20 Feb 2020: ਦਿੱਲੀ ਦੇ ਚੋਣ ਨਤੀਜੇ ਨਾਲ ਭਾਜਪਾ ਲੀਡਰਾਂ ਦੀ ਨੀਂਦ ਉੱਡੀ

ਪਿਛਲੇ ਹਫਤੇ ਜਦੋਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਤਾਂ ਇਹ ਨਹੀਂ ਸੀ ਪਤਾ ਕਿ ਇਸ ਨਾਲ ਸਮੁੱਚੇ ਦੇਸ਼ ਦੀ ਸਿਆਸੀ ਹਾਲਤ ਉੱਤੇ ਕੋਈ ਅਣਕਿਆਸਿਆ ਅਸਰ ਪੈ ਸਕਦਾ ਹੈ। ਇਹ ਅਸਰ ਸਹੁੰ ਸਮਾਗਮ ਦੇ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਭਾਸ਼ਣ ਨਾਲ ਵੀ ਪਿਆ ਹੈ। ਸਮਾਗਮ ਤੋਂ ਪਹਿਲਾਂ ਭਾਜਪਾ ਆਗੂਆਂ ਨੇ ਇਸ ਗੱਲ ਬਾਰੇ ਚੋਖੀ ਦੁਹਾਈ ਪਾਈ ਸੀ ਕਿ ਕੇਜਰੀਵਾਲ ਨੇ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਟੀਚਰਾਂ ਤੇ ਹੋਰਨਾਂ ਨੂੰ ਸੱਦ ਕੇ ਇੱਕ ਤਰ੍ਹਾਂ ਤਾਨਾਸ਼ਾਹੀ ਵਿਖਾਉਣ ਦਾ ਯਤਨ ਕੀਤਾ ਹੈ। ਉਹ ਲੋਕ ਸਚਮੁੱਚ ਆਏ ਸਨ, ਪਰ ਉਨ੍ਹਾਂ ਨੇ ਆਪਣੇ ਆਉਣ ਬਾਰੇ ਮੀਡੀਏ ਨੂੰ ਇਹ ਕਿਹਾ ਕਿ ਜਬਰਦਸਤੀ ਕਿਸੇ ਨੇ ਬੁਲਾਇਆ ਨਹੀਂ, ਸੱਦਾ ਮਿਲਿਆ ਤਾਂ ਉਹ ਆ ਗਏ ਹਨ। ਅਸਲੀ ਕਹਾਣੀ ਮੁੱਖ ਮੰਤਰੀ ਕੇਜਰੀਵਾਲ ਨੇ ਕਹੀ ਕਿ ਸੱਦਾ ਮੈਂ ਭਾਵੇਂ ਦਿੱਲੀ ਸ਼ਹਿਰ ਦੇ ਸਾਰੇ ਲੋਕਾਂ ਨੂੰ ਦਿੱਤਾ, ਪਰ ਸਮਾਗਮ ਦੇ ਲਈ ਵਿਸ਼ੇਸ਼ ਤੌਰ ਉੱਤੇ ਉਹ ਲੋਕ ਸੱਦੇ ਹਨ, ਜਿਨ੍ਹਾਂ ਨੇ ਪਿਛਲੇ ਪੰਜ ਸਾਲ ਲੋਕਾਂ ਦੀ ਚੰਗੀ ਸੇਵਾ ਨਿਭਾਈ ਹੈ। ਇਨ੍ਹਾਂ ਵਿੱਚੋਂ ਇੱਕ ਕੁੜੀ ਮੈਟਰੋ ਟਰੇਨ ਦੀ ਡਰਾਈਵਰ ਸੀ, ਕੁਝ ਟੀਚਰ ਪੜ੍ਹਾਈ ਦੇ ਪੱਖ ਤੋਂ ਵਧੀਆ ਨਤੀਜੇ ਦੇਣ ਕਾਰਨ ਸੱਦਣ ਲਈ ਚੁਣੇ ਗਏ ਸਨ ਤੇ ਬੱਸਾਂ ਵਿੱਚ ਔਰਤਾਂ ਦੀ ਰਖਵਾਲੀ ਕਰਦੇ ਮਾਰਸ਼ਲਾਂ ਵਿੱਚੋਂ ਇੱਕ ਮਰਦ ਤੇ ਇੱਕ ਔਰਤ ਮਾਰਸ਼ਲ ਨੂੰ ਵੀ ਸੱਦਿਆ ਗਿਆ ਸੀ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਉਨ੍ਹਾਂ ਦੀ ਰਾਖੀ ਇਹ ਲੋਕ ਕਰ ਰਹੇ ਹਨ। ਕੇਜਰੀਵਾਲ ਵੱਲੋਂ ਇਹੋ ਜਿਹੇ ਲੋਕਾਂ ਨੂੰ ਸੱਦਣਾ ਗਲਤ ਕਿਵੇਂ ਹੋ ਗਿਆ, ਭਾਜਪਾ ਦੇ ਕਿਸੇ ਆਗੂ ਨੂੰ ਬਾਅਦ ਵਿੱਚ ਇਹ ਦੱਸਣ ਦੀ ਜੁਰਅੱਤ ਨਹੀਂ ਪਈ।
ਦੂਸਰਾ ਮੁੱਦਾ ਕੇਜਰੀਵਾਲ ਨੇ ਇਹ ਚੁੱਕਿਆ ਕਿ ਚੋਣਾਂ ਵਿੱਚ ਹਰ ਕੋਈ ਮਰਜ਼ੀ ਨਾਲ ਵੋਟ ਪਾਉਂਦਾ ਹੈ, ਪਰ ਚੋਣਾਂ ਪਿੱਛੋਂ ਕੋਈ ਕਿਸੇ ਪਾਰਟੀ ਦਾ ਸਮੱਰਥਕ ਹੋਵੇ, ਉਸ ਦੀ ਸਰਕਾਰ ਲਈ ਬਰਾਬਰ ਦਾ ਨਾਗਰਿਕ ਹੈ ਤੇ ਹਰ ਕਿਸੇ ਦਾ ਕੰਮ ਸਿਰਫ ਕੰਮ ਦੇ ਜਾਇਜ਼ ਜਾਂ ਨਾਜਾਇਜ਼ ਹੋਣ ਦੇ ਆਧਾਰ ਉੱਤੇ ਕੀਤਾ ਜਾਵੇਗਾ, ਰਾਜਨੀਤੀ ਵਿੱਚ ਨਹੀਂ ਆਵੇਗੀ। ਪਿਛਲੇ ਸਮੇਂ ਦੀਆਂ ਕੁੜੱਤਣਾ ਦਾ ਸੰਕੇਤ ਕਰਦਿਆਂ ਉਸ ਨੇ ਕਿਹਾ ਕਿ ਉਸ ਦੀ ਸਰਕਾਰ ਹਰ ਕਿਸੇ ਦਾ ਸਹਿਯੋਗ ਚਾਹੁੰਦੀ ਹੋਣ ਕਰ ਕੇ ਉਹ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਆਸ਼ੀਰਵਾਦ ਚਾਹੁੰਦੇ ਹਨ। ਇਸ ਤੋਂ ਕਈ ਲੋਕਾਂ ਨੂੰ ਹੈਰਾਨੀ ਹੋਣ ਲੱਗੀ ਕਿ ਪੰਜ ਸਾਲਾਂ ਦਾ ਵਿਰੋਧ ਕਿੱਥੇ ਗਿਆ, ਪਰ ਇਸ ਇੱਕੋ ਗੱਲ ਨਾਲ ਕੇਜਰੀਵਾਲ ਨੇ ਦਿੱਲੀ ਦੇ ਆਮ ਲੋਕਾਂ ਦੇ ਵਿੱਚ ਏਦਾਂ ਦੀ ਭਾਵਨਾ ਪੈਦਾ ਕਰ ਦਿੱਤੀ, ਜਿਹੜੀ ਬਾਹਰਲਿਆਂ ਨੂੰ ਸਮਝ ਨਹੀਂ ਆਉਣੀ। ਦਿੱਲੀ ਦੇ ਲੋਕ ਵਿਕਾਸ ਦੇ ਲਈ ਵੀ ਸੋਚਦੇ ਹਨ, ਟਕਰਾਅ ਤੋਂ ਬਚਣ ਦੇ ਲਈ ਵੀ, ਇਸ ਕਰ ਕੇ ਜਦੋਂ ਕੇਜਰੀਵਾਲ ਹਰ ਰੋਜ਼ ਉੱਠਦੇ ਸਾਰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਇੱਕ ਬਿਆਨ ਦਾਗਦਾ ਹੁੰਦਾ ਸੀ, ਉਸ ਤੋਂ ਖੁਸ਼ ਹੋਣ ਦੀ ਥਾਂ ਟਕਰਾਅ ਦੇ ਹੋਰ ਵਧਣ ਦਾ ਡਰ ਮਹਿਸੂਸ ਕਰਦੇ ਸਨ। ਜਦੋਂ ਕੇਜਰੀਵਾਲ ਨੇ ਕਿਹਾ ਕਿ ਨਰਿੰਦਰ ਮੋਦੀ ਦਾ ਆਸ਼ੀਰਵਾਦ ਚਾਹੀਦਾ ਹੈ, ਤਾਂ ਉਨ੍ਹਾਂ ਲੋਕਾਂ ਨੂੰ ਵੀ ਇਹ ਸੰਦੇਸ਼ ਦੇਣ ਦਾ ਯਤਨ ਕੀਤਾ ਕਿ ਟਕਰਾਅ ਹਰ ਗੱਲ ਲਈ ਨਹੀਂ ਹੁੰਦਾ। ਉਸ ਨੇ ਆਪਣੇ ਸਹੁੰ ਚੁੱਕ ਸਮਾਗਮ ਦੇ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਉਚੇਚਾ ਸੱਦਾ ਵੀ ਦਿੱਤਾ ਸੀ, ਪਰ ਮੋਦੀ ਨੇ ਇਸ ਦਾ ਹੁੰਗਾਰਾ ਨਹੀਂ ਭਰਿਆ ਅਤੇ ਦਿੱਲੀ ਨੂੰ ਛੱਡ ਕੇ ਉਸ ਦਿਨ ਵਾਰਾਣਸੀ ਆਪਣੇ ਚੋਣ ਹਲਕੇ ਦਾ ਦੌਰਾ ਕਰਨ ਨਿਕਲ ਗਏ ਸਨ। ਇਸ ਤੋਂ ਲੋਕਾਂ ਨੂੰ ਪਤਾ ਲੱਗਾ ਕਿ ਕੇਜਰੀਵਾਲ ਟਕਰਾਅ ਦੀ ਰਾਜਨੀਤੀ ਛੱਡ ਕੇ ਸਿਰਫ ਕੰਮ ਕਰਨਾ ਚਾਹੁੰਦਾ ਹੈ, ਦੂਸਰੇ ਨਹੀਂ।
