ਤਿੰਨ ਪੜਾਵਾਂ ਵਿੱਚ ਕੋਵਿਡ-19 ਵੈਕਸੀਨ ਦੇਵੇਗਾ ਅਲਬਰਟਾ

ਐਡਮੰਟਨ: ਬੁੱਧਵਾਰ ਨੂੰ ਅਲਬਰਟਾ ਸਰਕਾਰ ਵੱਲੋਂ ਕੀਤੇ ਗਏ ਐਲਾਨ ਵਿੱਚ ਆਖਿਆ ਗਿਆ ਕਿ 400,000 ਤੋਂ ਵੱਧ ਬਜ਼ੁਰਗਾਂ, ਕੇਅਰ ਹੋਮਜ਼ ਵਿੱਚ ਕੰਮ ਕਰ ਰਹੇ ਸਟਾਫ ਤੇ ਫਰੰਟਲਾਈਨ ਵਰਕਰਜ਼ ਨੂੰ ਸੱਭ ਤੋਂ ਪਹਿਲਾਂ ਕੋਵਿਡ-19 ਵੈਕਸੀਨ ਦਿੱਤੀ ਜਾਵੇਗੀ| ਇਹ ਵੈਕਸੀਨ ਜਨਵਰੀ ਤੇ ਅਪਰੈਲ ਦਰਮਿਆਨ ਦਿੱਤੀ ਜਾਵੇਗੀ|
ਪ੍ਰੀਮੀਅਰ ਜੇਸਨ ਕੇਨੀ ਨੇ ਆਖਿਆ ਕਿ ਹੈਲਥ ਕੈਨੇਡਾ ਵੱਲੋਂ ਫਾਈਜ਼ਰ ਤੇ ਮੌਡਰਨਾ ਵੈਕਸੀਨ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਅਲਬਰਟਾ ਨੂੰ 4 ਜਨਵਰੀ ਤੋਂ ਇਸ ਵੈਸਕੀਨ ਦੀ ਖੇਪ ਮਿਲਣੀ ਸੁæਰੂ ਹੋ ਜਾਵੇਗੀ| ਇਸ ਵੈਕਸੀਨ ਨੂੰ ਪ੍ਰੋਵਿੰਸ ਭਰ ਵਿੱਚ 30 ਡੀਪੂਆਂ ਉੱਤੇ ਸਟੋਰ ਕਰਕੇ ਰੱਖਿਆ ਜਾਵੇਗਾ ਤੇ ਤਿੰਨ ਪੜਾਵਾਂ ਵਿੱਚ ਇਸ ਨੂੰ ਲਾਇਆ ਜਾਵੇਗਾ| ਪਹਿਲਾ ਫੇਜ਼ ਜਨਵਰੀ ਤੋਂ ਮਾਰਚ ਵਿੱਚ ਹੋਵੇਗਾ| ਇਸ ਵਿੱਚ ਸੱਭ ਤੋਂ ਪਹਿਲਾਂ ਕੇਅਰ ਫੈਸਿਲਿਟੀ ਰੈਜ਼ੀਡੈਂਟਸ ਤੇ ਸਟਾਫ, ਫਰਸਟ ਨੇਸ਼ਨਜ਼ ਦੇ 65 ਸਾਲ ਤੇ ਉਸ ਤੋਂ ਉੱਪਰ ਦੇ ਰੈਜ਼ੀਡੈਂਟਸ ਅਤੇ ਹੈਲਥ ਕੇਅਰ ਵਰਕਰਜ਼, ਜਿਨ੍ਹਾਂ ਨੂੰ ਕੋਵਿਡ-19 ਹੋਣ ਦਾ ਖਤਰਾ ਸੱਭ ਤੋਂ ਜ਼ਿਆਦਾ ਹੈ, ਨੂੰ ਇਹ ਵੈਕਸੀਨ ਦਿੱਤੀ ਜਾਵੇਗੀ|
ਫੇਜ਼ 2 ਅਪਰੈਲ ਵਿੱਚ ਸ਼ੁਰੂ ਹੋਵੇਗਾ ਤੇ ਗਰਮੀਆਂ ਵਿੱਚ ਵੀ ਚੱਲੇਗਾ| ਹਾਲਾਂਕਿ ਇਹ ਤੈਅ ਨਹੀਂ ਕੀਤਾ ਗਿਆ ਹੈ ਕਿ ਇਸ ਦੌਰਾਨ ਕਿਨ੍ਹਾਂ ਨੂੰ ਵੈਕਸੀਨ ਦਿੱਤੀ ਜਾਵੇਗੀ ਪਰ ਸਰਕਾਰ ਦਾ ਟੀਚਾ ਹੈ ਕਿ ਇਸ ਫੇਜ਼ ਦੇ ਮੁੱਕਣ ਨਾਲ 30 ਫੀ ਸਦੀ ਅਬਾਦੀ ਇਮਿਊਨਾਈਜ਼ ਹੋ ਜਾਵੇ| ਆਖਰੀ ਫੇਜ਼ ਸਤੰਬਰ ਵਿੱਚ ਸ਼ੁਰੂ ਹੋਵੇਗਾ| ਉਸ ਸਮੇਂ ਕਿਸੇ ਵੀ ਅਲਬਰਟਾ ਵਾਸੀ ਨੂੰ ਵੈਕਸੀਨੇਟ ਕੀਤਾ ਜਾ ਸਕੇਗਾ| ਪ੍ਰੀਮੀਅਰ ਜੇਸਨ ਕੇਨੀ ਨੇ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਉਸ ਸਮੇਂ ਤੱਕ ਜ਼ਿਆਦਾ ਤੋਂ ਜ਼ਿਆਦਾ ਅਲਬਰਟਾ ਵਾਸੀਆਂ ਨੂੰ ਵੈਕਸੀਨੇਟ ਕੀਤਾ ਜਾ ਸਕੇ|
ਪ੍ਰੋਵਿੰਸ ਦੀ ਵੈਕਸੀਨ ਟਾਸਕ ਫੋਰਸ ਦੀ ਅਗਵਾਈ ਕਰਨ ਲਈ ਕੇਨੀ ਨੇ ਮਿਊਂਸਪਲ ਮਾਮਲਿਆਂ ਬਾਰੇ ਡਿਪਟੀ ਮੰਤਰੀ ਤੇ ਕੈਨੇਡਾ ਦੇ ਸਾਬਕਾ ਆਰਮੀ ਜਨਰਲ ਪਾਲ ਵਿਨਿਕ ਨੂੰ ਨਿਯੁਕਤ ਕੀਤਾ ਹੈ| ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਅਲਬਰਟਾ ਵਿੱਚ ਪੀਪੀਈ ਵੰਡਣ ਦੀ ਮੁਹਿੰਮ ਦੀ ਅਗਵਾਈ ਵੀ ਵਿਨਿਕ ਨੇ ਹੀ ਕੀਤੀ ਸੀ|

Leave a Reply

Your email address will not be published. Required fields are marked *