7,35,98,50,00,000 ਰੁਪਏ ਦੀ ਰਿਸ਼ਵਤ ਤੇ ਇਸ ਤੋਂ ਦੁੱਗਣੀ ਰਕਮ ਦੀ ਚੋਰੀ! ਇਸ ਬਾਰੇ ਕੀ ਕਹੋਗੇ ਤੁਸੀਂ
ਨਵੀਂ ਦਿੱਲੀ – ਭ੍ਰਿਸ਼ਟਾਚਾਰ ਪੂਰੀ ਦੁਨੀਆ ‘ਚ ਸਭ ਤੋਂ ਵੱਡੀ ਸਮੱਸਿਆ ਹੈ। ਇਸ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਪਹੁੰਚੀਆਂ ਹੋਈਆਂ ਹਨ, ਇਸ ਦਾ ਅੰਦਾਜ਼ਾ ਉਦੋਂ ਹੁੰਦਾ ਹੈ ਜਦੋਂ ਇਸ ਦੀ ਰਕਮ ਦਾ ਅੰਦਾਜ਼ਾ ਹੁੰਦਾ ਹੈ। ਸੰਯੁਕਤ ਰਾਸ਼ਟਰ ਅਨੁਸਾਰ ਪੂਰੀ ਦੁਨੀਆ ‘ਚ 7,35,98,50,00,000 ਰੁਪਏ (1 ਟ੍ਰਿਲੀਅਨ ਅਮਰੀਕੀ ਡਾਲਰ) ਹਰ ਸਾਲ ਰਿਸ਼ਵਤ ਦੇ ਰੂਪ ‘ਚ ਦਿੱਤੇ ਜਾਂਦੇ ਹਨ। ਉਥੇ ਹੀ 19,13,47,00,00,00,000 ਰੁਪਏ ਦੀ (2.6 ਟ੍ਰਿਲੀਅਨ ਅਮਰੀਕੀ ਡਾਲਰ) ਵੱਖ-ਵੱਖ ਮਾਧਿਅਮਾਂ ਨਾਲ ਚੋਰੀ ਕੀਤੀ ਜਾਂਦੀ ਹੈ। ਯੂਐੱਨ ਅਨੁਸਾਰ ਭ੍ਰਿਸ਼ਟਾਚਾਰ ਦੀ ਇਹ ਰਕਮ ਵਿਕਾਸਸ਼ੀਲ ਦੇਸ਼ਾਂ ਵੱਲੋਂ ਵਿਕਾਸ ਦੇ ਨਾਂ ‘ਤੇ ਖ਼ਰਚ ਕੀਤੀ ਜਾਣ ਵਾਲੀ ਰਕਮ ਤੋਂ ਕਰੀਬ ਦਸ ਗੁਣਾਂ ਜ਼ਿਆਦਾ ਹੈ।
ਇਸ ‘ਚ ਕੋਈ ਸੰਦੇਹ ਨਹੀਂ ਹੈ ਕਿ ਭ੍ਰਿਸ਼ਟਾਚਾਰ ਮੁਕਤ ਸਮਾਜ ਤੋਂ ਬਿਨਾਂ ਇਕ ਵਿਕਾਸ ਤੇ ਸਮੂਹ ਰਾਸ਼ਟਰ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਇਹੀ ਵਜ੍ਹਾ ਹੈ ਕਿ ਯੂਐੱਨ ਨੇ ਇਸ ਖ਼ਿਲਾਫ਼ ਇਕਜੁੱਟ ਹੋ ਕੇ ਲੜਾਈ ਲੜਨ ਦੀ ਜ਼ਰੂਰਤ ਮਹਿਸੂਸ ਕੀਤੀ। ਇਸ ਮਕਸਦ ਨੂੰ ਪੂਰਾ ਕਰਨ ਲਈ ਹਰ ਸਾਲ 9 ਦਸੰਬਰ ਦਾ ਦਿਨ ਇੰਟਰਨੈਸ਼ਨਲ ਐਂਟੀ ਕਰੱਪਸ਼ਨ ਡੇ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਸਭ ਤੋਂ ਵੱਡਾ ਮਕਸਦ ਇਹੀ ਹੈ ਕਿ ਦੁਨੀਆ ਨੂੰ ਇਸ ਬਾਰੇ ‘ਚ ਜਾਗਰੂਕ ਕੀਤਾ ਜਾਵੇ ਤੇ ਇਸ ਆਲਮੀ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ।
ਯੂਐੱਨ ਨੇ ਸਾਲ 2020 ਲਈ ਜੋ ਥੀਮ ਰੱਖਿਆ ਹੈ, ਉਸ ਨੂੰ ਯੂਨਾਈਟਡ ਅਗੇਂਸਟ ਕਰੱਪਸ਼ਨ ਦਾ ਨਾਂ ਦਿੱਤਾ ਗਿਆ ਹੈ। ਇਹ ਵਾਰ ਦਾ ਇਹ ਥੀਮ ਅਗਲੇ ਸਾਲ ਦੇ ਏਜੰਡੇ ਨੂੰ ਵੀ ਸਪੋਰਟ ਕਰਦਾ ਹੈ, ਜਿਸ ਦਾ ਮਕਸਦ ਇਸ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੀ ਮੁਹਿੰਮ ‘ਚ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ ਨਾਲ ਲਿਆਉਣਾ ਹੈ। ਸੰਯੁਕਤ ਰਾਸ਼ਟਰ ਦਾ ਮੰਨਣਾ ਹੈ ਕਿ ਨੌਜਵਾਨਾਂ ਨੂੰ ਜ਼ਿਆਦਾ ਗਿਣਤੀ ‘ਚ ਨਾਲ ਲਿਆਉਣਾ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ‘ਚ ਮਦਦ ਕਰ ਸਕਦਾ ਹੈ।