ਮੋਗਾ: ਕਿਸਾਨਾਂ ’ਚ ਘਿਰੇ ਹੰਸ ਰਾਜ ਹੰਸ ਨੇ ਹੱਥ ਜੋੜ ਕੇ ਕਿਹਾ, ਮੈਂ ਪੰਜਾਬ ਦਾ ਪੁੱਤ ਕਿਸਾਨਾਂ ਲਈ ਮਰਨ ਲਈ ਤਿਆਰ ਹਾਂ

ਮੋਗਾ, 6 ਦਸੰਬਰ

ਇਥੇ ਅੱਜ ਭਾਰਤੀ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਸਬੰਧੀ ਕਰਵਾਈ ਗੋਸ਼ਟੀ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਨੂੰ ਕਿਸਾਨਾਂ ਨੇ ਘੇਰ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਉਨ੍ਹਾਂ ਨੂੰ ਭੀੜ ਤੋਂ ਕੱਢਿਆ। ਇਸ ਮੌਕੇ ਐੱਸਪੀ ਗੁਰਦੀਪ ਸਿੰਘ ਅਤੇ ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਪੁਲੀਸ ਫੋਰਸ ਤਾਇਨਾਤ ਰਹੀ। ਇਸ ਮੌਕੇ ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਤੇ ਰਾਜ ਗਾਇਕ ਹੰਸ ਰਾਜ ਹੰਸ ਨੇ ਕਿਸਾਨਾਂ ਅੱਗੇ ਹੱਥ ਬੰਨ੍ਹ ਦੁਹਾਈ ਦਿੱਤੀ ਕਿ ਉਹ ਪੰਜਾਬ ਦਾ ਪੁੱਤ ਹੈ ਅਤੇ ਕਿਸਾਨਾਂ ਨਾਲ ਹੈ ਅਤੇ ਕਿਸਾਨਾਂ ਖਾਤਰ ਮਰਨ ਲਈ ਵੀ ਤਿਆਰ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨ ਮਸਲੇ ਦਾ ਹੱਲ ਤਲਾਸ਼ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਖੇਤੀਬਾੜੀ ਮੰਤਰੀ ਵੀ ਸਮੱਸਿਆ ਦੇ ਹੱਲ ਦੀ ਕੋਸ਼ਿਸ਼ ਕਰ ਰਹੇ ਹਨ। ਬੀਕੇਯੂ ਏਕਤਾ ਉਗਰਾਹਾਂ ਆਗੂ ਗੁਰਮੀਤ ਸਿੰਘ ਕਿਸ਼ਨਪੁਰਾ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਪਹਿਲਾਂ ਹੀ ਘਿਰਾਓ ਦੀ ਤਿਆਰੀ ਕਰਕੇ ਸਮਾਗਮ ਵਾਲੀ ਥਾਂ ਮੁੱਖ ਗੇਟ ਉੱਤੇ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਜਦੋਂ ਹੰਸ ਰਾਜ ਹੰਸ ਬਾਹਰ ਆਏ ਤਾਂ ਕਿਸਾਨਾ ਨੇ ਘਿਰਾਓ ਕਰ ਲਿਆ। ਕਿਸਾਨਾਂ ਨੇ ਕਿਹਾ ਭਾਜਪਾ ਉਨ੍ਹਾਂ ਦੀ ਦੁਸ਼ਮਣ ਹੈ ਅਤੇ ਹੰਸ ਰਾਜ ਹੰਸ ਭਾਜਪਾ ਦਾ ਸੰਸਦ ਮੈਂਬਰ ਹੈ। ਉਨ੍ਹਾਂ ਕਿਹਾ ਕਿ ਹੰਸ ਰਾਜ ਹੰਸ ਪੰਜਾਬ ਦਾ ਅੰਨ ਖਾ ਰਿਹਾ ਹੈ। ਉਨ੍ਹਾਂ ਹੰਸ ਕੋਲੋਂ ਅਸਤੀਫ਼ੇ ਦੀ ਮੰਗ ਕਰਦੇ ਧਰਨੇ ਵਿੱਚ ਸ਼ਾਮਲ ਹੋਣ ਲਈ ਆਖਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਨੇ ਵੀ ਹੰਸ ਨੂੰ ਤਿੱਖੇ ਸਵਾਲ ਕੀਤੇ।

Leave a Reply

Your email address will not be published. Required fields are marked *