ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ, ਕਈ ਜਗ੍ਹਾ ਹੋਏ ਰੋਸ ਮੁਜ਼ਾਹਰੇ ਤੇ ਬੱਸਾਂ ਰਹੀਆਂ ਬੰਦ

Bharat Bandh Punjab Updates: ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਨੂੰ ਪੰਜਾਬ ‘ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ‘ਚ ਵੱਡੀ ਗਿਣਤੀ ‘ਚ ਕਿਸਾਨ ਜਥੇਬੰਦੀਆਂ ਦੇ ਮੈਂਬਰ ਰੇਲਵੇ ਟ੍ਰੈਕ ‘ਤੇ ਬੈਠ ਗਏ। ਵੱਖ-ਵੱਖ ਜ਼ਿਲ੍ਹਿਆਂ ‘ਚ ਕਿਸਾਨ ਧਰਨਿਆਂ ‘ਤੇ ਬੈਠ ਗਏ ਹਨ। ਬਾਜ਼ਾਰ ਬੰਦ ਹਾਈਵੇ ‘ਤੇ ਆਵਾਜਾਈ ਠੱਪ ਕਰ ਦਿੱਤੀ ਗਈ ਹੈ। ਹਾਲਾਤ ਕਰਫ਼ਿਊ ਵਰਗੇ ਹੋ ਗਏ ਹਨ। ਸੂਬੇ ‘ਚ ਸੁਰੱਖਿਆ ਦੇ ਇੰਤਜ਼ਾਮ ਪੁਖ਼ਤਾ ਕੀਤੇ ਗਏ ਹਨ। ਅੰਦੋਲਨਕਾਰੀ ਕਿਸਾਨਾਂ ਵੱਲੋਂ 8 ਦਸੰਬਰ ਨੂੰ ਸਵੇਰੇ 11 ਵਜੇ ਤੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਨੂੰ ਵੱਖ-ਵੱਖ ਸੰਗਠਨਾਂ ਨੇ ਹਮਾਇਤ ਦਿੱਤੀ ਹੈ। ਪੰਜਾਬ ਦੇ ਪਟਿਆਲਾ, ਜਲੰਧਰ, ਲੁਧਿਆਣਾ, ਰੂਪਨਗਰ, ਮੋਗਾ, ਅੰਮ੍ਰਿਤਸਰ, ਪਠਾਨਕੋਟ, ਹੁਸ਼ਿਆਰਪੁਰ, ਬਠਿੰਡਾ, ਤਰਨਤਾਰਨ, ਬਰਨਾਲਾ ਸਣੇ ਵੱਖ-ਵੱਖ ਜ਼ਿਲ੍ਹਿਆਂ ਵਿਚ ਭਾਰਤ ਬੰਦ ਦਾ ਮੁਕੰਮਲ ਅਸਰ ਦੇਖਣ ਨੂੰ ਮਿਲ ਰਿਹਾ ਹੈ।

ਗੁਰੂ ਨਗਰੀ ‘ਚ ਹਰ ਤਰ੍ਹਾਂ ਦਾ ਵਪਾਰਕ ਅਦਾਰਾ ਬੰਦ ਰਿਹਾ। ਇੱਥੋਂ ਤਕ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ ਦੇ ਵਿਚ ਵੀ ਸੰਗਤਾਂ ਦੀ ਆਮਦ ਨਾਮਾਤਰ ਰਹੀ। ਕਿਸਾਨ ਜਥੇਬੰਦੀਆਂ ਤੇ ਹੋਰ ਜਥੇਬੰਦੀਆਂ ਵੱਲੋਂ ਗੁਰੂ ਨਗਰੀ ‘ਚ ਥਾਂ-ਥਾਂ ‘ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਕਈ ਜਗ੍ਹਾ ਸੜਕਾਂ ‘ਤੇ ਧਰਨਾ ਦੇਣ ਬੈਠ ਗਏ ਤੇ ਟ੍ਰੈਕਟਰ ਖੜ੍ਹੇ ਕਰ ਕੇ ਰਸਤਾ ਜਾਮ ਕਰ ਦਿੱਤਾ ਜਿਸ ਕਾਰਨ ਆਵਾਜਾਈ ਵੀ ਆਵਾਜਾਈ ਵੀ ਪ੍ਰਭਾਵਿਤ ਹੋਈ। ਸੂਬੇ ਦੀਆਂ ਜ਼ਿਆਦਾਤਰ ਥਾਵਾਂ ‘ਤੇ ਬੱਸਾਂ ਤੇ ਜਨਤਕ ਟਰਾਂਸਪੋਰਟ ਦੀ ਸਰਵਿਸ ਬੰਦ ਰਹੀ।

