਕਰਦੇ ਹਨ। ਪਟੀਸ਼ਨਰ ਨੇ ਕਿਹਾ ਕਿ ਇਹ ਸਿੱਧੇ ਤੌਰ ‘ਤੇ ਵਰਦੀ ਦਾ ਅਪਮਾਨ ਹੈ।

ਉਸ ਨੇ ਦੱਸਿਆ ਕਿ ਹੁਣੇ ਜਿਹੇ ਰੱਖਿਆ ਮੰਤਰਾਲਾ ਨੇ ਫ਼ੌਜ ਦੇ ਜਵਾਨਾਂ ਦੇ ਸੋਸ਼ਲ ਮੀਡੀਆ ਵਰਤਣ ‘ਤੇ ਰੋਕ ਲਾਈ ਹੈ। ਇਸ ਦੇ ਨਾਲ ਹੀ ਨੀਮ-ਫ਼ੌਜੀ ਦਸਤਿਆਂ ਨੂੰ ਹਿਦਾਇਤ ਕੀਤੀ ਗਈ ਹੈ ਕਿ ਉਹ ਸੋਸ਼ਲ ਮੀਡੀਆ ‘ਤੇ ਫੋਟੋਜ਼ ਨਾ ਪਾਉਣ। ਪੰਜਾਬ ਪੁਲਿਸ ਦੇ ਅਫ਼ਸਰ ਵਰਦੀ ਦੀ ਦੁਰਵਰਤੋਂ ਰੋਕਣ ਦੀ ਬਜਾਏ ਖ਼ੁਦ ਇਹ ਕੰਮ ਕਰ ਰਹੇ ਹਨ। ਪਟੀਸ਼ਨਰ ਨੇ ਪੰਜਾਬ ਪੁਲਿਸ ਦੇ ਕੁਝ ਅਫ਼ਸਰਾਂ ਦੀਆਂ ਤਸਵੀਰਾਂ ਵੀ ਨਾਲ ਨੱਥੀ ਕੀਤੀਆਂ ਹਨ ਜਿਹੜੀਆਂ ਇਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪਾਈਆਂ ਸਨ। ਇਨ੍ਹਾਂ ਤਸਵੀਰਾਂ ਵਿਚ ਮਰਦ ਮੁਲਾਜ਼ਮ ਹੀ ਨਹੀਂ ਸਗੋਂ ਇਸਤਰੀ ਮੁਲਾਜ਼ਮਾਂ ਵੀ ਹਨ, ਜਿਨ੍ਹਾਂ ਨੇ ਪੁਲਿਸ ਦੀ ਵਰਦੀ ਪਾ ਕੇ ਮਾਡਲਾਂ ਵਾਂਗ ਫੋਟੋਜ਼ ਖਿਚਾ ਕੇ ਪਾਈਆਂ ਸਨ।

Leave a Reply

Your email address will not be published. Required fields are marked *