ਯੂਰਪੀ ਸੰਘ ਵੱਲੋਂ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ‘ਤੇ ਜਾਰੀ ਰਹੇਗੀ ਪਾਬੰਦੀ

ਇਸਲਾਮਾਬਾਦ (ਪੀਟੀਆਈ) : ਯੂਰਪੀ ਕਮਿਸ਼ਨ ਨੇ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਪਾਇਲਟਾਂ ਨੂੰ ਲਾਇਸੈਂਸ ਜਾਰੀ ਕਰਨ ਅਤੇ ਸੁਰੱਖਿਆ ਨੂੰ ਲੈ ਕੇ ਚੁੱਕੇ ਗਏ ਕਦਮਾਂ ‘ਤੇ ਭਰੋਸਾ ਪ੍ਰਗਟ ਨਾ ਕਰਦੇ ਹੋਏ ਆਪਣੇ ਮੈਂਬਰ ਦੇਸ਼ਾਂ ਵਿਚ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਦੀਆਂ ਉਡਾਣਾਂ ‘ਤੇ ਪਾਬੰਦੀ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਨਾਲ ਹੀ ਪੀਆਈਏ ਨੂੰ ਇਨ੍ਹਾਂ ਮਾਮਲਿਆਂ ਵਿਚ ਖਾਮੀਆਂ ਦੂਰ ਕਰਨ ਨੂੰ ਕਿਹਾ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਮੀਡੀਆ ਰਿਪੋਰਟ ਵਿਚ ਦਿੱਤੀ ਗਈ ਹੈ। ਯੂਰਪੀ ਯੂਨੀਅਨ ਐਵੀਏਸ਼ਨ ਸੇਫਟੀ ਏਜੰਸੀ (ਈਏਐੱਸਏ) ਨੇ ਜੁਲਾਈ 2020 ਵਿਚ ਯੂਰਪੀ ਸੰਘ ਦੇ ਮੈਂਬਰ ਦੇਸ਼ਾਂ ਵਿਚ ਪੀਆਈਏ ਦੇ ਆਪਰੇਸ਼ਨ ਨੂੰ ਮੁਅੱਤਲ ਕਰ ਦਿੱਤਾ ਸੀ। ਇਹ ਕਾਰਵਾਈ ਪਾਕਿਸਤਾਨ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਦੇ ਸੰਸਦ ਵਿਚ ਦਿੱਤੇ ਉਸ ਬਿਆਨ ਦੇ ਬਾਅਦ ਕੀਤੀ ਗਈ ਸੀ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਇਕ-ਤਿਹਾਈ ਪਾਕਿਸਤਾਨੀ ਪਾਇਲਟਾਂ ਕੋਲ ਫ਼ਰਜ਼ੀ ਲਾਇਸੈਂਸ ਹਨ। ਮੰਤਰੀ ਦਾ ਇਹ ਬਿਆਨ 22 ਮਈ ਨੂੰ ਕਰਾਚੀ ਹਵਾਈ ਅੱਡੇ ਨੇੜੇ ਹੋਏ ਇਕ ਜਹਾਜ਼ ਹਾਦਸੇ ਪਿੱਛੋਂ ਆਇਆ ਸੀ। ਉਸ ਹਾਦਸੇ ਵਿਚ 97 ਯਾਤਰੀਆਂ ਦੀ ਮੌਤ ਹੋ ਗਈ ਸੀ। ਆਰੰਭਿਕ ਜਾਂਚ ਰਿਪੋਰਟ ਵਿਚ ਹਾਦਸੇ ਦਾ ਕਾਰਨ ਪਾਇਲਟ ਅਤੇ ਏਅਰ ਟ੍ਰੈਫਿਕ ਕੰਟਰੋਲ ਦੀ ਮਾਨਵੀ ਗ਼ਲਤੀ ਦੱਸੀ ਗਈ ਸੀ।