ਪਟਿਆਲਾ ‘ਚ ਸਾਰੇ ਬਾਜ਼ਾਰ ਬੰਦ, ਆਵਾਜਾਈ ਠੱਪ

ਕਿਸਾਨਾਂ ਦੇ ਭਾਰਤ ਬੰਦ ਸੱਦੇ ਦਾ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਭਰਵਾਂ ਹੁੰਗਾਰਾ ਦੇਖਣ ਨੂੰ ਮਿਲ ਰਿਹਾ ਹੈ। ਜ਼ਿਲ੍ਹੇ ਦੇ ਸਾਰੇ ਸ਼ਹਿਰਾਂ ਦੇ ਮੁੱਖ ਬਾਜ਼ਾਰ ਪੂਰਨ ਤੌਰ ਤੇ ਬੰਦ ਹਨ ਜਦੋਂਕਿ ਪਿੰਡ ਅਤੇ ਸ਼ਹਿਰ ਦੀਆਂ ਸੰਪਰਕ ਸੜਕਾਂ ‘ਤੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜ਼ਿਲ੍ਹੇ ਦੇ ਹਰਿਆਣਾ ਸਰਹੱਦ ਨਾਲ ਲੱਗਦੇ ਮੀਰਾਂਪੁਰ, ਸ਼ੰਭੂ ਅਤੇ ਦੇਵੀਗੜ੍ਹ ਨੇੜਲੇ ਸਰਹੱਦੀ ਇਲਾਕਿਆਂ ਵਿੱਚ ਹਰਿਆਣਾ ਨੂੰ ਜਾਣ ਵਾਲੀਆਂ ਸੜਕਾਂ ‘ਤੇ ਆਵਾਜਾਈ ਠੱਪ ਕਰ ਦਿੱਤੀ ਗਈ ਹੈ।

ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਗੋਬਿੰਦਪੁਰਾ ਪੈਂਦ ਟੋਲ ਪਲਾਜ਼ੇ ਕੋਲ ਲਗਾਏ ਗਏ ਜਾਮ ਦਾ ਦ੍ਰਿਸ਼।

ਪਟਿਆਲਾ ਬਸ ਸਟੈਂਡ ਦੇ ਬੰਦ ਦਰਵਾਜ਼ੇ।

ਪਟਿਆਲਾ ‘ਚ ਭਾਰਤ ਬੰਦ ਦੇ ਸੱਦੇ ਤਹਿਤ ਪੈਟਰੋਲ ਪੰਪ ਬੰਦ।

ਭਾਰਤ ਬੰਦ ਦੇ ਸੱਦੇ ‘ਤੇ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਗੇਟ ਬੰਦ।

ਜਲੰਧਰ ‘ਚ ਭਾਰਤ ਬੰਦ ਦਾ ਪੂਰਾ ਅਸਰ

ਜਲੰਧਰ ‘ਚ ਵੀ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਸਾਰੇ ਬਾਜ਼ਾਰ ਬੰਦ ਹਨ। ਕਿਸਾਨਾਂ ਨੇ ਨੈਸ਼ਨਲ ਹਾਈਵੇ ‘ਤੇ ਵੱਖ-ਵੱਖ ਜਗ੍ਹਾ ਚੱਕਾ ਜਾਮ ਕੀਤਾ ਹੋਇਆ ਹੈ। ਪਿੰਡਾਂ ‘ਚ ਵੀ ਕਿਸਾਨ ਧਰਨਿਆਂ ‘ਤੇ ਬੈਠ ਗਏ ਹਨ।

