ਫੇਸਬੁੱਕ ‘ਤੇ ਮੁਕੱਦਮਾ ਦਰਜ, ਅਮਰੀਕੀ ਲੋਕਾਂ ਨਾਲ ਭੇਦਭਾਵ ਕਰਨ ਤੇ ਐੱਚ-1ਬੀ ਵੀਜ਼ਾ ਧਾਰਕਾਂ ਦਾ ਪੱਖ ਲੈਣ ਦੇ ਦੋਸ਼

ਵਾਸ਼ਿੰਗਟਨ: ਅਮਰੀਕੀ ਸਰਕਾਰ ਨੇ ਦਿੱਗਜ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਖ਼ਿਲਾਫ਼ ਮੁਕੱਦਮਾ ਦਰਜ ਕਰਵਾਇਆ ਹੈ। ਟਰੰਪ ਪ੍ਰਸ਼ਾਸਨ ਨੇ ਕੰਪਨੀ ‘ਤੇ ਉੱਚ ਵੇਤਨ ਵਾਲੀਆਂ ਨੌਕਰੀਆਂ ਵਿਚ ਅਮਰੀਕੀ ਲੋਕਾਂ ਨਾਲ ਭੇਦਭਾਵ ਕਰਨ ਅਤੇ ਐੱਚ-1ਬੀ ਵੀਜ਼ਾ ਧਾਰਕਾਂ ਦਾ ਪੱਖ ਲੈਣ ਦੇ ਦੋਸ਼ ਲਗਾਏ ਹਨ। ਸਰਕਾਰ ਦਾ ਕਹਿਣਾ ਹੈ ਕਿ ਕੰਪਨੀ ਅਪਰਵਾਸੀ ਕਿਰਤੀਆਂ ਦੀ ਮਦਦ ਕਰ ਕੇ ਉਨ੍ਹਾਂ ਨੂੰ ਉੱਚ ਤਨਖ਼ਾਹ ‘ਤੇ ਰੱਖਦੀ ਹੈ ਜਦਕਿ ਅਮਰੀਕੀ ਲੋਕਾਂ ਨੂੰ ਮੌਕਾ ਮੁਹੱਈਆ ਨਹੀਂ ਕਰਵਾਉਂਦੀ ਹੈ। ਅਮਰੀਕੀ ਨਿਆਂ ਵਿਭਾਗ ਦੇ ਮੁੱਕਦਮੇ ਨੇ ਤਕਨੀਕੀ ਕੰਪਨੀਆਂ ਖ਼ਿਲਾਫ਼ ਇਕ ਨਵਾਂ ਮੋਰਚਾ ਖੋਲ੍ਹ ਦਿੱਤਾ ਹੈ। ਇਸ ਕਾਰਵਾਈ ਨੂੰ ਰਾਸ਼ਟਰਪਤੀ ਟਰੰਪ ਦੀ ਇਮੀਗ੍ਰੇਸ਼ਨ ਨੀਤੀ ਦੇ ਇਕ ਹਿੱਸੇ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਮੁਕੱਦਮੇ ਵਿਚ ਦੋਸ਼ ਲਗਾਇਆ ਗਿਆ ਹੈ ਕਿ ਫੇਸਬੁੱਕ ਨੇ ਜਨਵਰੀ, 2018 ਤੋਂ ਲੈ ਕੇ ਸਤੰਬਰ 2019 ਤਕ ਕੁਲ 2,600 ਲੋਕਾਂ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਜਿਨ੍ਹਾਂ ਦੀ ਅੌਸਤ ਤਨਖ਼ਾਹ 1.56 ਲੱਖ ਡਾਲਰ ਹੈ। ਨਿਆਂ ਵਿਭਾਗ ਦੇ ਨਾਗਰਿਕ ਅਧਿਕਾਰ ਵਿੰਗ ਦੇ ਸਹਾਇਕ ਅਟਾਰਨੀ ਜਨਰਲ ਏਰਿਕ ਡੂਰੀਬੈਂਡ ਨੇ ਦੋਸ਼ਾਂ ਨੂੰ ਜਨਤਕ ਕਰਨ ਵਾਲੇ ਇਕ ਅਧਿਕਾਰਤ ਬਿਆਨ ਵਿਚ ਕਿਹਾ ਕਿ ਫੇਸਬੁੱਕ ਇੱਛੁਕ ਅਤੇ ਯੋਗ ਅਮਰੀਕੀ ਕਾਮਿਆਂ ‘ਤੇ ਵਿਚਾਰ ਕਰਨ ਦੀ ਥਾਂ ਅਸਥਾਈ ਵੀਜ਼ਾ ਧਾਰਕਾਂ ਲਈ ਅਲੱਗ-ਅਲੱਗ ਸਥਾਨ ਨਿਰਧਾਰਤ ਕਰਕੇ ਜਾਣ ਬੁੱਝ ਕੇ ਭੇਦਭਾਵ ਕਰ ਰਿਹਾ ਹੈ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਕਾਨੂੰਨ ਦੇ ਉਲੰਘਣ ਵਿਚ ਲੱਗਾ ਹੈ। ਨਿਆਂ ਵਿਭਾਗ ਦੇ ਅਧਿਕਾਰੀ ਨੇ ਦੋਸ਼ ਲਗਾਇਆ ਹੈ ਕਿ ਫੇਸਬੁੱਕ ਨੇ ਐੱਚ-1ਬੀ ਵੀਜ਼ਾ ਧਾਰਕ ‘ਕੁਸ਼ਲ ਕਾਮੇ’ ਜਾਂ ਹੋਰ ਅਸਥਾਈ ਵੀਜ਼ਾ ਧਾਰਕ ਵਾਲੇ ਉਮੀਦਵਾਰਾਂ ਲਈ ਅਹੁਦਿਆਂ ਨੂੰ ਰਾਖਵਾਂ ਕਰ ਰੱਖਿਆ ਹੈ। ਦੋਸ਼ ਵਿਚ ਇਹ ਵੀ ਕਿਹਾ ਗਿਆ ਹੈ ਕਿ ਫੇਸਬੁੱਕ ਆਪਣੀ ਵੈੱਬਸਾਈਟ ‘ਤੇ ਖ਼ਾਲੀ ਅਸਾਮੀਆਂ ਦੀ ਸੂਚਨਾ ਦਿੱਤੇ ਬਿਨਾਂ ਸਿੱਧੇ ਵੀਜ਼ਾ ਧਾਰਕਾਂ ਨੂੰ ਨੌਕਰੀ ਦੇਣ ਦੀ ਪੇਸ਼ਕਸ਼ ਕਰਦਾ ਹੈ।

Leave a Reply

Your email address will not be published. Required fields are marked *