ਲਿਬਰਲਾਂ ਵੱਲੋਂ ਪਾਰਦਰਸ਼ਤਾ ਦੀ ਘਾਟ ਕਾਰਨ ਵੈਕਸੀਨ ਨੂੰ ਲੈ ਕੇ ਭੰਬਲਭੂਸੇ ਵਿੱਚ ਹਨ ਕੈਨੇਡੀਅਨ : ਓਟੂਲ

ਓਟਵਾ: ਇੱਕ ਪਾਸੇ ਪਬਲਿਕ ਹੈਲਥ ਅਧਿਕਾਰੀ ਕੋਵਿਡ-19 ਵੈਕਸੀਨ ਦੇ ਸਬੰਧ ਵਿੱਚ ਗਲਤ ਜਾਣਕਾਰੀ ਨਾਲ ਸਿੱਝਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਦੂਜੇ ਪਾਸੇ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਲਿਬਰਲਾਂ ਵੱਲੋਂ ਪਾਰਦਰਸ਼ਤਾ ਦੀ ਘਾਟ ਕਾਰਨ ਕੁੱਝ ਕੈਨੇਡੀਅਨ ਕਰੋਨਾਵਾਇਰਸ ਸਬੰਧੀ ਇਮਿਊਨਾਈਜ਼ੇਸ਼ਨ ਨੂੰ ਲੈ ਕੇ ਡਰੇ ਹੋਏ ਹਨ|
ਪਾਰਲੀਆਮੈਂਟ ਹਿੱਲ ਉੱਤੇ ਪ੍ਰੈੱਸ ਕਾਨਫਰੰਸ ਦੌਰਾਨ ਓਟੂਲ ਨੇ ਆਖਿਆ ਕਿ ਕਈ ਤਰ੍ਹਾਂ ਦੇ ਸਵਾਲਾਂ ਤੇ ਕੈਨੇਡਾ ਦੇ ਵੈਕਸੀਨ ਪਲੈਨ ਨਾਲ ਜੁੜੀ ਅਨਿਸ਼ਚਿਤਤਾ ਕਾਰਨ ਹੀ ਕਈ ਲੋਕ ਵੈਕਸੀਨ ਦੇ ਪਿੱਛੇ ਦੀ ਸਾਇੰਸ ਉੱਤੇ ਸ਼ੱਕ ਕਰ ਰਹੇ ਹਨ| ਉਨ੍ਹਾਂ ਆਖਿਆ ਕਿ ਇਸ ਸਬੰਧ ਵਿੱਚ ਜੇ ਯੋਜਨਾ ਸਪਸ਼ਟ ਕੀਤੀ ਜਾਵੇ ਤਾਂ ਉਸ ਨਾਲ ਵੈਕਸੀਨਜ਼ ਪਿਛਲੀ ਖੋਜ ਤੇ ਉਨ੍ਹਾਂ ਨੂੰ ਮਨਜ਼ੂਰੀ ਮਿਲਣ ਦੀ ਕਵਾਇਦ ਬਾਰੇ ਕੈਨੇਡੀਅਨਾਂ ਨੂੰ ਸਿੱਖਿਅਤ ਕਰਨ ਵਿੱਚ ਮਦਦ ਮਿਲ ਸਕੇਗੀ| ਇਸੇ ਲਈ ਜਾਣਕਾਰੀ ਵੀ ਓਨਾ ਹੀ ਜ਼ਰੂਰੀ ਹਿੱਸਾ ਹੈ ਜਿਨਾਂ ਕਿ ਰੈਪਿਡ ਟੈਸਟਸ ਤੇ ਵੈਕਸੀਨਜ਼ ਹਨ| ਕਈ ਕੈਨੇਡੀਅਨਜ਼ ਵੱਲੋਂ ਭੇਜੀਆਂ ਜਾਣ ਵਾਲੀਆਂ ਈਮੇਲਜ਼ ਤੇ ਉਨ੍ਹਾਂ ਵੱਲੋਂ ਪਾਈਆਂ ਪਟੀਸ਼ਨਜ਼ ਤੋਂ ਪਤਾ ਲੱਗਦਾ ਹੈ ਕਿ ਉਹ ਚਿੰਤਤ ਹਨ ਤੇ ਕਈਆਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਹਨ ਜਿਨ੍ਹਾਂ ਦਾ ਉਹ ਜਵਾਬ ਚਾਹੁੰਦੇ ਹਨ|
ਕੰਜ਼ਰਵੇਟਿਵ ਐਮਪੀ ਡੈਰੇਕ ਸਲੋਨ ਵੱਲੋਂ ਸਪੌਂਂਸਰਡ ਇੱਕ ਅਜਿਹੀ ਪਟੀਸ਼ਨ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਵੈਕਸੀਨਜ਼ ਅਸਲ ਵਿੱਚ ਇਨਫੈਕਸ਼ਨ ਜਾਂ ਟਰਾਂਸਮਿਸ਼ਨ ਰੋਕਣ ਲਈ ਤਿਆਰ ਨਹੀਂ ਕੀਤੀਆਂ ਗਈਆਂ ਸਗੋਂ ਇਹ ਤਾਂ ਮਨੁੱਖਾਂ ਉੱਤੇ ਤਜਰਬੇ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ| ਇਸ ਦੌਰਾਨ ਓਟੂਲ ਨੇ ਆਖਿਆ ਕਿ ਲਿਬਰਲ ਸਰਕਾਰ ਵੱਲੋਂ ਹਰ ਕੰਮ ਗੁਪਤ ਢੰਗ ਨਾਲ ਕਰਨ ਦੀ ਫਿਤਰਤ ਕਾਰਨ ਹੀ ਬਹੁਤੇ ਕੈਨੇਡੀਅਨ ਪਰੇਸ਼ਾਨ ਹਨ|

Leave a Reply

Your email address will not be published.