ਜਲੰਧਰ ਦੇ ਲੰਮਾ ਪਿੰਡ ਚੌਕ ‘ਚ ਲਾਏ ਗਏ ਧਰਨੇ ਦੌਰਾਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਦੇ ਲੋਕ।

ਮਹਿਤਪੁਰ ਚ ਬੰਦ ਨੂੰ ਪੂਰਾ ਸਮਰਥਨ।

ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ‘ਤੇ ਸਥਿਤ ਅੱਡਾ ਕਿਸ਼ਨਗੜ੍ਹ ‘ਚ ਦੋਆਬਾ ਸੰਘਰਸ਼ ਕਮੇਟੀ ਰਜਿ. ਕਿਸ਼ਨਗਡ਼੍ਹ ਦੀ ਅਗਵਾਈ ‘ਚ ਇਲਾਕੇ ਦੇ ਅਨੇਕਾਂ ਕਿਸਾਨ ਸ਼ਾਂਤਮਈ ਤਰੀਕੇ ਧਰਨਾ ਪ੍ਰਦਰਸ਼ਨ ਕਰਦੇ ਹੋਏ।

ਜਲੰਧਰ ਦੇ ਪੀਏਪੀ ਚੌਕ ‘ਚ ਭਾਰਤ ਬੰਦ ਦੇ ਸੱਦੇ ਤਹਿਤ ਕਿਸਾਨਾਂ ਵੱਲੋਂ ਲਾਇਆ ਗਿਆ ਧਰਨਾ। ਬੰਦ ਕਾਰਨ ਸੁੰਨਸਾਨ ਪਿਆ ਪੀਏਪੀ ਫਲਾਈ ਓਵਰ।

ਰੋਪੜ ‘ਚ ਵੀ ਭਾਰਤ ਬੰਦ ਨੂੰ ਮੁਕੰਮਲ ਹੁੰਗਾਰਾ

ਨੰਗਲ ‘ਚ ਭਾਰਤ ਬੰਦ ਦੇ ਸਮਰਥਨ ‘ਚ ਰੋਸ ਪ੍ਰਦਰਸ਼ਨ ਕਰਦੇ ਹੋਏ ਕ੍ਰਾਂਤੀਕਾਰੀ ਸੰਘਰਸ਼ ਮੰਚ ਦੇ ਨੁਮਾਇੰਦੇ ਤੇ ਔਰਤਾਂ।

ਬਰਨਾਲਾ ‘ਚ ਬੰਦ ਦਾ ਅਸਰ ਤਸਵੀਰਾਂ ਦੀ ਜ਼ੁਬਾਨੀ…

ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਡਾਕਟਰ ਤੇ ਬੁੱਧੀਜੀਵੀ ਸ਼ਹਿਰ ਵਾਸੀਆਂ ਨੇ ਕਿਸਾਨਾਂ ਦੇ ਹੱਕ ‘ਚ ਸ਼ਹਿਰ ‘ਚ ਕੀਤਾ ਰੋਸ ਮਾਰਚ।

ਬਰਨਾਲਾ ਦੇ ਰੇਲਵੇ ਸਟੇਸ਼ਨ ਨੇੜੇ ਫਿਲਮੀ ਅਦਾਕਾਰਾ ਕੰਗਨਾ ਦਾ ਪੁਤਲਾ ਫੂਕਦੇ ਹੋਏ ਰਾਜਪੂਤ ਭਾਈਚਾਰੇ ਦੇ ਆਗੂ ਤੇ ਵਰਕਰ।

ਵਪਾਰ ਮੰਡਲ ਦੇ ਪ੍ਰਧਾਨ ਨੈਬ ਸਿੰਘ ਕਾਲਾ ਦੀ ਅਗਵਾਈ ‘ਚ ਬਰਨਾਲਾ ਦੇ ਵਪਾਰੀ ਕਿਸਾਨਾਂ ਦੇ ਸਮਰਥਨ ‘ਚ ਨਾਅਰੇਬਾਜ਼ੀ ਕਰਦੇ ਹੋਏ।

