ਭਾਰਤ ਬੰਦ ਨੂੰ ਕਾਮਯਾਬ ਕਰਨ ਲਈ ਲਾਮਬੰਦੀ, ਦਿੱਲੀ ਭੇਜੇ ਜਾ ਰਹੇ ਨੇ ਜਥੇ
ਜੰਡਿਆਲਾ ਗੁਰੂ, 6 ਦਸੰਬਰ
ਇਥੇ ਰੇਲ ਰੋਕੋ ਮੋਰਚਾ ਅੱਜ 75 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ 8 ਦਸੰਬਰ ਦੇ ਭਾਰਤ ਬੰਦ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਅਤੇ ਇਸ ਸਬੰਧੀ ਲੋਕਾਂ ਕੋਲੋਂ ਸਹਿਯੋਗ ਲਈ ਵਿਸ਼ੇਸ਼ ਮੁਹਿੰਮ ਵਿੱਢੀ ਜਾ ਰਹੀ ਹੈ। ਕਿਸਾਨ ਆਗੂਆਂ ਵੱਲੋਂ ਪਿੰਡਾਂ ਵਿੱਚ ਲੋਕਾਂ ਨੂੰ ਦਿੱਲੀ ਸੰਘਰਸ਼ ‘ਚ ਅਗਲੇ ਜੱਥੇ ਭੇਜਣ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਰੇਲ ਰੋੋਕ ਅੰਦੋਲਨ ਨੂੰ ਸੰਬੋਧਨ ਕਰਦਿਆਂ ਹਰਪ੍ਰੀਤ ਸਿੰਘ ਸਿੱਧਵਾਂ ਨੇ ਕਿਹਾ ਦਿੱਲੀ ਕੂਚ ਦੀਆਂ ਤਿਆਰੀਆਂ ਲਈ ਪਿੰਡਾਂ ਵਿੱਚ ਮੁਹਿੰਮ ਜਾਰੀ ਹੈ। 500 ਟਰੈਕਟਰ-ਟਰਾਲੀਆਂ ਅਤੇ ਹੋਰ ਵਹੀਕਲਾਂ ਦਾ ਕਾਫਲਾ ਦਿੱਲੀ ਵੱਲ ਕੂਚ ਕਰੇਗਾ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਵਪਾਰੀਆਂ, ਦੁਕਾਨਦਾਰਾਂ, ਕਾਰੋਬਾਰੀਆਂ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ, ਨੌਜਵਾਨਾਂ ਸਮੇਤ ਸਭ ਜਮਹੂਰੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ 8 ਦਸੰਬਰ ਦੇ ਭਾਰਤ ਬੰਦ ਸਫਲ ਕਰਨ ਲਈ ਭਰਵਾਂ ਸਹਿਯੋਗ ਦੇਣ।
ਦਿੱਲੀ ਦੇ ਕੁੰਡਲੀ ਬਾਰਡਰ ‘ਤੇ ਸੁਖਵਿੰਦਰ ਸਿੰਘ ਸਭਰਾ, ਜਸਵੀਰ ਸਿੰਘ ਪਿਦੀ ਦੀ ਅਗਵਾਈ ਵਿਚ ਮੋਰਚਾ ਲਗਾਤਾਰ ਜਾਰੀ ਹੈ। ਆਗੂਆਂ ਨੇ ਕਿਹਾ ਗੱਲਬਾਤ ਕਰਕੇ ਸਮਾਂ ਖਰਾਬ ਕਰਨ ਦੀ ਬਜਾਏ ਮੋਦੀ ਸਰਕਾਰ ਦੋ ਟੁਕ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਫੈਸਲਾ ਕਰੇ। ਉਨ੍ਹਾਂ ਕਿਹਾ ਖੁਦ ਪ੍ਰਧਾਨ ਮੰਤਰੀ ਨੂੰ ਅੱਗੇ ਆ ਕੇ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਸੱਦ ਕੇ ਫਰਾਖ਼ਦਿਲੀ ਨਾਲ ਕਿਸਾਨੀ ਮੰਗਾਂ ਦਾ ਨਿਬੇੜਾ ਕਰਨਾ ਚਾਹੀਦਾ ਹੈ। ਇਸ ਮੌਕੇ ਅਜੀਤ ਸਿੰਘ ਚੰਬਾ, ਜਵਾਹਰ ਸਿੰਘ ਟਾਂਡਾ, ਕੁਲਵੰਤ ਸਿੰਘ ਭੈਲ, ਬਲਵਿੰਦਰ ਸਿੰਘ ਚੋਹਲਾ ਸਾਹਿਬ, ਬਲਜਿੰਦਰ ਸਿੰਘ ਛਾਬੜੀ ਸਾਹਿਬ, ਹਰਜਿੰਦਰ ਸਿੰਘ ਛੱਕਰੀ, ਗੁਰਵਿੰਦਰ ਸਿੰਘ ਖਵਾਸਪੁਰ, ਜਸਵੰਤ ਸਿੰਘ ਪੱਖੋਪੁਰਾ ਹਾਜ਼ਰ ਸਨ।