ਨੇਪਾਲ ‘ਚ ਹੁਣ ਰਾਜਾਸ਼ਾਹੀ ਬਹਾਲੀ ਲਈ ਅੰਦੋਲਨ, ਮਹਿਜ਼ 12 ਸਾਲਾਂ ‘ਚ ਜਨਤਾ ਦਾ ਲੋਕਤੰਤਰ ਤੋਂ ਮੋਹ ਭੰਗ
ਮਹਰਾਜਗੰਜ : ਗੁਆਂਢੀ ਦੇਸ਼ ਨੇਪਾਲ ‘ਚ ਲੋਕਤੰਤਰ ਵਿਰੁੱਧ ਲੋਕ ਦਾ ਗੁੱਸਾ ਹੋਰ ਤੇਜ਼ ਹੋ ਗਿਆ ਹੈ। ਮਹਿਜ਼ 12 ਸਾਲਾਂ ‘ਚ ਇਥੋਂ ਦੀ ਜਨਤਾ ਦਾ ਲੋਕਤੰਤਰ ਤੋਂ ਮੋਹ ਭੰਗ ਹੋ ਗਿਆ ਹੈ। ਦੇਸ਼ ਦੇ ਅੰਦਰੂਨੀ ਤੇ ਬਾਹਰੀ ਮੁੱਦਿਆਂ ਨੂੰ ਲੈ ਕੇ ਲੋਕ ਭਾਵਨਾ ‘ਤੇ ਖ਼ਰੀ ਨਹੀਂ ਉਤਰ ਰਹੀ ਸਰਕਾਰ ਨੂੰ ਲੋਕਾਂ ਦਾ ਗੁੱਸਾ ਝੱਲਣਾ ਪੈ ਰਿਹਾ ਹੈ। ਮਹਿੰਗਾਈ, ਬੇਰੁਜ਼ਗਾਰੀ ਤੇ ਮੁੱਢਲੀਆਂ ਸਹੂਲਤਾਂ ਲਈ ਜੂਝ ਰਹੇ ਲੋਕ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੇ ਚੀਨ ਪ੍ਰਤੀ ਝੁਕਾਅ ਤੋਂ ਵੀ ਨਾਰਾਜ਼ ਹਨ।
ਸਰਕਾਰ ਨੂੰ ਪੂਰੇ ਦੇਸ਼ ‘ਚ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਹੱਥਾਂ ‘ਚ ਸਾਬਕਾ ਰਾਜੇ ਪਿ੍ਥਵੀ ਨਾਰਾਇਣ ਸ਼ਾਹ ਦੀਆਂ ਤਸਵੀਰਾਂ ਲੈ ਕੇ ਸੜਕਾਂ ‘ਤੇ ਉਤਰ ਰਹੇ ਹਨ। ਉਨ੍ਹਾਂ ਨੂੰ ਆਧੁਨਿਕ ਨੇਪਾਲ ਦਾ ਨਿਰਮਾਤਾ ਮੰਨਿਆ ਜਾਂਦਾ ਹੈ। ਰਾਜਸ਼ਾਹੀ ਦੀ ਬਹਾਲੀ ਤੇ ਨੇਪਾਲ ਨੂੰ ਹਿੰਦੂ ਰਾਸ਼ਟਰ ਐਲਾਨਣ ਦੀ ਮੰਗ ਨੂੰ ਲੈ ਕੇ ਜਾਰੀ ਇਸ ਅੰਦੋਲਨ ਦੀ ਸ਼ੁਰੂਆਤ 30 ਅਕਤੂਬਰ ਨੂੰ ਬੁਟਵਲ ‘ਚ ਹਿੰਦੂਵਾਦੀ ਸੰਗਠਨਾਂ ਦੀ ਮੋਟਰਸਾਈਕਲ ਰੈਲੀ ਨਾਲ ਹੋਈ ਸੀ, ਜੋ ਹੁਣ ਪੂਰੇ ਦੇਸ਼ ‘ਚ ਫੈਲ ਚੁੱਕਾ ਹੈ। ਸਰਹੱਦੀ ਜ਼ਿਲ੍ਹੇ ਰੂਪਨਦੇਹੀ, ਨਵਲਪਰਾਸੀ, ਝਾਪਾ, ਕਪਿਲਵਸਤੂ, ਦਾਂਗ ਸਮੇਤ ਪਹਾੜੀ ਖੇਤਰ ‘ਚ ਵੀ ਸਰਕਾਰ ਨੂੰ ਸਖਤ ਵਿਰੋਧ ਝੱਲਣਾ ਪੈ ਰਿਹਾ ਹੈ। ਹਾਲ ‘ਚ ਹੀ ਕਾਠਮੰਡੂ, ਵਿਰਾਟਨਗਰ, ਧਨਗੜੀ, ਪੋਖਰਾ ਤੇ ਜਨਕਪੁਰ ‘ਚ ਰਾਜਸ਼ਾਹੀ ਦੀ ਹਮਾਇਤ ‘ਚ ਵੱਡੀ ਰੈਲੀ ਹੋ ਚੱੁਕੀ ਹੈ। ਵਿਸ਼ਵ ਹਿੰਦੂ ਮਹਾਸੰਘ, ਰਾਸ਼ਟਰਵਾਦੀ ਨਾਗਰਿਕ ਸਮਾਜ, ਨੇਪਾਲ ਬੁੱਧਜੀਵੀ ਪ੍ਰਰੀਸ਼ਦ, ਦੇਸ਼ ਭਗਤ ਨੇਪਾਲ ਨਾਗਰਿਕ ਸੰਗਠਨ, ਸ਼ੈਵ ਸੈਨਾ ਨੇਪਾਲ, ਰਾਸ਼ਟਰੀ ਸਰੋਕਾਰ ਮੰਚ, ਰਾਸ਼ਟਰੀ ਸ਼ਕਤੀ ਨੇਪਾਲ ਦੇ ਵਰਕਰ ਮੋਟਰਸਾਈਕਲ ਰੈਲੀ ਕੱਢ ਕੇ ਅੰਦੋਲਨ ਨੂੰ ਹੋਰ ਵਿਆਪਕ ਬਣਾਉਣ ‘ਚ ਲੱਗੇ ਹਨ।
ਨੇਪਾਲ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਕਮਲ ਥਾਪਾ ਦੀ ਅਗਵਾਈ ਵਾਲੀ ਕੌਮੀ ਪ੍ਰਜਾਤੰਤਰ ਪਾਰਟੀ ਦੀ ਹਮਾਇਤ ਨੇ ਅੰਦੋਲਨ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਕੌਮੀ ਨਾਗਰਿਕ ਅੰਦੋਲਨ ਦੇ ਕਨਵੀਨਰ ਬਾਲਕ੍ਰਿਸ਼ਨ ਨਿਓਪਾਨੇ ਨੇ ਦੱਸਿਆ ਕਿ ਇਹ ਜਨਤਾ ਵੱਲੋਂ ਸ਼ੁਰੂ ਕੀਤਾ ਗਿਆ ਅੰਦੋਲਨ ਹੈ। ਦੇਸ਼ ਨੂੰ ਬਚਾਉਣ ਲਈ ਰਾਜਤੰਤਰ ਦੀ ਬਹਾਲੀ ਤੋਂ ਇਲਾਵਾ ਕੋਈ ਬਦਲ ਨਹੀਂ ਹੈ।
2008 ‘ਚ ਖ਼ਤਮ ਹੋਈ ਸੀ ਰਾਜਸ਼ਾਹੀ
ਨੇਪਾਲ ‘ਚ ਰਾਜਸ਼ਾਹੀ ਦੀ ਸਮਾਪਤੀ ਲਈ ਮਾਓਵਾਦੀਆਂ ਨੇ 1996 ਤੋਂ ਲੈ ਕੇ 2006 ਤਕ ਹਥਿਆਰਬੰਦ ਅੰਦੋਲਨ ਕੀਤਾ ਸੀ। ਇਸ ਅੰਦੋਲਨ ‘ਚ ਕਰੀਬ ਦੋ ਹਜ਼ਾਰ ਲੋਕਾਂ ਦੀ ਜਾਨ ਗਈ ਸੀ। 28 ਮਈ, 2008 ‘ਚ ਖੱਬੇਪੱਖੀ ਪਾਰਟੀਆਂ ਦੀ ਜਿੱਤ ਤੋਂ ਬਾਅਦ ਫੌਰੀ ਨੇਪਾਲ ਦੇ ਰਾਜੇ ਗਿਆਨੇਂਦਰ ਨੂੰ ਗੱਦੀਓਂ ਲਾਹ ਕੇ ਦੇਸ਼ ਨੂੰ ਗਣਤੰਤਰ ਐਲਾਨ ਦਿੱਤਾ ਗਿਆ ਸੀ। ਇਸੇ ਨਾਲ 240 ਸਾਲਾਂ ਤੋਂ ਚਲਦੀ ਆ ਰਹੀ ਰਾਜਸ਼ਾਹੀ ਦਾ ਅੰਤ ਹੋ ਗਿਆ। ਨੇਪਾਲ ਨੂੰ ਹਿੰਦੂ ਰਾਸ਼ਟਰ ਤੋਂ ਧਰਮ ਨਿਰਪੱਖ ਦੇਸ਼ ਐਲਾਨ ਦਿੱਤਾ ਗਿਆ।