ਸ਼ੌਰਿਆ ਚੱਕਰ ਜੇਤੂ ਬਲਵਿੰਦਰ ਹੱਤਿਆਕਾਂਡ ਦਾ ਮੁੱਖ ਦੋਸ਼ੀ ਗੈਂਗਸਟਰ ਸੁੱਖ ਭਿਖਾਰੀਵਾਲਾ ਦੁਬਈ ‘ਚ ਗ੍ਰਿਫ਼ਤਾਰ
ਤਰਨਤਾਰਨ : ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ (Balwinder Singh Sandhu) ਦੀ ਹੱਤਿਆ ਮਾਮਲੇ ‘ਚ ਫ਼ਰਾਰ ਚਲੇ ਆ ਰਹੇ ਏ ਕੈਟਾਗਰੀ ਦੇ ਗੈਂਗਸਟਰ ਸੁੱਖ ਭਿਖਾਰੀਵਾਲਾ (Gangster Sukh Bhikhariwal) ਨੂੰ ਦੁਬਈ ‘ਚ ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਨੇ ਦਬੋਚ ਲਿਆ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਵੱਲੋਂ ਹਾਲ ਹੀ ‘ਚ ਗ੍ਰਿਫ਼ਤਾਰ ਕੀਤੇ ਗਏ ਖ਼ਾਲਿਸਤਾਨੀ ਅੱਤਵਾਦੀ ਗੁਰਜੀਤ ਸਿੰਘ ਉਰਫ਼ ਭਾ ਤੇ ਸੁਖਦੀਪ ਸਿੰਘ ਉਰਫ਼ ਭਰਾ ਤੋਂ ਪੁੱਛਗਿੱਛ ਦੇ ਆਧਾਰ ‘ਤੇ ਸੁੱਖ ਭਿਖਾਰੀਵਾਲਾ ਨੂੰ ਫੜਨ ਦੀ ਖ਼ਬਰ ਹੈ। ਹਾਲਾਂਕਿ ਇਸ ਬਾਰੇ ਅਧਿਕਾਰਤ ਤੌਰ ‘ਤੇ ਫਿਲਹਾਲ ਕਿਸੇ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ।
ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਪੁਲਿਸ ਨੂੰ ਵਿਸ਼ੇਸ਼ ਟੀਮ ਵੱਲੋਂ ਜੰਮੂ-ਕਸ਼ਮੀਰ ਨਾਲ ਸਬੰਧਤ ਤਿੰਨ ਅੱਤਵਾਦੀਆਂ ਤੇ ਪੰਜਾਬ ਨਾਲ ਸਬੰਧਤ ਦੋਵੇਂ ਖ਼ਾਲਿਸਤਾਨੀ ਅੱਤਵਾਦੀਆਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਹੀ ਏ ਕੈਟਾਗਰੀ ਦੇ ਗੈਂਗਸਟਰ ਸੁੱਖ ਭਿਖਾਰੀਵਾਲਾ ਬਾਰੇ ਸੁਰਾਗ਼ ਲਗਾ ਗਿਆ ਗਿਆ ਸੀ। ਮੋਬਾਈਲ ਕਾਲ ਦੀ ਟ੍ਰੇਸਿੰਗ ਨਾਲ ਸੁੱਖ ਭਿਖਾਰੀਵਾਲਾ ਦੀ ਲੋਕੇਸ਼ਨ ਦਾ ਪਤਾ ਚੱਲਦੇ ਹੀ ਉਸ ਨੂੰ ਦੁਬਈ ‘ਚ ਫੜ ਲਿਆ ਗਿਆ।
ਕਾਬਿਲੇਗ਼ੌਰ ਹੈ ਕਿ 16 ਅਕਤੂਬਰ ਨੂੰ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਭਿਖੀਵਿੰਡ ਦੀ ਹੱਤਿਆ ਲਈ ਸੁੱਖ ਭਿਖਾਰੀਵਾਲਾ ਨੇ ਦੋਵਾਂ ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਵਾਏ ਸਨ। ਸੁੱਖ ਭਿਖਾਰੀਵਾਲਾ ਦੀ ਦੁਬਈ ‘ਚ ਕਾਬੂ ਕੀਤੇ ਜਾਣ ਬਾਰੇ ਟੀਵੀ ਚੈਨਲਾਂ ‘ਤੇ ਖ਼ਬਰ ਚੱਲਦੇ ਹੀ ਪੁਲਿਸ ਅਧਿਕਾਰੀ ਵੀ ਆਪਣੇ ਪੱਧਰ ‘ਤੇ ਦਿੱਲੀ ਪੁਲਿਸ ਨਾਲ ਰਾਬਤਾ ਕਰਨ ਵਿਚ ਲੱਗੇ ਹੋਏ ਹਨ।