ਰਾਜ ਚੌਹਾਨ ਬ੍ਰਿਟਿਸ਼ ਕੋਲੰਬੀਆ ਦੇ ਪਹਿਲੇ ਪੰਜਾਬੀ ਸਪੀਕਰ ਬਣੇ

ਵਿਕਟੋਰੀਆ, 8 ਦਸੰਬਰ, (ਨੈਸ਼ਨਲ ਬਿਊਰੋ)- ਬ੍ਰਿਟਿਸ਼ ਕੋਲੰਬੀਆ ਦੇ ਅਸੈਂਬਲੀ ਸੈਸ਼ਨ ਦੌਰਾਨ ਬਰਨਬੀ ਐਡਮੰਡਜ਼ ਤੋਂ ਪੰਜਵੀਂ ਵਾਰ ਐੱਮ ਐੱਲ ਏ ਬਣਨ ਵਾਲੇ ਰਾਜ ਚੌਹਾਨ ਨੂੰ ਅਸੈਂਬਲੀ ਦਾ ਸਪੀਕਰ ਚੁਣ ਲਿਆ ਗਿਆ। ਉਹ ਇਸ ਦੇਸ਼ ਦੇ ਇਤਿਹਾਸ ਵਿਚ ਬ੍ਰਿਟਿਸ਼ ਕੋਲੰਬੀਆ ਲੈਜਿਸਲੇਚਰ ਦੇ ਸਪੀਕਰ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਇਮੀਗਰਾਂਟ, ਪੰਜਾਬੀ, ਸਿੱਖ ਅਤੇ ਸਾਊਥ ਏਸ਼ੀਅਨ ਹਨ। ਉਨ੍ਹਾਂ ਦਾ ਪਰਿਵਾਰ ਪੰਜਾਬ ਤੋਂ 1973 ਵਿੱਚ ਕੈਨੇਡਾ ਆਇਆ ਸੀ। ਉਨ੍ਹਾਂ ਕੈਨੇਡੀਅਨ ਫਾਰਮ ਵਰਕਰਜ਼ ਯੂਨੀਅਨ ਵਿਚ ਕੰਮ ਕਰਨ ਤੋਂ ਪਹਿਲਾਂ ਖੇਤਾਂ ਵਿਚ ਵਰਕਰ ਵਜੋਂ ਜ਼ਿੰਦਗੀ ਸ਼ੁਰੂ ਕੀਤੀ ਸੀ।
ਇਸ ਮੌਕੇ ਪ੍ਰੀਮੀਅਰ ਜੌਹਨ ਹੋਰਗਨ ਨੇ ਰਾਜ ਚੌਹਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਹਿਲੇ ਸਿੱਖ ਅਤੇ ਪੰਜਾਬੀ ਬੋਲਣ ਵਾਲੇ ਸਪੀਕਰ ਦੀ ਚੋਣ ਸਾਡੇ ਲਈ ਇਤਿਹਾਸਕ ਪਲ ਹਨ। ਲਿਬਰਲ ਅੰਤ੍ਰਿਮ ਲੀਡਰ ਸ਼ਰਲੀ ਬੌਂਡ ਨੇ ਸਪੀਕਰ ਦੀ ਚੋਣ ਨੂੰ ਇਕ ਸੁਪਨਾ ਸੱਚ ਹੋਣਾ ਦੱਸਿਆ। ਇਸ ਮੌਕੇ ਰਾਜ ਚੌਹਾਨ ਨੇ ਹਾਊਸ ਦਾ ਧੰਨਵਾਦ ਕਰਦੇ ਵਕਤ ਸਪੀਕਰ ਦੇ ਅਹੁਦੇ ਨੂੰ ਆਪਣੇ ਲਈ ਵੱਡਾ ਮਾਣ ਕਿਹਾ। ਉਨ੍ਹਾਂ ਕਿਹਾ ਕਿ ਮੈਂ ਇਸ ਦਿਨ ਬਾਰੇ ਕਦੇ ਸੋਚਿਆ ਨਹੀਂ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਉਹ ਦਿਨ ਵੇਖੇ ਹਨ, ਜਦੋਂ ਕੋਈ ਰੰਗਦਾਰ ਬੰਦਾ ਇਸ ਲੈਜਿਸਲੇਚਰ ਦੀ ਇਮਾਰਤ ਵਿਚ ਦਾਖ਼ਲ ਹੋਣ ਬਾਰੇ ਵੀ ਸੋਚ ਨਹੀਂ ਸੀ ਸਕਦਾ, ਪਰ ਸਾਡੇ ਬਜ਼ੁਰਗਾਂ ਨੇ ਕਦੇ ਹਾਰ ਨਹੀਂ ਸੀ ਮੰਨੀ ਅਤੇ ਉਨ੍ਹਾਂ ਨੇ ਨਿਆਂ ਤੇ ਸਮਾਨਤਾ ਲਈ ਆਪਣਾ ਸੰਘਰਸ਼ ਸਦਾ ਜਾਰੀ ਰੱਖਿਆ ਸੀ।

 

Leave a Reply

Your email address will not be published.