ਪਹਿਲੇ 100 ਦਿਨ ਲੋਕਾਂ ਨੂੰ ਮਾਸਕ ਪਾਉਣ ਨੂੰ ਕਹਿਣਗੇ ਬਾਇਡਨ
ਵਾਸ਼ਿੰਗਟਨ (ਏਜੰਸੀਆਂ) : ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੇ ਵੀਰਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਦਾ ਕੰਮਕਾਜ ਸੰਭਾਲਣ ਪਿੱਛੋਂ ਉਹ ਸਭ ਤੋਂ ਪਹਿਲਾਂ ਦੇਸ਼ਵਾਸੀਆਂ ਨੂੰ 100 ਦਿਨਾਂ ਤਕ ਮਾਸਕ ਪਾਉਣ ਦੀ ਅਪੀਲ ਕਰਨਗੇ। ਉਨ੍ਹਾਂ ਦੇ ਇਸ ਕਦਮ ਨੂੰ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ ਕਿਉਂਕਿ ਡੋਨਾਲਡ ਟਰੰਪ ਨੇ ਕੋਰੋਨਾ ਦੀ ਰੋਕਥਾਮ ਲਈ ਮਾਸਕ ਪਾਉਣ ਦੇ ਉਪਾਅ ਨੂੰ ਕਦੀ ਵੀ ਬਹੁਤੀ ਤਰਜੀਹ ਨਹੀਂ ਦਿੱਤੀ। ਦੱਸਣਯੋਗ ਹੈ ਕਿ ਕਈ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਮਾਸਕ ਪਾਉਣਾ ਇਸ ਮਹਾਮਾਰੀ ‘ਤੇ ਕਾਬੂ ਪਾਉਣ ਦਾ ਬੇਹੱਦ ਕਾਰਗਰ ਤਰੀਕਾ ਹੈ। ਇਨਫੈਕਸ਼ਨ ਨਾਲ ਹੁਣ ਤਕ ਅਮਰੀਕਾ ਵਿਚ ਪੌਣੇ ਤਿੰਨ ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਬਾਇਡਨ ਮਾਸਕ ਪਾਉਣ ਦੇ ਮੁੱਖ ਸਮੱਰਥਕ ਰਹੇ ਹਨ ਅਤੇ ਉਨ੍ਹਾਂ ਨੇ ਇਸ ਨੂੰ ਦੇਸ਼-ਭਗਤੀ ਪ੍ਰਗਟਾਉਣ ਦਾ ਇਕ ਤਰੀਕਾ ਦੱਸਿਆ ਹੈ। ਚੋਣ ਪ੍ਰਚਾਰ ਦੌਰਾਨ ਵੀ ਬਾਇਡਨ ਨੇ ਇਸ ਦਾ ਵੱਧ ਚੜ੍ਹ ਕੇ ਸਮਰਥਨ ਕੀਤਾ। ‘ਸੀਐੱਨਐੱਨ’ ਦੇ ਜੈਕ ਟੈਪਰ ਨਾਲ ਗੱਲ ਕਰਦੇ ਹੋਏ ਬਾਇਡਨ ਨੇ ਕਿਹਾ ਕਿ ਉਹ ਅਗਲੇ ਸਾਲ 20 ਜਨਵਰੀ ਨੂੰ ਅਹੁਦਾ ਸੰਭਾਲਣ ਦੇ ਨਾਲ ਹੀ ਅਮਰੀਕਾ ਦੇ ਲੋਕਾਂ ਨੂੰ 100 ਦਿਨਾਂ ਤਕ ਮਾਸਕ ਪਾਉਣ ਦੀ ਅਪੀਲ ਕਰਨਗੇ। ਉਨ੍ਹਾਂ ਕਿਹਾ ਕਿ ਕਾਰਜਭਾਰ ਸੰਭਾਲਣ ਦੇ ਪਹਿਲੇ ਦਿਨ ਲੋਕਾਂ ਨੂੰ ਅਪੀਲ ਕਰਾਂਗਾ ਕਿ ਉਹ 100 ਦਿਨਾਂ ਤਕ ਮਾਸਕ ਪਾਉਣ। ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਮੈਨੂੰ ਲੱਗਦਾ ਹੈ ਕਿ ਇਸ ‘ਤੇ ਜ਼ੋਰ ਦੇਣਾ ਜ਼ਰੂਰੀ ਹੈ।
