ਭਾਰਤ ਬੰਦ ਦੌਰਾਨ ਪੀਐੱਮ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਕੀਤਾ ਫੋਨ, ਜਨਮਦਿਨ ਦੀ ਦਿੱਤੀ ਵਧਾਈ

ਨਵੀਂ ਦਿੱਲੀ/ਚੰਡੀਗੜ੍ਹ (ਪੀਟੀਆਈ) : ਕਿਸਾਨਾਂ ਦੇ ਭਾਰਤ ਬੰਦ (Bharat Band) ਦੌਰਾਨ ਅੱਜ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Prakash Singh Badal) ਦਾ ਜਨਮਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਪੀਐੱਮ ਮੋਦੀ ਨੇ ਵਧਾਈ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਫੋਨ ਕੀਤਾ।
ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8 ਦਸੰਬਰ 1927 ਨੂੰ ਹੋਇਆ ਸੀ। ਉਹ ਲੰਬੇ ਸਮੇਂ ਤਕ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ। ਪ੍ਰਕਾਸ਼ ਬਾਦਲ ਦੀ ਅਗਵਾਈ ‘ਚ ਸ਼੍ਰੋਮਣੀ ਅਕਾਲੀ ਦਲ ਲੰਬੇ ਸਮੇਂ ਤਕ ਭਾਜਪਾ ਦੀ ਸਹਿਯੋਗੀ ਵੀ ਰਹੀ ਹੈ। ਹਾਲ ਹੀ ‘ਚ ਜਦੋਂ ਸੰਸਦ ਤੋਂ ਤਿੰਨ ਖੇਤੀ ਕਾਨੂੰਨ ਪਾਸ ਕੀਤੇ ਗਏ ਤਾਂ ਅਕਾਲੀ ਦਲ ਨੇ ਸਰਕਾਰ ਤੋਂ ਹਮਾਇਤ ਵਾਪਸ ਲੈ ਲਈ। ਇੱਥੋਂ ਤਕ ਕਿ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਬਾਦਲ ਨੇ ਮੋਦੀ ਕੈਬਨਿਟ ਤੋਂ ਅਸਤੀਫ਼ਾ ਵੀ ਦੇ ਦਿੱਤਾ ਸੀ।
ਇਸ ਤਰ੍ਹਾਂ ਕਿਸਾਨਾਂ ਦੇ ਮਸਲਿਆਂ ‘ਤੇ ਅਕਾਲੀ ਐੱਨਡੀਏ ਤੋਂ ਅਲੱਗ ਹੋ ਗਈ ਹੈ। ਹੁਣ ਜਦਕਿ ਪੰਜਾਬ ਦਾ ਕਿਸਾਨ ਦਿੱਲੀ ਬਾਰਡਰ ‘ਤੇ 13 ਦਿਨਾਂ ਤੋਂ ਡਟਿਆ ਹੋਇਆ ਹੈ ਤੇ ‘ਭਾਰਤ ਬੰਦ’ ਦਾ ਸੱਦਾ ਦਿੱਤਾ ਗਿਆ ਤਾਂ ਇਸ ਦੌਰਾਨ ਪੀਐੱਮ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਫੋਨ ਕਰ ਕੇ ਜਨਮਦਿਨ ਦੀ ਵਧਾਈ ਦਿੱਤੀ ਹੈ।
ਇਸ ਤੋਂ ਪਹਿਲਾਂ ਕਿਸਾਨਾਂ ਦੇ ਮਸਲੇ ‘ਤੇ ਪ੍ਰਕਾਸ਼ ਸਿੰਘ ਬਾਦਲ ਨੇ ਖ਼ੁਦ ਪੀਐੱਮ ਮੋਦੀ ਨੂੰ ਚਿੱਠੀ ਲਿਖੀ ਸੀ। ਚਿੱਠੀ ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਐਮਰਜੈਂਸੀ ਵਰਗੇ ਸ਼ਬਦਾਂ ਦਾ ਜ਼ਿਕਰ ਕਰਦਿਆਂ ਟਕਰਾਅ ਖ਼ਤਮ ਕਰਨ ਦੀ ਗੱਲ ਕਹੀ ਸੀ। ਨਾਲ ਹੀ ਲਿਖਿਆ ਸੀ ਕਿ ਗੱਲਬਾਤ, ਹੱਲ ਤੇ ਸਹਿਮਤੀ ਹੀ ਲੋਕਤੰਤਰ ਦੀ ਨੀਂਹ ਹੈ। ਬਾਦਲ ਨੇ ਲਿਖਿਆ ਸੀ ਕਿ ਗੱਲਬਾਤ ਨਾਲ ਟਕਰਾਅ ਟਾਲ਼ਿਆ ਜਾ ਸਕਦਾ ਹੈ।
ਪੀਐੱਮ ਮੋਦੀ ਨੂੰ ਚਿੱਠੀ ਲਿਖਣ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਕਿਸਾਨਾਂ ਦੇ ਸਮਰਥਨ ‘ਚ ਆਪਣਾ ਪਦਮ ਵਿਭੂਸ਼ਣ ਸਨਮਾਨ ਵੀ ਵਾਪਸ ਕਰ ਚੁੱਕੇ ਹਨ। ਦੱਸ ਦੇਈਏ ਕਿ ਪ੍ਰਕਾਸ਼ ਸਿੰਘ ਬਾਦਲ ਐੱਨਡੀਏ ਦੇ ਉਨ੍ਹਾਂ ਆਗੂਆਂ ‘ਚ ਰਹੇ ਹਨ ਜਿਨ੍ਹਾਂ ਦੇ ਜਨਤਕ ਮੰਚਾਂ ‘ਤੇ ਪੈਰ ਛੂਹ ਕੇ ਨਰਿੰਦਰ ਮੋਦੀ ਅਸ਼ੀਰਵਾਦ ਲੈਂਦੇ ਰਹੇ ਹਨ। ਹਾਲਾਂਕਿ, ਹੁਣ ਖੇਤੀ ਕਾਨੂੰਨਾਂ ‘ਤੇ ਭਾਜਪਾ ਤੇ ਅਕਾਲੀ ਦਲ ਆਹਮੋ-ਸਾਹਮਣੇ ਆ ਗਏ ਹਨ।

Leave a Reply

Your email address will not be published. Required fields are marked *