ਜ਼ਿਕਰਯੋਗ ਹੈ ਕਿ ਬਰਤਾਨਵੀ ਸਰਕਾਰ ਨੇ ਬੀਤੇ ਮਾਰਚ ‘ਚ ਲੰਡਨ ਸਥਿਤ ਅੰਬੇਡਕਰ ਹਾਊਸ ਨੂੰ ਬੰਦ ਕਰਨ ਖ਼ਿਲਾਫ਼ ਦਾਇਰ ਭਾਰਤ ਦੀ ਅਪੀਲ ਨੂੰ ਮਨਜ਼ੂਰ ਕਰ ਲਿਆ ਸੀ। ਬਰਤਾਨੀਆ ਦੇ ਕਮਿਊਨਿਟੀ ਸੈਕਟਰੀ ਰਾਬਰਟ ਜੈਨਰਿਕ ਨੇ ਇਥੇ ਮਿਊਜ਼ੀਅਮ ਬਣਾਉਣ ਦੀ ਆਗਿਆ ਦੇ ਦਿੱਤੀ। ਦੱਸਣਯੋਗ ਹੈ ਕਿ ਸਥਾਨਕ ਅਥਾਰਿਟੀ ਕੈਮਡੇਨ ਕੌਂਸਲ ਨੇ ਪਿਛਲੇ ਸਾਲ ਅਗਸਤ ‘ਚ ਭਾਰਤੀ ਅਧਿਕਾਰੀਆਂ ਦੀ ਉਸ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਸੀ, ਜਿਸ ‘ਚ ਉੱਤਰੀ ਲੰਡਨ ਸਥਿਤ ਅੰਬੇਡਕਰ ਹਾਊਸ ਨੂੰ ਇਕ ਮਿਊਜ਼ੀਅਮ ‘ਚ ਤਬਦੀਲ ਕਰਨ ਦੀ ਮੰਗ ਕੀਤੀ ਗਈ ਸੀ। ਅਪੀਲ ਖ਼ਾਰਜ ਕਰਦਿਆਂ ਕੌਂਸਲ ਨੇ ਕਿਹਾ ਸੀ ਕਿ ਰਿਹਾਇਸ਼ੀ ਜਾਇਦਾਦ (ਅੰਬੇਡਕਰ ਹਾਊਸ) ਨੂੰ ਮਿਊਜ਼ੀਅਮ ‘ਚ ਤਬਦੀਲ ਨਹੀਂ ਕੀਤਾ ਜਾ ਸਕਦਾ। ਅਜਿਹਾ ਕਰਨਾ ਸਥਾਨਕ ਪਲਾਨਿੰਗ ਨਿਯਮਾਂ ਦੀ ਉਲੰਘਣਾ ਹੋਵੇਗੀ। ਇਸ ਤੋਂ ਬਾਅਦ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਬਰਤਾਨਵੀ ਸਰਕਾਰ ‘ਤੇ ਦਬਾਅ ਬਣਾਇਆ ਸੀ ਤੇ ਮਾਮਲੇ ‘ਚ ਦਖ਼ਲਅੰਦਾਜ਼ੀ ਕਰਨ ਦੀ ਮੰਗ ਕੀਤੀ ਸੀ।