Corona Vaccine : ਵੈਕਸੀਨ ਲੱਗਣ ਤੋਂ ਬਾਅਦ ਵੀ 3 ਸਾਲ ਤਕ ਮਾਸਕ ਪਾਉਣਾ ਹੋਵੇਗਾ ਜ਼ਰੂਰੀ, ਜਾਣੋ ਕਿਉਂ
ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਵੈਕਸੀਨ (Corona Vaccine) ਦਾ ਇੰਤਜ਼ਾਰ ਜਲਦ ਹੀ ਖ਼ਤਮ ਹੋਣ ਵਾਲਾ ਹੈ ਤੇ ਆਮ ਲੋਕਾਂ ‘ਚ ਵੈਕਸੀਨ ਲਗਾਉਣ ਦੀ ਤਿਆਰੀ ਜ਼ੋਰਾਂ ‘ਤੇ ਹੈ, ਪਰ ਜੇ ਤੁਸੀਂ ਸੋਚਦੇ ਹੋ ਕਿ ਵੈਕਸੀਨ ਲਵਾਉਣ ਤੋਂ ਬਾਅਦ ਮਾਸਕ (Mask) ਪਾਉਣ ਤੋਂ ਆਜ਼ਾਦੀ ਮਿਲ ਜਾਵੇਗੀ ਤਾਂ ਅਜਿਹਾ ਨਹੀਂ ਹੈ। ਵੈਕਸੀਨ ਲੱਗਣ ਤੋਂ ਬਾਅਦ ਵੀ ਲੋਕਾਂ ਨੂੰ ਘੱਟੋ-ਘੱਟ ਤਿੰਨ ਸਾਲ ਤਕ ਮਾਸਕ ਲਉਣਾ ਜ਼ਰੂਰੀ ਹੋਵੇਗਾ। ਅਸਲ ਵਿਚ ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਵੀ ਉਸ ਦੇ ਚੰਗੇ-ਬੁਰੇ ਸਾਈਡ ਇਫੈਕਟਸ ਸਾਹਮਣੇ ਆਉਣ ‘ਚ ਲੰਬਾ ਸਮਾਂ ਲੱਗੇਗਾ। ਅਜਿਹੇ ਵਿਚ ਵੈਕਸੀਨ ਆਉਣ ਤੋਂ ਬਾਅਦ ਵੀ ਸਭ ਨੂੰ ਖ਼ਾਸ ਇਹਤਿਆਤ ਵਰਤਣੀ ਪਵੇਗੀ। ਨਾਲ ਹੀ ਸਰੀਰਕ ਦੂਰੀ (Social Distancing) ਦੀ ਪਾਲਣਾ ਕਰਨੀ ਵੀ ਜ਼ਰੂਰੀ ਹੋਵੇਗੀ। ਭਾਰਤੀ ਵਿਗਿਆਨ ਤੇ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਡਾ. ਸ਼ੇਖਰ ਮਾਂਡੇ ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਹੈ ਵੈਕਸੀਨ ਲਾਂਚਿੰਗ ਦੀ ਪੂਰੀ ਪ੍ਰਕਿਰਿਆ
ਕਾਬਿਲੇਗ਼ੌਰ ਹੈ ਕਿ ਆਕਸਫੋਰਡ ਤੇ ਐਸਟ੍ਰਾਜੈਨੇਕਾ ਕੰਪਨੀ ਦੇ ਨਾਲ ਮਿਲ ਕੇ ਸੀਰਮ ਇੰਸਟੀਚਿਊਟ ਕੋਵਿਸ਼ੀਲਡ ਨਾਂ ਦੀ ਵੈਕਸੀਨ ਤਿਆਰ ਕਰ ਰਹੀ ਹੈ। ਇਸ ਤੋਂ ਇਲਾਵਾ ਬਾਇਓਟੈੱਕ ਵੱਲੋਂ ਵੀ ਸਵਦੇਸ਼ੀ ਵੈਕਸੀਨ ਬਣਾਈ ਜਾ ਰਹੀ ਹੈ। ਇਨ੍ਹਾਂ ਦੋਵਾਂ ਵੈਕਸੀਨ ਨੂੰ ਭਾਰਤੀਆਂ ‘ਤੇ ਕੀਤੇ ਗਏ ਪ੍ਰੀਖਣ ਦੇ ਨਤੀਜੇ ਸਾਹਮਣੇ ਆਉਣ ‘ਤੇ ਲੱਗ ਸਕਦਾ ਹੈ। ਹਾਲਾਂਕਿ ਸ਼ੁਰੂਆਤੀ ਟੈਸਟ ਵਿਚ ਇਸ ਦੇ ਨਤੀਜੇ ਸਕਾਰਾਤਮਕ ਮਿਲੇ ਹਨ।