ਪਠਾਨਕੋਟ ‘ਚ ਵਿਧਾਇਕ ਅਮਿਤ ਵਿਜ ਦੀ ਹਮਾਇਤ ‘ਚ ਧਰਨਾ, ਬੰਦ ਦਾ ਮੁਕੰਮਲ ਅਸਰ

ਪਠਾਨਕੋਟ ਦੇ ਗਾਂਧੀ ਚੌਕ ‘ਚ ਧਰਨੇ ‘ਤੇ ਬੈਠੇ ਵਪਾਰ ਮੰਡਲ ਦੇ ਅਹੁਦੇਦਾਰਾਂ ਨਾਲ ਵਿਧਾਇਕ ਅਮਿਤ ਵਿਜ। ਇਸ ਦੌਰਾਨ ਕਾਂਗਰਸ ਦੀ ਲੀਡਰਸ਼ਿਪ ਵੀ ਉੱਥੇ ਮੌਜੂਦ ਸੀ। ਇਸ ਤੋਂ ਬਾਅਦ ਸ਼ਹਿਰ ਵਿਚ ਮਾਰਚ ਕੱਢਿਆ ਜਾਵੇਗਾ।

ਗੁਰੂ ਨਗਰੀ ‘ਚੋਂ ‘ਭਾਰਤ ਬੰਦ’ ਨੂੰ ਮਿਲਿਆ ਭਾਰੀ ਸਮਰਥਨ

ਹੁਣ ਕਿਸਾਨਾਂ ਦਾ ਅੰਦੋਲਨ ਦੇਸ਼ ਦੇ ਹਰੇਕ ਵਰਗ ਦੇ ਨਾਲ ਜੁੜਦਾ ਜਾ ਰਿਹਾ ਹੈ। ਅੱਜ ਕਿਸਾਨਾਂ ਦਾ ਸਹਿਯੋਗ ਕਰਦਾ ਹੋਇਆ ਪੂਰਾ ਦੇਸ਼ ‘ਭਾਰਤ ਬੰਦ’ ਦੇ ਸੱਦੇ ਦਾ ਪੂਰਨ ਸਹਿਯੋਗ ਕਰ ਰਿਹਾ ਹੈ। ਗੁਰੂ ਨਗਰੀ ‘ਚ ਵੀ ਭਾਰਤ ਬੰਦ ਦੇ ਸੱਦੇ ਨੂੰ ਪੂਰਨ ਸਹਿਯੋਗ ਮਿਲਿਆ। ਗੁਰੂ ਨਗਰੀ ‘ਚ ਹਰ ਤਰ੍ਹਾਂ ਦਾ ਵਪਾਰਕ ਅਦਾਰਾ ਬੰਦ ਰਿਹਾ, ਇੱਥੋਂ ਤਕ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ ਦੇ ਵਿਚ ਵੀ ਸੰਗਤਾਂ ਦੀ ਆਮਦ ਨਾ ਮਾਤਰ ਰਹੀ। ਕਿਸਾਨ ਜਥੇਬੰਦੀਆਂ ਤੇ ਹੋਰ ਜਥੇਬੰਦੀਆਂ ਵੱਲੋਂ ਗੁਰੂ ਨਗਰੀ ਵਿਚ ਥਾਂ-ਥਾਂ ‘ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਮੋਗਾ ‘ਚ ਵੀ ਬੰਦ ਨੂੰ ਮੁਕੰਮਲ ਹੁੰਗਾਰਾ

ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਦੇ ਸੱਦੇ ਨੂੰ ਮੋਗਾ ‘ਚ ਪੂਰਨ ਸਮਰਥਨ ਮਿਲ ਰਿਹਾ ਹੈ। ਮੋਗਾ ਦੇ ਬਾਜ਼ਾਰ ਪੂਰਨ ਤੌਰ ‘ਤੇ ਬੰਦ ਰਹੇ। ਭਾਰਤ ਬੰਦ ਦੇ ਸੱਦੇ ਦੌਰਾਨ ਕਈ ਜਥੇਬੰਦੀਆਂ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਮੋਗਾ ਦੇ ਬੱਸ ਸਟੈਂਡ ਦੇ ਸਾਹਮਣੇ ਮੇਨ ਚੌਕ ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਸਿਆਪਾ ਕੀਤਾ ਗਿਆ। ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖੇਤੀਬਾੜੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਇਨ੍ਹਾਂ ਜਥੇਬੰਦੀਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਪੂਰੀ ਤਰ੍ਹਾਂ ਕਿਸਾਨੀ ਅੰਦੋਲਨ ਦਾ ਸਮਰਥਨ ਕਰਦੇ ਹਨ ਅਤੇ ਕਿਸਾਨ ਭਰਾਵਾਂ ਦੇ ਨਾਲ ਖੜ੍ਹੇ ਹਨ।

ਭਾਰਤ ਬੰਦ ਦੇ ਸੱਦੇ ਦੌਰਾਨ ਬੱਧਨੀਂ ਕਲਾਂ ‘ਚ ਵਿਸ਼ਾਲ ਰੈਲੀ ਕਰਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੈਂਬਰ।

ਮੋਗਾ ਬੱਸ ਸਟੈਂਡ ‘ਤੇਧਰਨਾ ਦਿੰਦੇ ਹੋਏ ਰੋਡਵੇਜ਼ ਕਾਮੇ।

ਕਿਸਾਨਾਂ ਤੇ ਮਜ਼ਦੂਰਾਂ ਨੇ ਲੁਧਿਆਣਾ-ਚੰਡੀਗੜ੍ਹ ਮਾਰਗ ਕੀਤਾ ਜਾਮ

ਫ਼ਤਹਿਗੜ੍ਹ ਸਾਹਿਬ ‘ਚ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ‘ਭਾਰਤ ਬੰਦ’ ਦੇ ਸੱਦੇ ‘ਤੇ ਜ਼ਿਲ੍ਹੇ ਭਰ ‘ਚੋਂ ਇਕੱਤਰ ਹੋਏ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਲੁਧਿਆਣਾ-ਚੰਡੀਗੜ੍ਹ ਮਾਰਗ ‘ਤੇ ਸਥਿਤ ਪਿੰਡ ਰਾਣਵਾਂ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ। ਧਰਨੇ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਇਲਾਵਾ ਵੱਖ-ਵੱਖ ਮੁਲਜ਼ਮ ਅਤੇ ਮਜ਼ਦੂਰ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ। ਧਰਨੇ ਦੌਰਾਨ ਕਿਸਾਨ ਆਗੂਆਂ ਨੇ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਬੋਲਣ ਨਹੀਂ ਦਿੱਤਾ ਅਤੇ ਇਸ ਧਰਨੇ ਨੂੰ ਕਿਸਾਨੀ ਅੰਦੋਲਨ ਤਕ ਹੀ ਰੱਖਣ ਦੀ ਅਪੀਲ ਕੀਤੀ।

ਤਰਨਤਾਰਨ ‘ਚ ਭਾਰਤ ਬੰਦ ਦਾ ਅਸਰ, ਦੁਕਾਨਾਂ ਤੇ ਆਵਾਜਾਈ ਮੁਕੰਮਲ ਠੱਪ

ਕਿਸਾਨ ਅੰਦੋਲਨ ਤਹਿਤ ਭਾਰਤ ਬੰਦ ਦੇ ਸੱਦੇ ਦੌਰਾਨ ਜ਼ਿਲ੍ਹਾ ਤਰਨਤਾਰਨ ‘ਚ ਦੁਕਾਨਾਂ, ਕਾਰਖਾਨੇ ਤੇ ਆਵਾਜਾਈ ਮੁਕੰਮਲ ਠੱਪ ਰਿਹਾ। ਹਾਲਾਂਕਿ ਸਿਹਤ ਸੇਵਾਵਾਂ ਪੂਰੀ ਤਰ੍ਹਾਂ ਨਾਲ ਖੁੱਲ੍ਹੀਆਂ ਰਹੀਆਂ। ਜਗ੍ਹਾ-ਜਗ੍ਹਾ ਪੁਲਿਸ ਮੁਲਾਜ਼ਮ ਬਾਜ਼ਾਰਾਂ ‘ਚ ਗਸ਼ਤ ਕਰਦੇ ਦਿਖਾਈ ਦਿੱਤੇ। ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਬਣਾਉਣ ਲਈ ਕਿਸਾਨ, ਮਜ਼ਦੂਰ ਜਥੇਬੰਦੀਆਂ ਦਾ ਦੁਕਾਨਦਾਰਾਂ ਨੇ ਵੀ ਪੂਰਾ ਸਮਰਥਨ ਦਿੱਤਾ ਜਦਕਿ ਟਰਾਂਸਪੋਰਟ ਵੀ ਮੁੰਕਮਲ ਬੰਦ ਰਹੀ।

