ਇਰਾਦਾ ਕਤਲ ਦਾ ਮੁਕੱਦਮਾ ਵਾਪਸ ਨਾ ਲਿਆ ਤਾਂ ਨੌਜਵਾਨ ਤੇ ਚਲਾ ਦਿੱਤੀਆਂ ਗੋਲ਼ੀਆਂ ਤੇ ਫਿਰ…

ਲੁਧਿਆਣਾ : ਇਰਾਦਾ ਕਤਲ ਤੇ ਧੋਖਾਧੜੀ ਦੇ ਮੁਕੱਦਮੇ ਦਰਜ ਕਰਵਾਉਣ ਦੀ ਰੰਜਿਸ਼ ਰੱਖੀ ਬੈਠੇ ਮੁਲਜ਼ਮਾਂ ਨੇ ਅਧੇੜ ਉਮਰ ਦੇ ਵਿਅਕਤੀ ‘ਤੇ ਗੋਲ਼ੀਆਂ ਚਲਾ ਦਿੱਤੀਆਂ। ਜਾਨ ਬਚਾ ਕੇ ਮੌਕੇ ਤੋਂ ਨਿਕਲੇ ਸੁਸ਼ੀਲ ਕੁਮਾਰ ਨੇ ਇਸ ਮਾਮਲੇ ਸਬੰਧੀ ਥਾਣਾ ਡੇਹਲੋਂ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ। ਇਸ ਮਾਮਲੇ ‘ਚ ਪੁਲਿਸ ਨੇ ਈਸ਼ਰ ਨਗਰ ਦੇ ਰਹਿਣ ਵਾਲੇ ਸੁਸ਼ੀਲ ਕੁਮਾਰ ਦੇ ਬਿਆਨਾਂ ‘ਤੇ ਹਰਗੋਬਿੰਦ ਨਗਰ ਗਲੀ ਨੰਬਰ ਦੱਸ ਦੇ ਵਾਸੀ ਕਰਨਵੀਰ ਸਿੰਘ ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਉਸ ਨੇ ਮੁਲਜ਼ਮਾਂ ਖ਼ਿਲਾਫ਼ 2 ਮਾਰਚ 2019 ਨੂੰ ਥਾਣਾ ਡਵੀਜ਼ਨ ਨੰਬਰ 6 ‘ਚ ਇਰਾਦਾ ਕਤਲ ਤੇ ਧੋਖਾਧੜੀ ਦੀਆਂ ਧਰਾਵਾਂ ਤਹਿਤ ਮੁਕੱਦਮੇ ਦਰਜ ਕਰਵਾਏ ਸਨ। ਜਿਸ ਦੇ ਚਲਦਿਆਂ ਮੁਲਜ਼ਮ ਉਸ ਨਾਲ ਰੰਜਿਸ਼ ਰੱਖਦੇ ਹਨ। ਸੁਸ਼ੀਲ ਨੇ ਦੱਸਿਆ ਕਿ ਉਹ ਸਵੇਰੇ ਸੱਤ ਵਜੇ ਦੇ ਕਰੀਬ ਆਪਣੀ ਬਰੀਜ਼ਾ ਕਾਰ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ। ਮੁਲਜ਼ਮਾਂ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਉਸ ‘ਤੇ ਗੋਲ਼ੀਆਂ ਚਲਾ ਦਿੱਤੀਆਂ। ਜਾਨ ਬਚਾ ਕੇ ਸੁਸ਼ੀਲ ਮੌਕੇ ਤੋਂ ਨਿਕਲ ਗਿਆ। ਇਸ ਮਾਮਲੇ ਵਿਚ ਥਾਣਾ ਡੇਹਲੋਂ ਦੇ ਏਐੱਸਆਈ ਅਸ਼ਵਨੀ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਸੁਸ਼ੀਲ ਦੇ ਬਿਆਨਾਂ ‘ਤੇ ਕਰਨਵੀਰ ਸਿੰਘ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਅਸਲਾ ਐਕਟ ਤੇ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਮੌਕੇ ਤੋਂ ਗੋਲ਼ੀਆਂ ਦੇ ਦੋ ਖੋਲ ਵੀ ਮਿਲੇ ਹਨ।

Leave a Reply

Your email address will not be published.