ਟੈਸਟਿੰਗ ਤੋਂ ਬਾਅਦ ਸਾਰੀਆਂ ਕੰਪਨੀਆਂ ਨੂੰ ਕੇਂਦਰੀ ਔਸ਼ਧੀ ਮਾਪਦੰਡ ਕੰਟਰੋਲ ਸੰਗਠਨ (CDSCO) ਦੇ ਸਾਹਮਣੇ ਰਿਪੋਰਟ ਪੇਸ਼ ਕਰਨੀ ਪਵੇਗੀ। ਉਹ ਰਿਸਕ ਬੈਨੀਫਿਟ ਦਾ ਮੁਲਾਂਕਣ ਕਰਨਗੇ। ਮਾਡਰਨਾ ਤੇ ਫਾਈਜ਼ਰ ਕੰਪਨੀ ਵੱਲੋਂ ਤਿਆਰ ਕੀਤੀ ਜਾ ਰਹੀ ਵੈਕਸੀਨ ਦੇ ਜ਼ਿਆਦਾਤਰ ਟ੍ਰਾਇਲ ਵਿਦੇਸ਼ ਵਿਚ ਹੀ ਰਹੇ ਹਨ।
ਜੇਕਰ ਇਹ ਉੱਥੇ ਸਫ਼ਲ ਵੀ ਰਹਿੰਦੇ ਹਨ ਤਾਂ ਵੀ ਇਨ੍ਹਾਂ ਨੂੰ ਭਾਰਤੀ ਮਾਪਦੰਡਾਂ ‘ਤੇ ਖਰੇ ਉਤਰਦੇ ਹੋਏ CDSCO ਤੋਂ ਇਜਾਜ਼ਤ ਲੈਣੀ ਪਵੇਗੀ। ਬੇਸ਼ਕ ਦੇਸ਼-ਦੁਨੀਆ ਦੀਆਂ ਸਾਰੀਆਂ ਵੈਕਸੀਨ ਕੰਪਨੀਆਂ ਵੱਡੀ ਪੱਧਰ ‘ਤੇ ਤਿਆਰੀ ਕਰ ਰਹੀਆਂ ਹਨ। ਇਸ ਪੂਰੀ ਪ੍ਰਕਿਰਿਆ ਵਿਚ ਸਮਾਂ ਲੱਗ ਸਕਦਾ ਹੈ। ਮਾਡਰਨਾ ਤੇ ਫਾਈਜ਼ਰ ਨੂੰ ਵੀ ਇੱਥੋਂ ਦੇ ਮਾਪਦੰਡਾਂ ਦੇ ਅਨੁਰੂਪ ਪ੍ਰੀਖਣ ਰਿਪੋਰਟ ਦੇਣੀ ਪਵੇਗੀ।
ਭਾਰਤ ਵਿਚ ਵੈਕਸੀਨ ਦੇਣ ਲਈ ਤਿਆਰ ਹੈ ਪੂਰਾ ਚੇਨ ਸਿਸਟਮ
ਭਾਰਤ ‘ਚ ਟੀਕਾਕਰਨ ਲਈ ਇਕ ਪੂਰਾ ਚੇਨ ਸਿਸਟਮ ਬਣਿਆ ਹੋਇਆ ਹੈ। ਪੋਲੀਓ ਤੋਂ ਲੈ ਕੇ ਹੋਰ ਟੀਕਾਕਰਨ ਜਿਸ ਤਰ੍ਹਾਂ ਦੇਸ਼ ਦੇ ਕੋਨੇ-ਕੋਨੇ ਤਕ ਹੁੰਦੇ ਹਨ, ਇੱਥੇ ਵੀ ਇਹ ਅਪਨਾਇਆ ਜਾ ਸਕਦਾ ਹੈ। ਬਸ਼ਰਤੇ ਭਾਰਤੀ ਵਾਤਾਵਰਨ ਤੇ ਸਥਿਤੀ ਦੇ ਅਨੁਕੂਲ ਵੈਕਸੀਨ ਉਪਲੱਬਧ ਹੋ ਜਾਵੇ। ਵੈਕਸੀਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਕੁਝ ਸਮੇਂ ਬਾਅਦ ਇਹ ਆ ਵੀ ਜਾਵੇਗੀ ਪਰ ਇਸ ਦਾ ਮਤਲਬ ਇਹ ਬਿਲਕੁਲ ਵੀ ਨਹੀਂ ਹੈ ਕਿ ਲੋਕ ਬੇਫ਼ਿਕਰ ਹੋ ਜਾਣ। ਲੋਕ ਆਮ ਜ਼ਿੰਦਗੀ ਵਿਚ ਵਾਪਸੀ ਦੀ ਆਸ ਲਗਾਈ ਬੈਠੇ ਹਨ।
ਤੀਜ-ਤਿਉਹਾਰ, ਵਿਆਹ-ਪੁਰਬ ਵਿਚ ਇਹ ਨਿਯਮ ਟੁੱਟ ਹੀ ਜਾਂਦੇ ਹਨ। ਇਹ ਮਨੁੱਖੀ ਸੁਭਾਅ ਹੈ ਤੇ ਲੋਕ ਗ਼ਲਤ ਵੀ ਨਹੀਂ ਹਨ। ਫਿਰ ਵੀ ਮੌਜੂਦਾ ਹਾਲਾਤ ਸਾਨੂੰ ਫਿਲਹਾਲ ਇਸ ਦੀ ਇਜਾਜ਼ਤ ਨਹੀਂ ਦਿੰਦੇ ਹਨ। ਹੱਥ ਧੋਣੇ, ਭੀੜ-ਭੜੱਕੇ ਵਾਲੇ ਇਲਾਕਿਆਂ ‘ਚ ਜਾਣ ਤੋਂ ਬਚਣਾ ਵਰਗੇ ਕੋਰੋਨਾ ਪ੍ਰੋਟੋਕਾਲ ਦੀ ਪਾਲਣਾ ਕਰਨ ਵਿਚ ਕੋਈ ਬੁਰਾਈ ਨਹੀਂ ਹੈ। ਇਸ ਨਾਲ ਅਸੀਂ ਕੋਰੋਨਾਂ ਦੇ ਨਾਲ-ਨਾਲ ਹੋਰਨਾਂ ਬਿਮਾਰੀਆਂ ਤੋਂ ਵੀ ਬਚੇ ਰਹਾਂਗੇ।