ਅਨੰਤਨਾਗ ‘ਚ ਡੀਡੀਸੀ ਚੋਣ ਉਮੀਦਵਾਰ ਅਨੀਸ-ਉਲ-ਇਸਲਾਮ ‘ਤੇ ਅੱਤਵਾਦੀ ਹਮਲਾ, ਗੋਲ਼ੀ ਲੱਗਣ ਨਾਲ ਗੰਭੀਰ ਜ਼ਖਮੀ

ਜੰਮੂ : ਜੰਮੂ-ਕਸ਼ਮੀਰ ‘ਚ ਜ਼ਿਲ੍ਹਾ ਵਿਕਾਸ ਪ੍ਰੀਸ਼ਦ ਚੋਣ ਦੀ ਹੁਣ ਤਕ ਹੋਈ ਤਿੰਨ ਪੜਾਵਾਂ ‘ਚ ਬੰਪਰ ਵੋਟਿੰਗ ਤੋਂ ਪਰੇਸ਼ਾਨ ਅੱਤਵਾਦੀ ਕਿਸੇ ਵੀ ਤਰ੍ਹਾਂ ਇਸ ‘ਚ ਖਲਲ ਪਾਉਣ ਦੀ ਫਿਰਾਕ ‘ਚ ਹਨ। ਇਸ ਸਾਜ਼ਿਸ਼ ਤਹਿਤ ਅੱਤਵਾਦੀਆਂ ਨੇ ਸ਼ੁੱਕਰਵਾਰ ਨੂੰ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ‘ਚ ਜੰਮੂ-ਕਸ਼ਮੀਰ ਆਪਣੀ ਪਾਰਟੀ (ਜੇਕੇਏਪੀ) ਦੇ ਉਮੀਦਵਾਰ ਅਨੀਸ-ਉਲ-ਇਸਲਾਮ ‘ਤੇ ਹਮਲਾ ਕਰ ਦਿੱਤਾ। ਗੋਲ਼ੀ ਲੱਗਣ ਨਾਲ ਉਹ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ ਹਨ।

ਜੰਮੂ-ਕਸ਼ਮੀਰ ‘ਚ ਵਰਤਮਾਨ ‘ਚ ਜ਼ਿਲ੍ਹਾ ਵਿਕਾਸ ਪ੍ਰੀਸ਼ਦ ਦੀਆਂ ਚੋਣਾਂ ਹੋ ਰਹੀਆਂ ਹਨ। ਸ਼ੁੱਕਰਵਾਰ ਨੂੰ ਤੀਜੇ ਪੜਾਅ ਦੀ ਵੋਟਿੰਗ ਸੀ। ਅਨੀਸ-ਉਲ-ਇਸਲਾਮ ਚੋਣ ਦੌਰਾਨ ਕਾਰ ‘ਚ ਵੋਟਿੰਗ ਕੇਂਦਰ ਵੱਲ ਜਾ ਰਹੇ ਸਨ। ਇਸ ਦੌਰਾਨ ਅੱਤਵਾਦੀਆਂ ਨੇ ਕੋਕਰਨਾਗ ਦੇ ਸਗਾਮ ਇਲਾਕੇ ‘ਚ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਅੱਤਵਾਦੀਆਂ ਨੇ ਉਨ੍ਹਾਂ ‘ਤੇ ਗੋਲੀਆਂ ਵਰ੍ਹਾ ਦਿੱਤੀਆਂ ਤੇ ਫਿਰ ਫਰਾਰ ਹੋ ਗਏ। ਅਨੀਸ ਦੇ ਹੱਥ ‘ਚ ਦੋ ਗੋਲ਼ੀਆਂ ਲੱਗੀਆਂ ਹਨ। ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

ਜੰਮੂ-ਕਸ਼ਮੀਰ ਆਪਣੀ ਪਾਰਟੀ ਦੇ ਪ੍ਰਧਾਨ ਅੱਲਾਫ ਬੁਖਾਰੀ ਨੇ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਹਿੰਸਾ ਨਾਲ ਲੋਕਾਂ ਦੀਆਂ ਮੁਸ਼ਕਲਾਂ ਵੱਧਦੀਆਂ ਹਨ। ਹਮਲੇ ਦੀ ਜਾਂਚ ਦੀ ਮੰਗ ਕਰਦਿਆਂ ਉਨ੍ਹਾਂ ਨੇ ਉਮੀਦਵਾਰਾਂ ਦੀ ਸੁਰੱਖਿਆ ਵਧਾਉਣ ‘ਤੇ ਵੀ ਜ਼ੋਰ ਦਿੱਤਾ ਹੈ। ਇਸ ਵਿਚਾਲੇ, ਹਮਲੇ ਤੋਂ ਬਾਅਦ ਫ਼ੌਜ, ਪੁਲਿਸ ਤੇ ਐੱਸਓਜੀ ਤੇ ਸੀਆਰਪੀਐੱਫ ਦੇ ਜਵਾਨਾਂ ਨੇ ਸਗਾਮ ਕੋਕਰਨਾਗ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ ਹੈ।

Leave a Reply

Your email address will not be published. Required fields are marked *