ਹਾਊਸ ਫਾਰੇਨ ਅਫੇਅਰਸ ਕਮੇਟੀ ਦੇ ਪ੍ਰਧਾਨ ਹੋਣਗੇ ਗ੍ਰੇਗਰੀ
ਅਮਰੀਕੀ ਐੱਮਪੀ ਗ੍ਰੇਗਰੀ ਮੀਕਸ ਨੂੰ ਵੀਰਵਾਰ ਨੂੰ ਸ਼ਕਤੀਸ਼ਾਲੀ ‘ਹਾਊਸ ਫਾਰੇਨ ਅਫੇਅਰਸ ਕਮੇਟੀ’ ਦੇ ਅਗਲੇ ਪ੍ਰਧਾਨ ਦੇ ਰੂਪ ਵਿਚ ਨਾਮਜ਼ਦ ਕੀਤਾ ਗਿਆ। ਦੇਸ਼ ਦੀ ਵਿਦੇਸ਼ ਨੀਤੀ ਨੂੰ ਆਕਾਰ ਦੇਣ ਵਿਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣ ਵਾਲੇ ਸੰਸਦ ਦੇ ਇਸ ਪੈਨਲ ਦੀ ਅਗਵਾਈ ਕਰਨ ਵਾਲੇ ਉਹ ਪਹਿਲੇ ਅਫਰੀਕੀ ਮੂਲ ਦੇ ਅਮਰੀਕੀ ਹੋਣਗੇ। ਮੀਕਸ, ਸਾਥੀ ਡੈਮੋਕ੍ਰੇਟਿਕ ਐੱਮਪੀ ਇਲੀਅਟ ਏਂਜਲ ਦੀ ਥਾਂ ਲੈਣਗੇ। ਮੀਕਸ ਨੇ ਕਿਹਾ ਕਿ ਆਗਾਮੀ ਸੰਸਦ ਦੇ ਅਧੀਨ ਕਮੇਟੀ, ਅਮਰੀਕੀ ਵਿਦੇਸ਼ ਨੀਤੀ ਵਿਚ ਇਕ ਇਤਿਹਾਸਕ ਬਦਲਾਅ ਲਿਆਏਗੀ। ਸਾਡੇ ਸਾਹਮਣੇ ਕੰਮ ਦੀ ਕੋਈ ਕਮੀ ਨਹੀਂ ਹੈ। ਸਾਨੂੰ ਨਾ ਕੇਵਲ ਇਕ ਅਜਿਹੀ ਦੁਨੀਆ ਨਾਲ ਫਿਰ ਤੋਂ ਜੁੜਨ ਦੀ ਲੋੜ ਹੋਵੇਗੀ ਜਿਸ ਨੇ ਅਮਰੀਕੀ ਵਿਸ਼ਵ ਲੀਡਰਸ਼ਿਪ ਦੀ ਗ਼ੈਰ-ਮੌਜੂਦਗੀ ਨੂੰ ਮਹਿਸੂਸ ਕੀਤਾ ਹੈ ਸਗੋਂ ਸਾਨੂੰ ਵਿਦੇਸ਼ ਨੀਤੀ ਦੇ ਪ੍ਰੰਪਰਿਕ ਦਿ੍ਸ਼ਟੀਕੋਣ ‘ਤੇ ਵੀ ਪੁਨਰਵਿਚਾਰ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਾਧਾਰਨ ਸਥਿਤੀ ਵਿਚ ਪਰਤਣਾ ਨਹੀਂ ਸਗੋਂ ਕੰਮ ਕਰਨ ਦੇ ਇਕ ਨਵੇਂ ਤਰੀਕੇ ਵੱਲ ਵੱਧਣਾ ਹੋਵੇਗਾ। ਅਸੀਂ ਆਪਣੇ ਦਾਇਰੇ ਵੱਡੇ ਕਰਾਂਗੇ ਅਤੇ ਦੁਨੀਆ ਦੇ ਉਨ੍ਹਾਂ ਹਿੱਸਿਆਂ ਨਾਲ ਸੰਪਰਕ ਕਰਾਂਗੇ ਜਿਨ੍ਹਾਂ ਦੀ ਅਸੀਂ ਇਤਿਹਾਸਕ ਰੂਪ ਤੋਂ ਅਣਦੇਖੀ ਕੀਤੀ ਹੈ।
ਜਨਤਕ ਤੌਰ ‘ਤੇ ਕੋਰੋਨਾ ਦੀ ਵੈਕਸੀਨ ਲੈਣਗੇ ਬਾਇਡਨ
ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਉਹ ਜਨਤਕ ਤੌਰ ‘ਤੇ ਕੋਰੋਨਾ ਦੀ ਵੈਕਸੀਨ ਲੈਣਗੇ ਤਾਂਕਿ ਲੋਕਾਂ ਵਿਚ ਇਸ ਦੀ ਸੁਰੱਖਿਆ ਨੂੰ ਲੈ ਕੇ ਵਿਸ਼ਵਾਸ ਪੈਦਾ ਹੋ ਸਕੇ। ਸੀਐੱਨਐੱਨ ਨੂੰ ਦਿੱਤੇ ਇੰਟਰਵਿਊ ਵਿਚ ਬਾਇਡਨ ਨੇ ਕਿਹਾ ਕਿ ਲੋਕਾਂ ਨੂੰ ਵੈਕਸੀਨ ਦੀ ਗੁਣਵੱਤਾ ਨੂੰ ਲੈ ਕੇ ਵਿਸ਼ਵਾਸ ਨਹੀਂ ਹੈ। ਉਨ੍ਹਾਂ ਨੂੰ ਇਹ ਲੱਗਦਾ ਹੈ ਕਿ ਇਹ ਕੰਮ ਨਹੀਂ ਕਰੇਗੀ। ਉਧਰ, ਬਾਇਡਨ ਨੇ ਦੇਸ਼ ਦੇ ਸਭ ਤੋਂ ਵੱਡੇ ਇਨਫੈਕਸ਼ਨ ਰੋਗ ਮਾਹਿਰ ਡਾ. ਐਂਥਨੀ ਫਾਸੀ ਨੂੰ ਮੁੱਖ ਡਾਕਟਰ ਸਲਾਹਕਾਰ ਦੇ ਅਹੁਦੇ ‘ਤੇ ਬਰਕਰਾਰ ਰੱਖਣ ਦਾ ਫ਼ੈਸਲਾ ਲਿਆ ਹੈ। ਡਾ. ਫਾਸੀ ਕੋਰੋਨਾ ਸਲਾਹਕਾਰ ਟੀਮ ਦੇ ਮੈਂਬਰ ਵੀ ਬਣੇ ਰਹਿਣਗੇ। ਡਾ. ਫਾਸੀ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇੰਫੈਕਸ਼ਨਜ਼ ਡਿਜ਼ੀਜ਼ ਦੇ ਡਾਇਰੈਕਟਰ ਹਨ।
ਬਾਇਡਨ ਨੇ ਬਿ੍ਯਾਨ ਡੀਜੇ ਨੂੰ ਬਣਾਇਆ ਆਰਥਿਕ ਸਲਾਹਕਾਰ
ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੇ ਬਿ੍ਯਾਨ ਡੀਜੇ ਨੂੰ ਆਪਣਾ ਚੋਟੀ ਦਾ ਆਰਥਿਕ ਸਲਾਹਕਾਰ ਬਣਾਉਣ ਦਾ ਫ਼ੈਸਲਾ ਕੀਤਾ ਹੈ। 42 ਸਾਲਾਂ ਦੇ ਬਿ੍ਯਾਨ ਰਾਸ਼ਟਰੀ ਆਰਥਿਕ ਪ੍ਰਰੀਸ਼ਦ ਦੇ ਪ੍ਰਮੁੱਖ ਦਾ ਅਹੁਦਾ ਸੰਭਾਲਣ ਵਾਲੇ ਸਭ ਤੋਂ ਨੌਜਵਾਨ ਵਿਅਕਤੀ ਹੋਣਗੇ। ਉਨ੍ਹਾਂ ਦੀ ਨਿਯੁਕਤੀ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਅਮਰੀਕੀ ਅਰਥਚਾਰੇ ਨੂੰ ਫਿਰ ਤੋਂ ਪਟੜੀ ‘ਤੇ ਲਿਆਉਣ ਦੀ ਦਿਸ਼ਾ ਵਿਚ ਬਾਇਡਨ ਦਾ ਮੁੱਖ ਫੋਕਸ ਪੌਣਪਾਣੀ ਪਰਿਵਰਤਨ ‘ਤੇ ਹੋਵੇਗਾ। ਦੱਸਣਯੋਗ ਹੈ ਕਿ ਬਿ੍ਯਾਨ ਨੇ ਆਟੋ ਇੰਡਸਟਰੀਜ਼ ਨੂੰ ਬੇਲਆਊਟ ਪੈਕੇਜ ਦੇਣ ਵਿਚ ਨਾ ਕੇਵਲ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਮਦਦ ਕੀਤੀ ਸੀ ਸਗੋਂ ਪੈਰਿਸ ਸਮਝੌਤੇ ਦੀ ਵਾਰਤਾ ਨੂੰ ਅੰਜਾਮ ਤਕ ਪਹੁੰਚਾਇਆ ਸੀ।