ਦਿੱਲੀ ਧਰਨੇ ਦੌਰਾਨ ਖੋਟੇ ਪਿੰਡ ਦੇ ਕਿਸਾਨ ਦਾ ਦੇਹਾਂਤ, ਹਾਰਟ ਅਟੈਕ ਆਉਣ ਨਾਲ ਹੋਈ ਮੌਤ
ਮੋਗਾ: ਦੇਸ਼ ਭਰ ‘ਚ ਨਵੇਂ ਬਣਾਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਭਰ ਦੇ ਕਿਸਾਨ ਦਿਲੀ ਧਰਨੇ ‘ਤੇ ਡੱਟੇ ਹੋਏ ਹਨ। ਇਸ ਦੌਰਾਨ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਰਾਜਨੀਤੀਕ ਪਿੰਡ ਖੋਟੇ ਤੋਂ ਕਿਸਾਨ ਮੇਵਾ ਸਿੰਘ ਦੇ ਦੇਹਾਂਤ ਦੀ ਦੁੱਖਦਾਈ ਖ਼ਬਰ ਮਿਲਣ ਨਾਲ ਇਲਾਕੇ ਭਰ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਨੌਜਵਾਨ ਕਿਸਾਨ ਦੀ ਮੌਤ ਦੀ ਖ਼ਬਰ ਜਿਉਂ ਹੀ ਸੋਸ਼ਲ ਮੀਡੀਆ ‘ਤੇ ਫੈਲੀ ਤਾਂ ਮ੍ਰਿਤਕ ਦੇ ਪਿੰਡ ਖੋਟੇ ਵਿਖੇ ਲੋਕਾਂ ਤੇ ਕਿਸਾਨਾਂ ਦਾ ਆਉਣਾ ਸ਼ੁਰੂ ਹੋ ਗਿਆ ਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਉਧਰ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ, ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਵੀ ਪਰਿਵਾਰ ਨਾਲ ਡੁੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਸਾਨ ਮੇਵਾ ਸਿੰਘ ਨੂੰ ਕਿਸਾਨੀ ਸੰਘਰਸ਼ ‘ਚ ਜਿੰਦਗੀ ਲੇਖੇ ਲਾਉਣ ‘ਤੇ ਕਿਸਾਨਾਂ ਦਾ ਯੋਧਾ ਕਰਾਰ ਦਿੱਤਾ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਕਿਸਾਨ ਮੇਵਾ ਸਿੰਘ ਦੀ ਲਾਸ਼ ਨੂੰ ਕਿਸਾਨਾਂ ਨੇ ਅਣਮਿਥੇ ਸਮੇਂ ਲਈ ਬਹਾਦਰਗ੍ਹੜ ਬਾਰਡ ‘ਤੇ ਰੱਖ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।