ਨਵੀਂ ਟੈਕਸ ਕਟੌਤੀ ਲਈ ਯੋਗ ਹੋ ਸਕਦੇ ਹਨ ਘਰ ਤੋਂ ਕੰਮ ਕਰਨ ਵਾਲੇ ਕਈ ਮਿਲੀਅਨ ਕੈਨੇਡੀਅਨ
ਓਟਵਾ – ਕੈਨੇਡਾ ਰੈਵਨਿਊ ਏਜੰਸੀ ਨੇ ਨਿਯਮਾਂ ਨੂੰ ਹੋਰ ਸੁਖਾਲਾ ਕਰਦਿਆਂ ਘਰ ਤੋਂ ਕੰਮ ਕਰਨ ਵਾਲੇ ਕਈ ਮਿਲੀਅਨ ਕੈਨੇਡੀਅਨਾਂ ਦੇ ਟੈਕਸ ਵਿੱਚ ਕਟੌਤੀ ਕੀਤੀ ਜਾਵੇਗੀ।
ਨਵੇਂ ਨਿਯਮਾਂ ਤਹਿਤ 2020 ਵਿੱਚ ਘੱਟੋ ਘੱਟ ਲਗਾਤਾਰ ਚਾਰ ਹਫਤਿਆਂ ਤੱਕ ਦੇ ਅਰਸੇ ਲਈ 50 ਫੀ ਸਦੀ ਸਮੇਂ ਵਿੱਚ ਘਰ ਤੋਂ ਕੰਮ ਕਰਨ ਵਾਲੇ ਕੈਨੇਡੀਅਨਾਂ ਨੂੰ ਇਹ ਰਿਆਇਤ ਦਿੱਤੀ ਜਾਵੇਗੀ। ਇਸ ਟੈਕਸ ਕਟੌਤੀ ਲਈ ਯੋਗ ਮੁਲਾਜ਼ਮ ਮਹਾਂਮਾਰੀ ਦੇ ਅਰਸੇ ਦੌਰਾਨ ਘਰ ਤੋਂ ਕੰਮ ਕਰਨ ਬਦਲੇ ਰੋਜ਼ਾਨਾਂ 2 ਡਾਲਰ ਦਾ ਕਲੇਮ ਕਰ ਸਕਦੇ ਹਨ, ਇਸ ਦੇ ਨਾਲ ਹੀ ਮਹਾਂਮਾਰੀ ਕਾਰਨ ਜੇ ਉਨ੍ਹਾਂ ਕਿਸੇ ਹੋਰ ਦਿਨ ਘਰ ਤੋਂ ਕੰਮ ਕੀਤਾ ਹੋਵੇ ਉਸ ਲਈ ਵੀ ਉਹ ਅਜਿਹਾ ਦਾਅਵਾ ਕਰ ਸਕਦੇ ਹਨ। ਉਨ੍ਹਾਂ ਨੂੰ ਵੱਧ ਤੋਂ ਵੱਧ 400 ਡਾਲਰ ਮਿਲ ਸਕਦੇ ਹਨ। ਉਨ੍ਹਾਂ ਦੇ ਇੰਪਲੌਇਰ ਨੂੰ ਕਿਸੇ ਵੀ ਤਰ੍ਹਾਂ ਦੇ ਵਿਸ਼ੇਸ਼ ਫਾਰਮ ਉੱਤੇ ਸਾਈਨ ਨਹੀਂ ਕਰਨੇ ਹੋਣਗੇ।
ਇੱਕੋ ਪਤੇ ਉੱਤੇ ਰਹਿਣ ਵਾਲੇ ਇੱਕ ਤੋਂ ਵੱਧ ਵਿਅਕਤੀ ਇਸ ਕਟੌਤੀ ਲਈ ਦਾਅਵਾ ਕਰ ਸਕਦੇ ਹਨ, ਬਸ਼ਰਤੇ ਉਹ ਇਸ ਦੇ ਯੋਗ ਹੋਣ। ਇਹ ਆਰਜ਼ੀ ਤੇ ਸਾਧਾਰਨ ਕਟੌਤੀ 2020 ਟੈਕਸ ਵਰ੍ਹੇ ਉੱਤੇ ਹੀ ਲਾਗੂ ਹੋਵੇਗੀ। ਕਈ ਕੈਨੇਡੀਅਨ ਵਰਕਰਜ਼ ਨੂੰ ਇਹ ਵੀ ਆਖਿਆ ਗਿਆ ਹੈ ਕਿ ਅਜੇ ਉਨ੍ਹਾਂ ਨੂੰ ਕਈ ਹੋਰ ਮਹੀਨਿਆਂ ਤੱਕ ਘਰ ਤੋਂ ਹੀ ਕੰਮ ਕਰਨਾ ਹੋਵੇਗਾ। ਸੀ ਆਰ ਏ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਘਰ ਤੋਂ ਕੰਮ ਕਰਨ ਵਾਲੇ ਕੈਨੇਡੀਅਨਾਂ ਦਾ ਅੰਕੜਾ ਭਵਿੱਖ ਵਿੱਚ ਜਿ਼ਆਦਾ ਹੋਵੇ ਤੇ ਇਹ ਮਹਾਂਮਾਰੀ ਸੁ਼ਰੂ ਹੋਣ ਤੋਂ ਪਹਿਲਾਂ ਨਾਲੋਂ ਵੀ ਜਿ਼ਆਦਾ ਹੋਵੇ ਤਾਂ ਚੰਗਾ ਹੈ। ਪਰ ਅਜੇ ਤੱਕ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਇਹ ਸਧਾਰਨ ਕਟੌਤੀ 2021 ਟੈਕਸ ਵਰ੍ਹੇ ਵਿੱਚ ਵੀ ਜਾਰੀ ਰਹੇਗੀ ਜਾਂ ਨਹੀਂ।
ਜਿਹੜੇ ਮੁਲਾਜਮ ਘਰ ਤੋਂ ਕੰਮ ਕਰਨ ਲਈ ਟੈਕਸ ਕਟੌਤੀ ਦਾ ਲਾਹਾ ਲੈਣਗੇ ਉਹ ਕੰਮ ਉੱਤੇ ਜਾਣ ਲਈ ਆਪਣੀਆਂ ਗੱਡੀਆਂ ਦੀ ਵਰਤੋਂ ਲਈ ਕਿਸੇ ਤਰ੍ਹਾਂ ਦੇ ਖਰਚੇ ਦਾ ਦਾਅਵਾ ਨਹੀਂ ਕਰ ਸਕਣਗੇ। ਜਿਨ੍ਹਾਂ ਨੇ ਘਰ ਤੋਂ ਆਫਿਸ ਦਾ ਕੰਮ ਕਰਨ ਲਈ ਵੱਡੇ ਕਲੇਮ ਕਰਨੇ ਹੋਣਗੇ ਤਾਂ ਉਨ੍ਹਾਂ ਨੂੰ ਟੈਕਸ ਕਟੌਤੀ ਲਈ ਮੌਜੂਦਾ ਮੈਥਡ ਦੀ ਹੀ ਵਰਤੋਂ ਕਰਨੀ ਹੋਵੇਗੀ। ਪਰ ਹੁਣ ਸੀ ਆਰ ਏ ਨੇ ਦੋ ਸੌਖੇ ਫਾਰਮ ( ਟੀ 2200ਐਸ ਤੇ ਟੀ 777ਐਸ)ਵੀ ਕੱਢੇ ਹਨ।