ਗੁਰਦਾਸਪੁਰ ‘ਚ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਤੇ ਵਿਧਾਇਕ ਪਾਹੜਾ ਦੀ ਅਗਵਾਈ ‘ਚ ਰੋਸ ਮਾਰਚ ਕੱਢਿਆ

ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਸੰਗਠਨਾਂ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਜਿੱਥੇ ਗੁਰਦਾਸਪੁਰ ‘ਚ ਭਰਵਾਂ ਹੁੰਗਾਰਾ ਮਿਲਿਆ, ਉੱਥੇ ਹੀ ਅੱਜ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ (Tript Rajinder Singh Bajwa) ਅਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ (MLA Barindermeet Singh Pahra) ਦੀ ਅਗਵਾਈ ਹੇਠ ਵੱਡੀ ਗਿਣਤੀ ‘ਚ ਕਾਂਗਰਸ ਆਗੂਆਂ , ਵਰਕਰਾਂ ਤੇ ਕਿਸਾਨਾਂ ਨੇ ਸ਼ਹਿਰ ਵਿਚ ਮੋਦੀ ਸਰਕਾਰ ਖਿਲਾਫ਼ ਰੋਸ ਮਾਰਚ ਕੱਢਿਆ। ਇਹ ਰੋਸ ਮਾਰਚ ਵਿਧਾਇਕ ਪਾਹੜਾ ਦੇ ਸੰਗਲਪੁਰਾ ਰੋਡ ਸਥਿਤ ਨਿਵਾਸ ਸਥਾਨ ਤੋਂ ਸ਼ੁਰੂ ਹੋਇਆ ਅਤੇ ਤਿਬਰੀ ਰੋਡ, ਹਨੂੰਮਾਨ ਚੌਂਕ, ਪੁਲਿਸ ਲਾਈਨ ਰੋਡ, ਜਹਾਜ ਚੌਕ, ਸਿਵਲ ਲਾਈਨ, ਕਚਹਿਰੀ ਰੋਡ ਤੋਂ ਹੁੰਦਾ ਹੋਇਆ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਉਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਪੁੱਜਾ। ਇਥੇ ਕਾਂਗਰਸ ਆਗੂਆਂ ਨੇ ਰੋਸ ਧਰਨਾ ਦਿੱਤਾ।

ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਤੇ ਵਿਧਾਇਕ ਪਾਹੜਾ ਦੀ ਅਗਵਾਈ ‘ਚ ਕੈਂਡਲ ਮਾਰਚ ਕਰਦੇ ਕਾਂਗਰਸੀ ਆਗੂ, ਵਰਕਰ ਤੇ ਕਿਸਾਨ।

ਨੈਸ਼ਨਲ ਹਾਈਵੇ 354 ‘ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਅਤੇ ਪੁਲਿਸ ਵੱਲੋਂ ਕੀਤੀ ਗਈ ਨਾਕਾਬੰਦੀ ਤੇ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੁੰਦੇ ਹੋਏ ਕਿਸਾਨ।

