ਅਗਸਤਾ ਵੈਸਟਲੈਂਡ ਮਾਮਲੇ ‘ਚ ਕੋਰਟ ਦੇ ਫ਼ੈਸਲੇ ‘ਤੇ ਰੋਕ
ਨਵੀਂ ਦਿੱਲੀ (ਪੀਟੀਆਈ) : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ ਦੇ ਉਸ ਫ਼ੈਸਲੇ ‘ਤੇ ਰੋਕ ਲਾ ਦਿੱਤੀ ਜਿਸ ‘ਚ ਅਗਸਤਾ ਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਘੁਟਾਲੇ ‘ਚ ਮੁਲਜ਼ਮ ਕਾਰੋਬਾਰੀ ਰਾਜੀਵ ਸਕਸੈਨਾ ਦਾ ਸਰਕਾਰੀ ਗਵਾਹ ਦਾ ਦਰਜਾ ਰੱਦ ਕਰਨ ਸਬੰਧੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਸੀ। ਚੀਫ ਜਸਟਿਸ ਐੱਸਏ ਬੋਬਡੇ, ਜਸਟਿਸ ਏਐੱਸ ਬੋਪੰਨਾ ਤੇ ਜਸਟਿਸ ਵੀ. ਰਾਮਾਸੁਬਰਮਨੀਅਮ ਦੇ ਬੈਂਚ ਨੇ ਦਿੱਲੀ ਹਾਈ ਕੋਰਟ ਦੇ ਅੱਠ ਜੂਨ ਦੇ ਫ਼ੈਸਲੇ ਖ਼ਿਲਾਫ਼ ਈਡੀ ਦੀ ਅਪੀਲ ‘ਤੇ ਰਾਜੀਵ ਸਕਸੈਨਾ ਨੂੰ ਨੋਟਿਸ ਕਰ ਕੇ ਜਵਾਬ ਤਲਬ ਕੀਤਾ ਹੈ। ਉਦੋਂ ਤਕ ਹਾਈ ਕੋਰਟ ਦੇ ਫ਼ੈਸਲੇ ‘ਤੇ ਰੋਕ ਰਹੇਗੀ। ਅਗਸਤਾ ਵੈਸਟਲੈਂਡ ਤੋਂ 12 ਵੀਵੀਆਈਪੀ ਹੈਲੀਕਾਪਟਰਾਂ ਦੀ ਖ਼ਰੀਦ ਨਾਲ ਸਬੰਧਤ 3,600 ਕਰੋੜ ਰੁਪਏ ਦੇ ਘੁਟਾਲੇ ‘ਚ ਸਕਸੈਨਾ ਨੂੰ ਪਿਛਲੇ ਸਾਲ 31 ਜਨਵਰੀ ਨੂੰ ਦੁਬਈ ਤੋਂ ਹਵਾਲਗੀ ਕਰ ਕੇ ਲਿਆਂਦਾ ਗਿਆ ਸੀ।