ਅਗਲੀ ਗੱਲ ਉਸ ਨੇ ਸਾਰੇ ਦੇਸ਼ ਦੇ ਲੋਕਾਂ ਮੂਹਰੇ ਇੱਕ ਪੈਮਾਨਾ ਰੱਖ ਦਿੱਤਾ ਹੈ ਕਿ ਲੋਕਾਂ ਦੇ ਕੰਮ ਇਸ ਨੀਤ ਨਾਲ ਹੋਣੇ ਚਾਹੀਦੇ ਹਨ। ਉਸ ਨੇ ਕਿਹਾ ਕਿ ਮੈਂ ਸਰਕਾਰੀ ਸਕੂਲਾਂ ਵਿੱਚ ਵਿਦਿਆ ਮੁਫਤ ਕੀਤੀ ਤੇ ਮੁਹੱਲਾ ਕਲੀਨਿਕ ਚਾਲੂ ਕਰ ਕੇ ਮੁੱਢਲਾ ਇਲਾਜ ਅਤੇ ਟੈੱਸਟ ਮੁਫਤ ਕੀਤੇ ਤਾਂ ਰੌਲਾ ਪੈ ਗਿਆ ਕਿ ਕੇਜਰੀਵਾਲ ਹਰ ਚੀਜ਼ ਮੁਫਤ ਕਰਨ ਦੀ ਰਿਵਾਇਤ ਪਾਈ ਜਾਂਦਾ ਹੈ, ਪਰ ਮੈਂ ਹਰ ਚੀਜ਼ ਮੁਫਤ ਨਹੀਂ ਕੀਤੀ, ਜ਼ਰੂਰੀ ਸੇਵਾਵਾਂ ਮੁਫਤ ਕੀਤੀਆ ਹਨ ਅਤੇ ਕਰਾਂਗਾ, ਕਿਉਂਕਿ ਕੁਦਰਤ ਵੀ ਜ਼ਰੂਰੀ ਦੌਲਤਾਂ ਸਾਨੂੰ ਮੁਫਤ ਦੇਂਦੀ ਹੈ। ਕੇਜਰੀਵਾਲ ਨੇ ਕਿਹਾ ਕਿ ਜੇ ਮੈਂ ਇਲਾਜ ਲਈ ਆਏ ਮਰੀਜ਼ਾਂ ਕੋਲੋਂ ਸਿਰਫ ਵੇਖਣ ਅਤੇ ਟੈੱਸਟ ਕਰਨ ਦੇ ਪੈਸੇ ਲਵਾਂ ਤਾਂ ਮੇਰੇ ਉੱਤੇ ਲਾਹਨਤ ਹੈ ਅਤੇ ਜਿਹੜਾ ਮੁੱਖ ਮੰਤਰੀ ਆਪਣੇ ਰਾਜ ਦੇ ਬੱਚਿਆਂ ਨੂੰ ਪੜ੍ਹਾਈ ਕਰਾਉਣ ਦੇ ਪੈਸੇ ਲੈਂਦਾ ਹੈ, ਏਦਾਂ ਦੇ ਮੁੱਖ ਮੰਤਰੀ ਉੱਤੇ ਲਾਹਨਤ ਹੈ। ਇਨ੍ਹਾਂ ਗੱਲਾਂ ਦੇ ਨਾਲ ਉਸ ਨੇ ਮੁੱਖ ਮੰਤਰੀਆਂ ਦੀ ਆਪਣੇ ਲੋਕਾਂ ਪ੍ਰਤੀ ਪਹੁੰਚ ਦਾ ਇੱਕ ਗਜ਼ ਤੈਅ ਕਰ ਦਿੱਤਾ ਕਿ ਜਿਹੜਾ ਮੁੱਖ ਮੰਤਰੀ ਆਪਣੇ ਲੋਕਾਂ ਤੋਂ ਮੁੱਢਲੀ ਪੜ੍ਹਾਈ ਜਾਂ ਮੁੱਢਲੇ ਇਲਾਜ ਦੇ ਪੈਸੇ ਲੈਂਦਾ ਹੈ, ਉਸ ਨੂੰ ਲਾਹਨਤ ਹੈ। ਦੇਸ਼ ਦੇ ਬਾਕੀ ਰਾਜਾਂ ਦੇ ਲੋਕਾਂ ਨੂੰ ਇਹ ਗੱਲ ਸੋਚਣੀ ਪਵੇਗੀ ਕਿ ਜੇ ਦਿੱਲੀ ਦਾ ਮੁੱਖ ਮੰਤਰੀ ਇਹ ਕਹਿ ਸਕਦਾ ਹੈ ਤਾਂ ਸਾਡੇ ਮੁੱਖ ਮੰਤਰੀ ਕਿਉਂ ਨਹੀਂ ਕਹਿੰਦੇ!