ਜਾਣੋ ਬਠਿੰਡਾ ਦੀਆਂ ਤਸਵੀਰਾਂ ਕੀ ਕਹਿੰਦੀਆਂ…

‘ਭਾਰਤ ਬੰਦ’ ਕਾਰਨ ਬਠਿੰਡਾ ‘ਚ ਬੰਦ ਪਏ ਬਾਜ਼ਾਰ।

‘ਭਾਰਤ ਬੰਦ’ ਦਾ ਲੁਧਿਆਣਾ ‘ਚ ਅਸਰ, ਖੰਨਾ ‘ਚ NH ਜਾਮ, ਗੱਡੀਆਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ

ਕਿਸਾਨਾਂ ਦੇ ਭਾਰਤ ਬੰਦ ਨੂੰ ਲੁਧਿਆਣਾ ‘ਚ ਪੂਰੀ ਹਮਾਇਤ ਮਿਲ ਰਹੀ ਹੈ। ਸ਼ਹਿਰ ਦੇ ਸਾਰੇ ਬਾਜ਼ਾਰ ਬੰਦ ਹਨ ਤੇ ਹਾਈਵੇ ‘ਤੇ ਵਾਹਨਾਂ ਦੀ ਆਵਾਜਾਈ ਬੰਦ ਕਰ ਲਈ ਗਈ ਹੈ। ਸ਼ਹਿਰ ਵਿਚ ਸੁਰੱਖਿਆ ਦੇ ਇੰਤਜ਼ਾਮ ਪੁਖ਼ਤਾ ਕੀਤੇ ਗਏ ਹਨ। ਚੌੜਾ ਬਾਜ਼ਾਰ, ਘੰਟਾਘਰ, ਕਿਤਾਬ ਬਾਜ਼ਾਰ, ਸਾਬੁਣ ਬਾਜ਼ਾਰ ਸਮੇਤ ਤਮਾਮ ਬਾਜ਼ਾਰ ਬੰਦ ਹਨ। ਪੁਲਿਸ ਨੇ ਰੇਲਵੇ ਸਟੇਸ਼ਨ ਵੱਲੋਂ ਜਾਣ ਜਾਂਦੀ ਸੜਕ, ਲੱਕੜ ਪੁਲ਼ ਵੱਲੋਂ ਆਉਣ ਵਾਲੀ ਸੜਕ ਨੂੰ ਬੰਦ ਕੀਤਾ ਗਿਆ ਹੈ। ਖੰਨਾ ‘ਚ ਨੈਸ਼ਨਲ ਹਾਈਵੇ ਕਿਸਾਨ ਜਥੇਬੰਦੀਆਂ ਨੇ ਜਾਮ ਕਰ ਦਿੱਤਾ ਜਿਸ ਕਾਰਨ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ।

ਖੰਨਾ ਹਾਈਵੇ ‘ਤੇ ਜਾਮ ਲਾਉਂਦੇ ਕਿਸਾਨ।

ਸਮਰਾਲਾ ਚੌਕ ‘ਚ ਅਕਾਲੀ ਦਲ ਦੀ ਨੁਮਾਇੰਦਗੀ ‘ਚ ਧਰਨਾ ਸ਼ੁਰੂ।

ਲੁਧਿਆਣਾ ਦੇ ਸਭ ਤੋਂ ਬਿਜ਼ੀ ਚੌਕ ਭਾਰਤ ਨਗਰ ਚੌਕ ‘ਚ ਤਾਇਨਾਤ ਪੁਲਿਸ।

ਧਰਨੇ ‘ਚ ਪੁੱਜੇ PAU ਦੇ ਸਾਬਕਾ ਵੀਸੀ ਕਿਰਪਾਲ ਸਿੰਘ ਔਲਖ

ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਵਿਖੇ ਭਾਰਤ ਬੰਦ ਦੇ ਸਮਰਥਨ ‘ਚ ਧਰਨੇ ਨੂੰ ਪੀਏਯੂ ਦੇ ਸਾਬਕਾ ਵੀਸੀ ਡਾ. ਕਿਰਪਾਲ ਸਿੰਘ ਔਲਖ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ।

