ਕੈਨੇਡਾ ਲੈ ਕੇ ਜਾਣ ਦਾ ਝਾਂਸਾ ਦੇ ਕੇ ਕਰਵਾਇਆ ਵਿਆਹ, ਪਹੁੰਚ ਕੇ ਤੋੜਿਆ ਨਾਤਾ

ਸ਼ਾਹਕੋਟ: ਵਿਦੇਸ਼ ਜਾ ਕੇ ਵਸਣ ਹੋਣ ਦੀ ਚਾਹਤ ਇਕੱਲੇ ਮੁੰਡਿਆਂ ‘ਚ ਹੀ ਨਹੀਂ ਬਲਕਿ ਕੁੜੀਆਂ ਵਿਚ ਵੀ ਇਸ ਕਦਰ ਵੱਧਦੀ ਜਾ ਰਹੀ ਹੈ ਕਿ ਮਾੜੇ ਵਿੱਤੀ ਹਲਾਤਾਂ ਦੇ ਬਾਵਜੂਦ ਹਰ ਹੀਲਾ ਵਰਤ ਕੇ ਵਿਦੇਸ਼ ਪਹੁੰਚ ਰਹੀਆਂ ਹਨ ।
ਪਿੱਛੋਂ ਜਦੋਂ ਹਕੀਕਤ ਸਾਹਮਣੇ ਆਉਂਦੀ ਹੈ ਤਾਂ ਮਾਮਲੇ ਥਾਣੇ ਕਚਹਿਰੀਆਂ ਤੱਕ ਜਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਉਸ ਵੇਲੇ ਸਾਹਮਣੇ ਆਇਆ। ਜਦੋਂ ਨੂਰਮਹਿਲ ਦੀ ਇਕ ਲੜਕੀ ਵੱਲੋਂ ਸ਼ਾਹਕੋਟ ਰਹਿੰਦੇ ਸਹੁਰਿਆਂ ਨਾਲ 18 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋਂ ਦਰਜ ਕੀਤਾ ਗਿਆ। ਕੁੜੀ ਦੇ ਪਤੀ ਦਾ ਦੋਸ਼ ਹੈ ਕਿ ਨਾ ਸਿਰਫ ਕੁੜੀ ਨੇ ਬਾਹਰ ਜਾਣ ਲਈ ਉਨ੍ਹਾਂ ਦੇ ਪੈਸੇ ਖਰਚ ਕਰਵਾਏ ਸਗੋਂ ਵਿਆਹ ‘ਤੇ ਹੋਇਆ ਸਾਰਾ ਖਰਚਾ ਵੀ ਮੁੰਡੇ ਵਾਲੇ ਪਰਿਵਾਰ ਨੇ ਹੀ ਕੀਤਾ ਹੈ। ਇਸ ਸਬੰਧ ਵਿਚ ਥਾਣਾ ਸ਼ਾਹਕੋਟ ਪੁਲਿਸ ਨੇ 3 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਬਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਸ਼ਾਹਕੋਟ ਜਿਲ੍ਹਾ ਜਲੰਧਰ ਨੇ ਦੋਸ਼ ਲਗਾਇਆ ਕਿ ਪਰਤੀਕਸ਼ਾ ਪੁੱਤਰੀ ਨਵਲ ਕਿਸ਼ੋਰ ਵਾਸੀ ਨੂਰਮਹਿਲ ਨੇ ਆਈਲਟਸ ਵਿਚੋਂ 7 ਬੈਂਡ ਪ੍ਰਾਪਤ ਕੀਤੇ ਹੋਏ ਸਨ। ਉਹ ਵਿਦੇਸ਼ ਜਾਣਾ ਚਾਹੁੰਦੀ ਸੀ ਪਰ ਘਰ ਦੀ ਵਿੱਤੀ ਹਾਲਤ ਕਮਜ਼ੋਰ ਹੋਣ ਕਾਰਨ ਉਹ ਬਾਹਰ ਨਹੀਂ ਜਾ ਸਕਦੀ ਸੀ। ਉਸਦੇ ਮਾਪਿਆਂ ਨੇ ਸਾਜਿਸ਼ ਤਹਿਤ ਆਪਣੀ ਲੜਕੀ ਪਰਤੀਕਸ਼ਾ ਦਾ ਵਿਆਹ 13 ਜੁਲਾਈ 2019 ਉਸ ਨਾਲ ਗੁਰਮਰਿਆਦਾ ਅਨੁਸਾਰ ਮੁਹੱਲਾ ਕੋਟਲਾ ਨੂਰਮਹਿਲ ਦੇ ਗੁਰਦੁਆਰਾ ਸਾਹਿਬ ਵਿਖੇ ਕਰ ਦਿੱਤਾ। ਵਿਆਹ ਮੌਕੇ ਮੇਰੇ ਮਾਪਿਆਂ ਵੱਲੋਂ ਪਰਤੀਕਸ਼ਾ ਨੂੰ 1 ਤੋਲਾ ਟੋਪਸ ਸੈੱਟ ਪਾਇਆ ਗਿਆ ਅਤੇ ਵਿਆਹ ‘ਤੇ ਲਗਭਗ 50 ਹਜ਼ਾਰ ਰੁਪਏ ਖਰਚਾ ਵੀ ਪਰਿਵਾਰ ਵੱਲੋਂ ਕੀਤਾ ਗਿਆ। ਉਸ ਤੋਂ ਬਾਅਦ ਵਿਆਹ 2 ਅਗਸਤ 2019 ਨੂੰ ਰਜਿਸਟਰ ਕਰਵਾਇਆ ਗਿਆ ਅਤੇ ਅਧਾਰ ਕਾਰਡ ਬਣਵਾਇਆ ਗਿਆ ਜਿਸ ਵਿਚ ਉਸ ਦਾ ਨਾਮ ਦਰਜ ਹੈ। ਜਦੋਂ ਪਾਸਪੋਰਟ ਵਿਚ ਨਾਮ ਦਰਜ ਕਰਵਾਉਣ ਦੀ ਗੱਲ ਕੀਤੀ ਤਾਂ ਮੇਰੇ ਸਹੁਰੇ ਨਵਲ ਕਿਸ਼ੋਰ ਨੇ ਕਿਹਾ ਕਿ ਏਜੰਟ ਕਹਿੰਦਾ ਹੈ ਕਿ ਇਸਦੇ ਪਾਸਪੋਰਟ ਵਿਚ ਨਾਮ ਚੜ੍ਹਾਉਣ ਦੀ ਕੋਈ ਲੋੜ ਨਹੀਂ ਹੈ। ਜਿਸ ਤੋਂ ਬਾਅਦ ਜਲੰਧਰ ਦੇ ਇਕ ਏਜੰਟ ਵੱਲੋਂ ਪਰਤੀਕਸ਼ਾ ਦੀ ਕੈਨੇਡਾ ਜਾਣ ਲਈ ਫਾਈਲ ਭਰੀ ਗਈ। ਫੀਸਾਂ ਤੇ ਹੋਰ ਸਾਰੇ ਖਰਚੇ ਪਾ ਕੇ ਹੁਣ ਤੱਕ 18 ਲੱਖ 35 ਹਜ਼ਾਰ ਰੁਪਏ ਖਰਚ ਹੋਇਆ ਹੈ।
ਬਲਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਵਿਆਹ ਤੋਂ ਬਾਅਦ ਉਸ ਦੀ ਪਤਨੀ ਕੈਨੇਡਾ ਚਲੀ ਗਈ। ਵਿਆਹ ਤੋਂ ਤਕਰੀਬਨ 3 ਮਹੀਨੇ ਤੱਕ ਸਭ ਕੁਝ ਠੀਕ ਠਾਕ ਚੱਲਦਾ ਰਿਹਾ ਪਰ ਉਸ ਤੋਂ ਬਾਅਦ ਪਰਤੀਕਸ਼ਾ ਨੇ ਉਸਦੇ ਸਾਰੇ ਪਰਿਵਾਰ ਨੂੰ ਬਲੌਕ ਕਰਕੇ ਗੱਲਬਾਤ ਕਰਨੀ ਬੰਦ ਕਰ ਦਿੱਤੀ। ਉਲਟਾ ਮੇਰੇ ਸਹੁਰੇ ਨੇ ਥਾਣਾ ਨੂਰਮਹਿਲ ਵਿਖੇ ਉਸ ਖਿਲਾਫ ਰਿਪੋਰਟ ਦਰਜ ਕਰਵਾ ਦਿੱਤੀ ਕਿ ਉਸਦੀ ਲੜਕੀ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਹੈ। ਸ਼ਾਹਕੋਟ ਵਿਖੇ ਮੇਰੇ ਤਾਏ ਦੀ ਦੁਕਾਨ ‘ਤੇ ਨਵਲ ਕਿਸ਼ੋਰ ਨੇ ਸਾਨੂੰ ਬੁਰਾ ਭਲਾ ਕਿਹਾ ਅਤੇ ਸਾਰੇ ਪਰਿਵਾਰ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਭੇਜਣ ਦੀਆਂ ਧਮਕੀਆਂ ਦਿੱਤੀਆਂ।
ਬਿਹਾਰ ਤੋਂ ਦੋ ਮਹੀਨੇ ਪਹਿਲਾਂ ਭੱਜ ਕੇ ਕੀਤਾ ਸੀ ਪ੍ਰੇਮ ਵਿਆਹ, ਨਾਜਾਇਜ਼ ਸਬੰਧਾਂ ਦੇ ਸ਼ੱਕ ‘ਚ ਪਤੀ ਨੇ ਕੁੱਟਿਆ, ਪਤਨੀ ਨੇ ਜ਼ਹਿਰ ਪੀ ਕੇ ਦਿੱਤੀ ਜਾਨ
ਡੀਐੱਸਪੀ ਸ਼ਾਹਕੋਟ ਵਰਿੰਦਰਪਾਲ ਸਿੰਘ ਨੇ ਦੋਵੇਂ ਧਿਰਾਂ ਦੇ ਬਿਆਨ ਕਲਮਬੰਦ ਕੀਤੇ। ਪੜਤਾਲ ਵਿਚ ਸਾਹਮਣੇ ਆਇਆ ਕਿ ਨਵਲ ਕਿਸ਼ੋਰ ਅਤੇ ਉਸਦੀ ਪਤਨੀ ਸੁਨੀਤਾ ਨੇ ਗਿਣੀ ਮਿੱਥੀ ਸਾਜਿਸ਼ ਤਹਿਤ ਬਲਵਿੰਦਰ ਸਿੰਘ ਨੂੰ ਕੈਨੇਡਾ ਜਾਣ ਦਾ ਝਾਂਸਾ ਦੇ ਕੇ ਆਪਣੀ ਲੜਕੀ ਪਰਤੀਕਸ਼ਾ ਦਾ ਉਸ ਨਾਲ ਵਿਆਹ ਕਰ ਦਿੱਤਾ ਅਤੇ ਉਸਦੇ ਪਰਿਵਾਰ ਪਾਸੋਂ ਸਾਰਾ ਖਰਚਾ ਕਰਵਾ ਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਹੈ। ਪੁਲਿਸ ਨੇ ਨਵਲ ਕਿਸ਼ੋਰ, ਸੁਨੀਤਾ ਅਤੇ ਪਰਤੀਕਸ਼ਾ ਖਿਲਾਫ ਧਾਰਾ 420, 120 ਬੀ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

Leave a Reply

Your email address will not be published.