ਸਿੱਖ ਪੁਲਿਸ ਅਧਿਕਾਰੀ ਦੇ ਨਾਂ ‘ਤੇ ਹੋਵੇਗਾ ਅਮਰੀਕਾ ‘ਚ ਡਾਕਘਰ

ਵਾਸ਼ਿੰਗਟਨ (ਪੀਟੀਆਈ) : ਅਮਰੀਕੀ ਸੰਸਦ ਦੇ ਉੱਚ ਸਦਨ ਸੈਨੇਟ ਨੇ ਹਿਊਸਟਨ ਦੇ ਇਕ ਡਾਕਘਰ ਦਾ ਨਾਂ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਕਰਨ ਵਾਲੇ ਇਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਸ ਬਿੱਲ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖ਼ਤ ਲਈ ਵ੍ਹਾਈਟ ਹਾਊਸ ਭੇਜਿਆ ਜਾਵੇਗਾ। ਦੱਸਣਯੋਗ ਹੈ ਕਿ ਪਿਛਲੇ ਸਾਲ ਰੋਜ਼ਾਨਾ ਦੀ ਜਾਂਚ ਲਈ ਵਾਹਨ ਰੋਕਣ ‘ਤੇ ਇਸੇ ਡਾਕਘਰ ਕੋਲ ਧਾਲੀਵਾਲ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਅਮਰੀਕੀ ਸੰਸਦ ਦਾ ਹੇਠਲਾ ਸਦਨ ਪ੍ਰਤੀਨਿਧੀ ਸਭਾ ਸਤੰਬਰ ਵਿਚ ਹੀ ਬਹੁ ਪਾਰਟੀ ਸਮਰਥਨ ਨਾਲ ਹਿਊਸਟਨ ਦੇ 315 ਏਡਿਕਸ ਹਾਵੇਲ ਰੋਡ ਸਥਿਤ ਡਾਕਘਰ ਦਾ ਨਾਂ ਡਿਪਟੀ ਸੰਦੀਪ ਸਿੰਘ ਧਾਲੀਵਾਲ ਡਾਕਘਰ ਬਿਲਡਿੰਗ ਕਰਨ ਨੂੰ ਆਪਣੀ ਮਨਜ਼ੂਰੀ ਦੇ ਚੁੱਕੀ ਹੈ। ਇਸ ਬਿੱਲ ਦੇ ਅਮਲ ਪਿੱਛੋਂ ਹਿਊਸਟਨ ਸਥਿਤ ਧਾਲੀਵਾਲ ਦੂਜਾ ਡਾਕਘਰ ਹੋਵੇਗਾ ਜਿਸ ਦਾ ਨਾਂ ਕਿਸੇ ਭਾਰਤੀ ਦੇ ਨਾਂ ‘ਤੇ ਹੋਵੇਗਾ। ਇਸ ਤੋਂ ਪਹਿਲੇ ਦੱਖਣੀ ਕੈਲੀਫੋਰਨੀਆ ਤੋਂ ਐੱਮਪੀ ਰਹੇ ਦਲੀਪ ਸਿੰਘ ਸੌਂਧ ਨੂੰ ਸਾਲ 2006 ਵਿਚ ਇਹ ਸਨਮਾਨ ਮਿਲਿਆ ਸੀ। ਦੱਸਣਯੋਗ ਹੈ ਕਿ ਧਾਲੀਵਾਲ ਸਾਲ 2015 ਵਿਚ ਹੈਰਿਸ ਕਾਊਂਟੀ ਸ਼ੇਰਿਫ ਦਫ਼ਤਰ ਵਿਚ ਕੰਮ ਕਰ ਰਹੇ ਪਹਿਲੇ ਸਿੱਖ ਅਮਰੀਕੀ ਸਨ ਜਿਨ੍ਹਾਂ ਨੂੰ ਪਗੜੀ ਨਾਲ ਕੰਮ ਕਰਨ ਦੇ ਨੀਤੀਗਤ ਫ਼ੈਸਲੇ ਤਹਿਤ ਨੌਕਰੀ ਮਿਲੀ। ਪਿਛਲੇ ਸਾਲ 27 ਸਤੰਬਰ ਨੂੰ ਉਨ੍ਹਾਂ ਨੇ ਡਿਊਟੀ ਕਰਨ ਦੌਰਾਨ ਆਪਣੀ ਜਾਨ ਗੁਆਈ। ਧਾਲੀਵਾਲ ਦਾ ਜਨਮ ਭਾਰਤ ਵਿਚ ਹੋਇਆ ਸੀ ਪ੍ਰੰਤੂ ਬਾਅਦ ਵਿਚ ਉਹ ਆਪਣੇ ਮਾਤਾ-ਪਿਤਾ ਨਾਲ ਅਮਰੀਕਾ ਚਲੇ ਗਏ ਸਨ। ਧਾਲੀਵਾਲ ਦੇ ਪਿਤਾ ਪਿਆਰਾ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਡਾ ਪਰਿਵਾਰ ਪੁੱਤਰ ਦੇ ਕੰਮਾਂ ਪ੍ਰਤੀ ਪਿਆਰ ਅਤੇ ਸਮਰਥਨ ਲਈ ਅਮਰੀਕਾ ਦੇ ਲੋਕਾਂ ਦਾ ਧੰਨਵਾਦੀ ਹੈ

Leave a Reply

Your email address will not be published. Required fields are marked *