ਮੋਹਾਲੀ ਮੁੰਕਮਲ ਬੰਦ, ਬੀਬੀਆਂ ਵੀ ਧਰਨੇ ‘ਤੇ ਬੈਠੀਆਂ

ਮੋਹਾਲੀ ‘ਚ ਵੀ ਭਾਰਤ ਬੰਦ ਦਾ ਮੁਕੰਮਲ ਅਸਰ ਦੇਖਣ ਨੂੰ ਮਿਲਿਆ। ਵੱਖ-ਵੱਖ ਥਾਈਂ ਕਿਸਾਨਾਂ ਨੇ ਧਰਨਾ ਲਗਾਇਆ ਹੋਇਆ ਹੈ। ਖਰੜ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਚੱਕਾ ਜਾਮ ਕਰ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਪੁਆਧੀ ਮੰਚ ਵੱਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਅੱਗੇ ਧਰਨਾ ਲਗਾਇਆ ਗਿਆ ਜਿਸ ਵਿਚ ਬੀਬੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਹੈ।

ਅੰਤਰਰਾਸ਼ਟਰੀ ਪੁਆਧੀ ਮੰਚ ਵੱਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਅੱਗੇ ਲਗਾਇਆ ਗਿਆ ਧਰਨਾ।

‘ਭਾਰਤ ਬੰਦ’ ਦੇ ਦਿੱਤੇ ਗਏ ਸੱਦੇ ‘ਚ ਕਿਸਾਨ ਬੀਬੀਆਂ ਨੇ ਇੰਝ ਕੀਤੀ ਸ਼ਮੂਲੀਅਤ।

ਬੜੌਦੀ ਟੋਲ ਪਲਾਜ਼ਾ ‘ਤੇ ਭਾਰਤ ਬੰਦ ਦੇ ਸੱਦੇ ਨੂੰ ਨੇਪੜੇ ਚਾੜ੍ਹਨ ਲਈ ਇਕੱਤਰ ਹੋਏ ਕਿਸਾਨ।

ਅੰਗਹੀਣ ਹੋਣ ਦੇ ਬਾਵਜੂਦ ਸੰਘਰਸ਼ ‘ਚ ਹਾਜ਼ਰੀ ਭਰਦੇ ਹੋਏ ਜਤਿੰਦਰ ਸਿੰਘ ਸੋਨੀ।

ਹੁਸ਼ਿਆਰਪੁਰ ‘ਚ ਟੋਲ ਪਲਾਜ਼ਾ ਹਰਸਾ ਮਾਨਸਰ ‘ਤੇ ਰੋਸ ਧਰਨਾ

ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀਬਾੜੀ ਸੁਧਾਰ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਦਿੱਲੀ ਘਿਰਾਓ ਲਈ ਗਈਆਂ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਦਿੰਦੇ ਹੋਏ ਜਿੱਥੇ ਮੁਕੇਰੀਆਂ ਸ਼ਹਿਰ ਤੇ ਆਲੇ-ਦੁਆਲੇ ਦੇ ਪਿੰਡਾਂ-ਕਸਬਿਆਂ ‘ਚ ਦੁਕਾਨਾਂ ਤੇ ਕਾਰੋਬਾਰ ਬੰਦ ਰੱਖੇ ਗਏ, ਉੱਥੇ ਹੀ ਟੋਲ ਪਲਾਜ਼ਾ ਹਰਸਾ ਮਾਨਸਰ ‘ਤੇ ਵਿਸ਼ਾਲ ਰੋਸ ਧਰਨਾ ਜਾਰੀ ਹੈ।

ਹੁਸ਼ਿਆਰਪੁਰ ਦੇ ਟੋਲ ਪਲਾਜ਼ਾ ਹਰਸਾ ਮਾਨਸਰ ‘ਤੇ ਧਰਨਾ ਦਿੰਦੇ ਕਿਸਾਨ।

ਕਿਸਾਨਾਂ ਦੇ ਸੰਘਰਸ਼ ‘ਚ ਨਾਅਰੇਬਾਜ਼ੀ ਕਰਦਾ ਇਕ ਬੱਚਾ।

ਕਸਬਾ ਹਰਿਆਣਾ ਪੂਰੀ ਤਰ੍ਹਾਂ ਬੰਦ।

Leave a Reply

Your email address will not be published.