ਇਸ ਚੋਣ ਨੇ ਇੱਕ ਮੋੜ ਹੋਰ ਪੇਸ਼ ਕੀਤਾ ਹੈ ਤੇ ਉਹ ਚੋਣਾਂ ਦੇ ਮਾਹਰ ਗਿਣੇ ਜਾਂਦੇ ਪ੍ਰਸ਼ਾਂਤ ਕਿਸ਼ੋਰ ਨਾਂਅ ਦੇ ਸੱਜਣ ਬਾਰੇ ਹੈ। ਜਦੋਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਭਾਜਪਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਪੇਸ਼ ਕਰਨਾ ਸੀ, ਮੋਦੀ ਦੀ ਚੋਣ ਮੁਹਿੰਮ ਦਾ ਇੰਚਾਰਜ ਇਹੋ ਪ੍ਰਸ਼ਾਤ ਕਿਸ਼ੋਰ ਸੀ ਤੇ ਫਿਰ ਜਦੋਂ ਮੋਦੀ-ਮੋਦੀ ਦੀ ਧੁਨ ਹੇਠ ਬਾਕੀ ਸਭ ਧੁਨਾਂ ਦੱਬੀਆਂ ਗਈਆਂ ਹੋਣ ਕਰ ਕੇ ਬਿਹਾਰ ਵਿੱਚ ਭਾਜਪਾ ਦੀ ਜਿੱਤ ਪੱਕੀ ਸੀ, ਓਦੋਂ ਨਿਤੀਸ਼ ਕੁਮਾਰ ਨੇ ਏਸੇ ਪ੍ਰਸ਼ਾਂਤ ਕਿਸ਼ੋਰ ਦੀਆਂ ਸੇਵਾਵਾਂ ਲਈਆਂ ਤੇ ਅਣਕਿਆਸੀ ਜਿੱਤ ਹਾਸਲ ਕੀਤੀ ਸੀ। ਪੰਜਾਬ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਜਿੱਤ ਵੇਲੇ ਵੀ ਪ੍ਰਸ਼ਾਂਤ ਕਿਸ਼ੋਰ ਹੀ ਕਾਂਗਰਸ ਦੀ ਚੋਣ ਮੁਹਿੰਮ ਦਾ ਇੰਚਾਰਜ ਸੀ ਅਤੇ ਕੇਜਰੀਵਾਲ ਨੇ ਵੀ ਇਸ ਵਾਰੀ ਦਿੱਲੀ ਵਿੱਚ ਚੋਣ ਮੁਹਿੰਮ ਦਾ ਇੰਚਾਰਜ ਓਸੇ ਨੂੰ ਬਣਾਇਆ ਸੀ। ਇਸ ਲਈ ਦਿੱਲੀ ਵਾਲੀ ਜਿੱਤ ਦਾ ਸਿਹਰਾ ਕਈ ਲੋਕ ਪ੍ਰਸ਼ਾਂਤ ਕਿਸ਼ੋਰ ਨੂੰ ਵੀ ਕੇਜਰੀਵਾਲ ਜਿੰਨਾ ਹੀ ਦੇਂਦੇ ਹਨ ਤੇ ਉਹੀ ਪ੍ਰਸ਼ਾਤ ਕਿਸ਼ੋਰ ਇਨ੍ਹਾਂ ਚੋਣਾਂ ਦਾ ਕੰਮ ਮੁੱਕਦੇ ਸਾਰ ਨਵੇਂ ਰੂਪ ਵਿੱਚ ਸਾਹਮਣੇ ਆ ਗਿਆ ਹੈ। ਉਸ ਨੇ ਬਿਹਾਰ ਵਿੱਚ ਖੁਦ ਮੋਹਰਾ ਬਣਨ ਦਾ ਐਲਾਨ ਕਰ ਕੇ ਓਥੇ ਨਿਤੀਸ਼ ਕੁਮਾਰ ਦੇ ਲਈ ਮੁਸ਼ਕਲ ਵਾਲੀ ਸਥਿਤੀ ਜਾ ਬਣਾਈ ਹੈ। ਇਸ ਪੈਂਤੜੇ ਤੋਂ ਭਾਜਪਾ ਵੀ ਪਰੇਸ਼ਾਨ ਹੋ ਗਈ ਹੈ।
ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਹੈ ਕਿ ਉਹ ਬਿਹਾਰ ਦਾ ਰਹਿਣ ਵਾਲਾ ਹੈ, ਇਸ ਲਈ ਅਗਲੀ ਚੋਣ ਵਿੱਚ ਬਿਹਾਰ ਰਾਜ ਦੇ ਵਿਕਾਸ ਲਈ ਉਹ ਖੁਦ ਚੋਣ ਚਿਹਰਾ ਬਣ ਕੇ ਮੈਦਾਨ ਵਿੱਚ ਆਵੇਗਾ ਤੇ ਚੱਲੇ ਹੋਏ ਕਾਰਤੂਸਾਂ ਨੂੰ ਲਾਂਭੇ ਕਰ ਕੇ ਬਿਹਾਰ ਦੇ ਵਿਕਾਸ ਦੀ ਨੀਂਹ ਰੱਖਣ ਲਈ ਲੋਕਾਂ ਤੋਂ ਵੋਟਾਂ ਮੰਗੇਗਾ। ਉਸ ਨੇ ਗੱਲ ਏਥੋਂ ਸ਼ੁਰੂ ਕੀਤੀ ਕਿ ਇੱਕ ਬਜ਼ੁਰਗ ਵਜੋਂ ਹਾਲੇ ਵੀ ਉਹ ਨਿਤੀਸ਼ ਕੁਮਾਰ ਦੀ ਇੱਜ਼ਤ ਕਰਦਾ ਹੈ, ਪਰ ਕੱਲ੍ਹ ਤੱਕ ਗਾਂਧੀ ਦਾ ਨਾਂਅ ਜਪਣ ਵਾਲਾ ਨਿਤੀਸ਼ ਕੁਮਾਰ ਅੱਜ ਜਦੋਂ ਓਸੇ ਗਾਂਧੀ ਦੇ ਕਾਤਲ ਨੱਥੂ ਰਾਮ ਗੌਡਸੇ ਦੇ ਪ੍ਰਸੰਸਕਾਂ ਨਾਲ ਜਾ ਮਿਲਿਆ ਹੈ ਤਾਂ ਉਸ ਦਾ ਸਾਥ ਦੇਣ ਦੀ ਥਾਂ ਉਹ ਲੋਕਾਂ ਨੂੰ ਗਾਂਧੀ ਤੇ ਗੌਡਸੇ ਦਾ ਫਰਕ ਕਰਨ ਲਈ ਸੱਦਾ ਦੇਵੇਗਾ। ਪਿਛਲੀਆਂ ਕੁਝ ਚੋਣਾਂ ਵਿੱਚ ਜਿਵੇਂ ਨਿਤੀਸ਼ ਕੁਮਾਰ ਦਾ ਡੰਕਾ ਵੱਜ ਚੁੱਕਾ ਦੇਸ਼ ਦੇ ਲੋਕ ਵੀ ਜਾਣਦੇ ਹਨ ਤੇ ਸਭ ਸਿਆਸੀ ਪਾਰਟੀਆਂ ਨੂੰ ਵੀ ਪਤਾ ਸੀ, ਇਸ ਲਈ ਦਿੱਲੀ ਚੋਣ ਜਿੱਤਦੇ ਸਾਰ ਪ੍ਰਸ਼ਾਂਤ ਕਿਸ਼ੋਰ ਦਾ ਇਹ ਐਲਾਨ ਸਾਰੇ ਦੇਸ਼ ਨੂੰ ਹਲੂਣਾ ਦੇਣ ਵਾਲਾ ਬਣ ਗਿਆ। ਆਮ ਪ੍ਰਭਾਵ ਇਹ ਹੈ ਕਿ ਇਸ ਦੇ ਪਿੱਛੇ ਉਸ ਦੀ ਇਕੱਲੇ ਦੀ ਸੋਚ ਨਹੀਂ, ਅਰਵਿੰਦ ਕੇਜਰੀਵਾਲ ਦੀ ਉਹ ਸੋਚ ਵੀ ਹੈ, ਜਿਹੜੀ ਚੋਣਾਂ ਦੌਰਾਨ ਇਹ ਨਾਅਰੇ ਨਾਲ ਪ੍ਰਗਟ ਹੁੰਦੀ ਰਹੀ ਸੀ ਕਿ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਮੋਦੀ ਬਨਾਮ ਕੇਜਰੀਵਾਲ ਮੁਕਾਬਲਾ ਹੋਵੇਗਾ। ਜੇ ਇਸ ਸੋਚ ਨਾਲ ਦੇਸ਼ ਵਿੱਚ ਅਗਲੀ ਪਾਰਲੀਮੈਂਟਰੀ ਚੋਣ ਦਾ ਚੱਕਾ ਅਗੇਤਾ ਹੀ ਬੱਝਣ ਲੱਗ ਪਿਆ ਤਾਂ ਕੀ ਹੋਵੇਗਾ, ਇਸ ਫਿਰਕਮੰਦੀ ਨੇ ਭਾਜਪਾ ਲੀਡਰਾਂ ਦੀ ਨੀਂਦ ਉਡਾਈ ਪਈ ਹੈ। ਇਹ ਵੀ ਤਾਂ ਦਿੱਲੀ ਦੀ ਚੋਣ ਦਾ ਇੱਕ ਸਿੱਟਾ ਹੀ ਹੈ ਨਾ!

ਜਤਿੰਦਰ ਪਨੂੰ

Leave a Reply

Your email address will not be published. Required fields are marked *