ਇਸ ਦੌਰਾਨ, ਪੀਆਈਏ ਦੇ ਬੁਲਾਰੇ ਨੇ ਕਿਹਾ ਹੈ ਕਿ ਏਅਰਲਾਈਨਜ਼ ਈਏਐੱਸਏ ਵੱਲੋਂ ਕਹੀਆਂ ਗਈਆਂ ਗੱਲਾਂ ਨੂੰ ਪੂਰਾ ਕਰਨ ਲਈ ਕਦਮ ਚੁੱਕ ਰਹੀ ਹੈ ਅਤੇ ਉਨ੍ਹਾਂ ਨੂੰ ਪੂਰਾ ਕਰਕੇ ਇਸ ਲਾਭਕਾਰੀ ਸੈਕਟਰ ਵਿਚ ਉਡਾਣ ਸੰਚਾਲਿਤ ਕਰਨ ਨੂੰ ਉਤਸੁਕ ਹੈ।

‘ਡਾਨ’ ਅਖ਼ਬਾਰ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਯੂਰਪੀ ਸੰਘ ਏਅਰ ਸੇਫਟੀ ਕਮੇਟੀ (ਏਐੱਸਸੀ) ਦੀ 17-18 ਨਵੰਬਰ ਨੂੰ ਬਰੱਸਲਜ਼ ਵਿਚ ਹੋਈ ਇਕ ਮੀਟਿੰਗ ਵਿਚ ਯੂਰਪੀ ਕਮਿਸ਼ਨ ਵੱਲੋਂ ਪਾਬੰਦੀਸ਼ੁਦਾ ਏਅਰਲਾਈਨਾਂ ਦੀ ਸੂਚੀ ਅਪਡੇਟ ਕੀਤੀ ਗਈ। ਹਵਾਬਾਜ਼ੀ ਅਧਿਕਾਰੀਆਂ ਨੂੰ ਭੇਜੇ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਏਐੱਸਸੀ ਦੀ ਚਰਚਾ ਵਿਚ ਪਾਕਿਸਤਾਨ ਵਿਚ ਸੁਰੱਖਿਆ ਖਾਮੀਆਂ ਨੂੰ ਲੈ ਕੇ ਚੁੱਕੇ ਗਏ ਕਦਮਾਂ ‘ਤੇ ਚਿੰਤਾ ਪ੍ਰਗਟਾਈ ਗਈ।

ਯੂਰਪੀ ਸੰਘ ਮੁਤਾਬਕ ਨਾ ਸਿਰਫ਼ ਪਾਇਲਟਾਂ ਨੂੰ ਲਾਇਸੈਂਸ ਜਾਰੀ ਕੀਤੇ ਜਾਣ ਦੀਆਂ ਪ੍ਰਕਿਰਿਆਵਾਂ ਸਗੋਂ ਸੁਰੱਖਿਆ ਪ੍ਰਬੰਧਨ ਤੰਤਰ ਅਤੇ ਘਟਨਾਵਾਂ ਦੀ ਰਿਪੋਰਟਿੰਗ ਪ੍ਰਣਾਲੀ ਦੀਆਂ ਖਾਮੀਆਂ ਨੂੰ ਲੈ ਕੇ ਵੀ ਸੁਰੱਖਿਆ ਸਬੰਧੀ ਚਿੰਤਾਵਾਂ ਬਣੀਆਂ ਹੋਈਆਂ ਹਨ। ਈਏਐੱਸਏ ਨੇ ਕਿਹਾ ਹੈ ਕਿ ਇਸ ਦੇ ਮੱਦੇਨਜ਼ਰ ਇਹ ਤੈਅ ਕੀਤਾ ਗਿਆ ਹੈ ਕਿ ਪਾਬੰਦੀ ਵਾਲੀ ਸੂਚੀ ਵਿਚ ਪਾਕਿਸਤਾਨ ਦੀ ਸਥਿਤੀ ਵਿਚ ਕੋਈ ਬਦਲਾਅ ਨਾ ਕੀਤਾ ਜਾਵੇ। ਪਾਕਿਸਤਾਨ ਦੀ ਸਿਵਲ ਐਵੀਏਸ਼ਨ ਅਥਾਰਟੀ ਨੂੰ ਕਿਹਾ ਗਿਆ ਹੈ ਕਿ ਉਹ ਸੁਰੱਖਿਆ ਮਾਮਲਿਆਂ ਵਿਚ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਦੇ ਬਾਰੇ ਵਿਚ ਯੂਰਪੀ ਕਮਿਸ਼ਨ ਨੂੰ ਸੂਚਿਤ ਕਰਦਾ ਰਹੇ।

Leave a Reply

Your email address will not be published. Required fields are marked *