27 Feb 2020: ਡੋਨਾਲਡ ਟਰੰਪ ਦਾ ਭਾਰਤ ਦੌਰਾ ਤੇ ਦਿੱਲੀ ਵਿੱਚ ਹੋਈ ਹਿੰਸਾ

ਭਾਰਤ ਦੀ ਰਾਜਧਾਨੀ ਦਿੱਲੀ ਦਾ ਇੱਕ ਹਿੱਸਾ ਇਸ ਵੇਲੇ ਹਿੰਸਾ ਦੀ ਲਪੇਟ ਵਿੱਚ ਹੈ। ਕਈ ਥਾਣਿਆਂ ਦੇ ਲੋਕਾਂ ਉੱਤੇ ਕਰਫਿਊ ਲੱਗਾ ਹੋਇਆ ਹੈ। ਮੀਟਿੰਗਾਂ ਦੇ ਦੌਰ ਚੱਲਦੇ ਪਏ ਹਨ। ਕੇਂਦਰ ਸਰਕਾਰ ਦਾ ਗ੍ਰਹਿ ਮੰਤਰਾਲਾ ਦਿੱਲੀ ਦੇ ਹਾਲਾਤ ਦਾ ਅਸਲੀ ਜ਼ਿੰਮੇਵਾਰ ਹੈ, ਕਿਉਂਕਿ ਇੱਕ ਕੇਂਦਰੀ ਰਾਜ ਹੋਣ ਕਾਰਨ ਏਥੋਂ ਦੀ ਪੁਲਸ ਦੀ ਕਮਾਨ ਕੇਂਦਰ ਸਰਕਾਰ ਦੇ ਕੋਲ ਰਹਿੰਦੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੀਟਿੰਗ ਸੱਦੀ ਤਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਚਲਾ ਗਿਆ। ਫਿਰ ਵੀ ਕੋਈ ਫਰਕ ਨਾ ਪਿਆ ਤਾਂ ਦਿੱਲੀ ਪੁਲਸ ਨੇ ਹਿੰਸਾ ਕਰਨ ਵਾਲਿਆਂ ਨੂੰ ਵੇਖਦੇ ਸਾਰ ਗੋਲੀ ਮਾਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਹਿੰਸਾ ਫਿਰ ਵੀ ਹੁੰਦੀ ਰਹੀ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਹਿੰਸਾ ਉਸ ਵੇਲੇ ਵੀ ਹੁੰਦੀ ਰਹੀ, ਜਦੋਂ ਓਥੇ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਆਇਆ ਹੋਇਆ ਸੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਸ ਦੀ ਜੰਗੀ ਹਥਿਆਰਾਂ ਦਾ ਸੌਦਾ ਸਿਰੇ ਚਾੜ੍ਹਨ ਦੀ ਗੱਲਬਾਤ ਚੱਲ ਰਹੀ ਸੀ। ਪੱਤਰਕਾਰਾਂ ਨੇ ਟਰੰਪ ਨੂੰ ਵੀ ਸਵਾਲ ਪੁੱਛ ਲਿਆ ਕਿ ਦਿੱਲੀ ਵਿੱਚ ਇਸ ਵੇਲੇ ਹਿੰਸਾ ਬਹੁਤ ਹੋ ਰਹੀ ਹੈ। ਇਹ ਸਵਾਲ ਪੁੱਛਣਾ ਹੀ ਨਹੀਂ ਸੀ ਬਣਦਾ। ਟਰੰਪ ਨੇ ਕਹਿ ਦਿੱਤਾ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ, ਮੈਂ ਇਸ ਬਾਰੇ ਕੁਝ ਨਹੀਂ ਕਹਿਣਾ। ਫਿਰ ਉਹ ਵਾਪਸ ਤੁਰ ਗਿਆ।
ਆਮ ਲੋਕਾਂ ਦਾ ਬਹੁਤਾ ਧਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੌਰੇ ਵੱਲ ਸੀ। ਮੀਡੀਆ ਵਾਲਿਆਂ ਦੇ ਇੱਕ ਹਿੱਸੇ ਲਈ ਇਹੋ ਬਹੁਤ ਵੱਡੀ ਖਬਰ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਡੋਨਾਲਡ ਟਰੰਪ ਨੇ ਤਿੰਨ ਘੰਟੇ ਦੌਰਾਨ ਸੱਤ ਵਾਰੀ ਜੱਫੀ ਪਾਈ ਹੈ। ਇਸ ਵਿੱਚੋਂ ਸਿਵਾਏ ਨਿੱਜੀ ਸੰਬੰਧਾਂ ਅਤੇ ਇੱਕ ਦੂਸਰੇ ਦੀ ਵਡਿਆਈ ਕਰਨ ਤੋਂ ਹੋਰ ਨਿਕਲੇਗਾ ਕੀ, ਇਹ ਕਿਸੇ ਨੂੰ ਨਹੀਂ ਪਤਾ। ਡੋਨਾਲਡ ਟਰੰਪ ਏਨਾ ਕੁ ਸਮਝਦਾਰ ਨਿਕਲਿਆ ਕਿ ਜਦੋਂ ਮਹਾਤਮਾ ਗਾਂਧੀ ਦੇ ਆਸ਼ਰਮ ਵਿੱਚ ਗਿਆ ਤਾਂ ਚਰਖੇ ਨੂੰ ਹੱਥ ਲਾ ਕੇ ਫੋਟੋ ਖਿਚਵਾਉਣ ਮਗਰੋਂ ਵਿਜ਼ਿਟਰ ਬੁੱਕ ਵਿੱਚ ਆਪਣੇ ਪ੍ਰਭਾਵ ਦੇ ਚਾਰ ਸ਼ਬਦ ਲਿਖਣ ਸਮੇਂ ਵੀ ਨਰਿੰਦਰ ਮੋਦੀ ਦੀ ਸ਼ਲਾਘਾ ਲਿਖੀ ਗਿਆ ਕਿ Aਸ ਨੇ ਮੈਨੂੰ ਏਥੋਂ ਦਾ ਦੌਰਾ ਕਰਵਾਇਆ ਹੈ, ਪਰ ਜਿਹੜੇ ਬਾਪੂ ਦੇ ਆਸ਼ਰਮ ਵਿੱਚ ਗਿਆ ਸੀ, ਉਸ ਦਾ ਨਾਂਅ ਤੱਕ ਨਹੀਂ ਲਿਖ ਸਕਿਆ। ਏਦਾਂ ਲੱਗਦਾ ਹੈ ਕਿ ਉਸ ਵਾਸਤੇ ਮਹਾਤਮਾ ਗਾਂਧੀ ਦਾ ਦੌਰਾ ਹੋਣਾ ਜਾ ਨਾ ਹੋਣਾ ਕੋਈ ਅਰਥ ਨਹੀਂ ਸੀ ਰੱਖਦਾ, ਨਰਿੰਦਰ ਮੋਦੀ ਹੀ ਸਭ ਕੁਝ ਸੀ। ਕਈ ਲੋਕ ਇਸ ਗੱਲ ਕਾਰਨ ਉਸ ਦੀ ਨੁਕਤਾਚੀਨੀ ਕਰਦੇ ਹਨ ਤੇ ਮੋਦੀ ਭਗਤ ਇਸ ਗੱਲ ਤੋਂ ਖੁਸ਼ ਹਨ ਕਿ ਗਾਂਧੀ ਨੂੰ ਪਿੱਛੇ ਕਰ ਕੇ ਅਮਰੀਕੀ ਰਾਸ਼ਟਰਪਤੀ ਦੀ ਨਜ਼ਰ ਵਿੱਚ ਮੋਦੀ ਨੇ ਆਪਣੇ ਆਪ ਨੂੰ ਏਨਾ ਵੱਡਾ ਸਾਬਤ ਕਰ ਦਿੱਤਾ ਹੈ।
ਡੋਨਾਲਡ ਟਰੰਪ ਆਇਆ ਤੇ ਭਾਰਤ ਨੂੰ ਲਾਭ ਕੀ ਹੋਇਆ, ਇਸ ਬਾਰੇ ਕਿਹਾ ਗਿਆ ਹੈ ਕਿ ਵਪਾਰਕ ਸਮਝੌਤਾ ਹੋ ਗਿਆ ਹੈ। ਇਹ ਸਮਝੌਤਾ ਓਨਾ ਵਪਾਰ ਦਾ ਨਹੀਂ, ਜਿੰਨਾ ਅਮਰੀਕਾ ਤੋਂ ਫੌਜਾਂ ਲਈ ਆਧੁਨਿਕ ਜੰਗੀ ਜਹਾਜ਼ ਤੇ ਏਦਾਂ ਦਾ ਹੋਰ ਲੜਨ-ਭਿੜਨ ਦਾ ਮਸਾਲਾ ਖਰੀਦਣ ਵਾਸਤੇ ਸੀ। ਭਾਰਤ ਨੂੰ ਲੜਨ ਦੇ ਕੰਮ ਲਾ ਕੇ ਉਹ ਦੇਸ਼ ਦੀ ਗਰੀਬੀ ਅਤੇ ਹੋਰ ਮੁੱਦਿਆਂ ਤੋਂ ਧਿਆਨ ਭਟਕਾਉਣ ਵਿੱਚ ਸਫਲ ਰਿਹਾ ਹੈ। ਬਹੁਤ ਸਾਰੇ ਲੋਕ ਇਸ ਦੇਸ਼ ਵਿੱਚ ਇਹੋ ਜਿਹੇ ਹਨ ਕਿ ਏਦਾਂ ਦਾ ਸਾਮਾਨ ਵੇਖ ਕੇ ਖੁਸ਼ ਹੋ ਸਕਦੇ ਹਨ। ਰੋਟੀ ਦਾ ਕੀ ਹੈ, ਭਾਰਤ ਦੇ ਲੋਕ ਭੁੱਖੇ ਸੌਣਾ ਸਿੱਖੇ ਹੋਏ ਹਨ। ਇਸ ਲਈ ਟਰੰਪ ਨੂੰ ਜਾਂ ਕਿਸੇ ਹੋਰ ਨੂੰ ਕੀ, ਕਦੀ ਭਾਰਤ ਦੇ ਆਪਣੇ ਹਾਕਮਾਂ ਨੂੰ ਵੀ ਇਨ੍ਹਾਂ ਬਾਰੇ ਸੋਚਣ ਦੀ ਲੋੜ ਮਹਿਸੂਸ ਨਹੀਂ ਹੋਈ।
ਦਿੱਲੀ ਦੌਰੇ ਦੌਰਾਨ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਦਾ ਇੱਕ ਸਰਕਾਰੀ ਸਕੂਲ ਜਾਣ ਦਾ ਪ੍ਰੋਗਰਾਮ ਬਣਨ ਨਾਲ ਕੇਂਦਰ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ ਕਿ ਓਥੇ ਗਈ ਤਾਂ ਅਰਵਿੰਦ ਕੇਜਰੀਵਾਲ ਇਸ ਦੇ ਕੰਨਾਂ ਵਿੱਚ ਆਪਣੇ ਮਤਲਬ ਦੀ ਕੋਈ ਫੂਕ ਮਾਰਨ ਦਾ ਯਤਨ ਕਰੇਗਾ। ਇਸ ਲਈ ਫੈਸਲਾ ਹੋ ਗਿਆ ਕਿ ਦਿੱਲੀ ਸਰਕਾਰ ਦਾ ਕੋਈ ਪ੍ਰਤੀਨਿਧ ਉਸ ਦੌਰੇ ਦੌਰਾਨ ਉਸ ਸਕੂਲ ਵੱਲ ਜਾਊ ਹੀ ਨਹੀਂ। ਮੇਲਾਨੀਆ ਟਰੰਪ ਉਸ ਸਕੂਲ ਵਿੱਚ ਲੱਗਦੀ ਹੈਪੀਨੈੱਸ ਕਲਾਸ ਬਾਰੇ ਸੁਣ ਕੇ ਖੁਦ ਵੇਖਣ ਗਈ ਸੀ। ਇਹੋ ਜਿਹੀ ਹੈਪੀਨੈੱਸ ਕਲਾਸ ਕੇਜਰੀਵਾਲ ਸਰਕਾਰ ਨੇ ਦੋ ਸਾਲ ਪਹਿਲਾਂ ਚਲਾਈ ਸੀ ਅਤੇ ਏਦਾਂ ਦਾ ਪਹਿਲਾ ਤਜਰਬਾ ਹੋਣ ਕਾਰਨ ਇਸ ਦੀ ਧੁੰਮ ਹਰ ਪਾਸੇ ਪਈ ਹੈ। ਇਸ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਤਨਾਅ ਤੋਂ ਕੱਢਣ ਲਈ ਇੱਕ ਪੀਰੀਅਡ ਸਿਰਫ ਹੈਪੀਨੈੱਸ ਦਾ ਲਾਇਆ ਜਾਂਦਾ ਹੈ। ਬੱਚੇ ਆਖਦੇ ਹਨ ਕਿ ਇਸ ਦੇ ਨਾਲ ਉਨ੍ਹਾ ਦਾ ਤਨਾਅ ਘਟ ਜਾਂਦਾ ਹੈ ਤੇ ਫਿਰ ਉਹ ਆਰਾਮ ਨਾਲ ਵਧੀਆ ਪੜ੍ਹ ਸਕਦੇ ਹਨ। ਮੇਲਾਨੀਆ ਇਸ ਹੈਪੀਨੈੱਸ ਬਾਰੇ ਜਾਣਨਾ ਚਾਹੁੰਦੀ ਸੀ ਤੇ ਜਦੋਂ ਉਹ ਵੇਖਣ ਗਈ ਤਾਂ ਖੁਦ ਵੀ ‘ਹੈਪੀਨੈੱਸ’ ਦਾ ਪਰਾਗਾ ਭਰ ਕੇ ਮੁੜੀ ਸੀ। ਦਿੱਲੀ ਦੀ ਜਿਸ ਸਰਕਾਰ ਨੇ ਇਹ ਕੰਮ ਸ਼ੁਰੂ ਕੀਤਾ, ਉਸ ਦੇ ਕਿਸੇ ਆਗੂ ਦੇ ਆਉਣ ਨਾਲ ਕੋਈ ਗ੍ਰਹਿਣ ਨਹੀਂ ਸੀ ਲੱਗ ਜਾਣਾ, ਇੱਕ ਦਿਨ ਪਹਿਲਾਂ ਡੋਨਾਲਡ ਟਰੰਪ ਨੂੰ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮਿਲ ਚੁੱਕਾ ਸੀ, ਪਰ ਉਸ ਦੀ ਗੱਲ ਹੋਰ ਹੈ, ਉਹ ਹਿੰਦੂਤਵ ਦਾ ਝੰਡਾ ਬਰਦਾਰ ਹੈ, ਕੇਜਰੀਵਾਲ ਨੂੰ ਲਾਗੇ ਨਹੀਂ ਜਾਣ ਦਿੱਤਾ ਗਿਆ।
ਜਦੋਂ ਡੋਨਾਲਡ ਟਰੰਪ ਦਾ ਜਹਾਜ਼ ਅਮਰੀਕਾ ਤੋਂ ਭਾਰਤ ਵੱਲ ਉੱਡਿਆ ਸੀ, ਰਾਜਧਾਨੀ ਦਿੱਲੀ ਵਿੱਚ ਓਸੇ ਦਿਨ ਹੀ ਦੰਗੇ ਸ਼ੁਰੂ ਹੋ ਗਏ ਸਨ। ਸ਼ੁਰੂਆਤ ਏਥੋਂ ਹੋਈ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਇੱਕ ਗਰੁੱਪ ਮੁਜ਼ਾਹਰਾ ਕਰਦਾ ਪਿਆ ਸੀ ਤੇ ਭਾਜਪਾ ਪੱਖ ਭੀੜ ਅੱਗੋਂ ਉਨ੍ਹਾਂ ਦਾ ਰਾਹ ਰੋਕਣ ਤੁਰ ਪਈ ਸੀ। ਪਿਛਲੇ ਦਿਨੀਂ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਮਾਡਲ ਟਾਊਨ ਹਲਕੇ ਤੋਂ ਭਾਜਪਾ ਦਾ ਉਮੀਦਵਾਰ, ਜਿਹੜਾ ਹਾਰ ਗਿਆ ਸੀ, ਇਸ ਭੀੜ ਦੇ ਮੋਹਰੇ ਲੱਗ ਕੇ ਗਿਆ ਅਤੇ ਫਿਰ ਇੱਟ-ਵੱਟਾ ਚੱਲਣ ਤੋਂ ਬਾਅਦ ਪਤਾ ਨਹੀਂ ਕੀ ਕੁਝ ਹੋਇਆ, ਜਿਸ ਨਾਲ ਤਿੰਨ ਦਿਨਾਂ ਵਿੱਚ ਤੇਰਾਂ ਲੋਕ ਮੌਤ ਦੇ ਮੂੰਹ ਜਾ ਪਏ ਸਨ। ਅਮਨ ਨੂੰ ਚੁਆਤੀ ਲਾਉਣ ਵਾਲਾ ਕਪਿਲ ਮਿਸ਼ਰਾ ਨਾਂਅ ਦਾ ਇਹੋ ਭਾਜਪਾ ਉਮੀਦਰਵਾਰ ਸੀ, ਜਿਸ ਨੇ ਪਹਿਲਾਂ ਦਿੱਲੀ ਚੋਣਾਂ ਨੂੰ ਭਾਰਤ-ਪਾਕਿਸਤਾਨ ਮੈਚ ਆਖਿਆ ਸੀ ਤੇ ਚੋਣ ਕਮਿਸ਼ਨ ਨੇ ਇਸ ਨੂੰ ਪ੍ਰਚਾਰ ਕਰਨ ਦੀ ਮਨਾਹੀ ਕਰ ਕੇ ਸਜ਼ਾ ਦਿੱਤੀ ਸੀ। ਇਸ ਵਾਰੀ ਦਿੱਲੀ ਵਿੱਚ ਦੰਗੇ ਕਰਵਾਉਣ ਲਈ ਕਿਸੇ ਹੋਰ ਨੇ ਉਸ ਦਾ ਨਾਂਅ ਨਹੀਂ ਸੀ ਲਿਆ, ਖੁਦ ਭਾਜਪਾ ਦੇ ਪਾਰਲੀਮੈਂਟ ਮੈਂਬਰ ਅਤੇ ਸਾਬਕਾ ਕ੍ਰਿਕਟ ਖਿਡਾਰੀ ਗੌਤਮ ਗੰਭੀਰ ਨੇ ਉਸ ਉੱਤੇ ਹੇਟ ਸਪੀਚ ਦਾ ਦੋਸ਼ ਲਾਇਆ ਹੈ। ਉਹ ਬੰਦਾ ਜੇਲ੍ਹ ਵਿੱਚ ਡੱਕਣਾ ਚਾਹੀਦਾ ਹੈ, ਪਰ ਭਾਜਪਾ ਦਾ ਆਗੂ ਹੋਣ ਕਾਰਨ ਨਹੀਂ ਫੜਿਆ। ਏਦਾਂ ਦੇ ਕਈ ਹੋਰ ਵੀ ਸਨ, ਜਿਹੜੇ ਚੱਲਦੇ ਦੰਗੇ ਦੌਰਾਨ ਨਰਿੰਦਰ ਮੋਦੀ ਦੀ ਜ਼ਿੰਦਾਬਾਦ ਦੇ ਨਾਅਰੇ ਸ਼ਾਇਦ ਇਸ ਕਰ ਕੇ ਲਾ ਰਹੇ ਸਨ ਕਿ ਪੁਲਸ ਤੇ ਹੋਰ ਫੋਰਸਾਂ ਦੇ ਮੁਲਾਜ਼ਮ ਇਨ੍ਹਾਂ ਦੇ ਖਿਲਾਫ ਇਹ ਸੋਚ ਕੇ ਕਾਰਵਾਈ ਨਾ ਕਰਨ ਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਦੀ ਚਹੇਤੀ ਫੌਜ ਹੈ, ਜਿਹੜੀ ਦੇਸ਼ ਦੇ ਕਾਨੂੰਨ ਨੂੰ ਵੀ ਤੋੜੀ ਜਾਵੇ ਤਾਂ ਚੁੱਪ ਰਹਿਣਾ ਹੈ। ਇੱਕ ਭਾਜਪਾ ਆਗੂ ਨੇ ਇੱਕ ਦਿਨ ਪਹਿਲਾਂ ਇਹ ਵੀ ਕਹਿ ਦਿੱਤਾ ਕਿ ਜਿਹੜੇ ਲੋਕ ਦੇਸ਼ ਦਾ ਨਵਾਂ ਕਾਨੂੰਨ ਮੰਨਣ ਤੋਂ ਨਾਂਹ ਕਰਦੇ ਫਿਰਦੇ ਹਨ, ਉਨ੍ਹਾਂ ਨੂੰ ਗੁਜਰਾਤ ਦਾ ਚੇਤਾ ਕਰਨਾ ਚਾਹੀਦਾ ਹੈ। ਇਸ ਵਿੱਚ ਕਿੱਡੀ ਵੱਡੀ ਧਮਕੀ ਹੈ, ਸਭ ਨੂੰ ਪਤਾ ਹੈ।
ਅਫਵਾਹਾਂ ਫੈਲ ਰਹੀਆਂ ਹਨ, ਸਿਰਫ ਦਿੱਲੀ ਵਿੱਚ ਹੀ ਨਹੀਂ, ਦੱਖਣ ਦੇ ਰਾਜ ਤਾਮਿਲ ਨਾਡੂ ਤੱਕ ਫੈਲੀਆਂ ਹਨ ਤੇ ਓਥੇ ਘੱਟ-ਗਿਣਤੀ ਭਾਈਚਾਰੇ ਦੇ ਲੋਕਾਂ ਨੇ ਬੈਂਕਾਂ ਵਿੱਚੋਂ ਆਪਣੇ ਪੈਸੇ ਕਢਵਾ ਕੇ ਘਰੀਂ ਰੱਖਣੇ ਸ਼ੁਰੂ ਕਰ ਦਿੱਤੇ ਹਨ। ਇਸ ਦਾ ਕਾਰਨ ਇਹ ਅਫਵਾਹ ਹੈ ਕਿ ਅਗਲੇ ਦਿਨੀਂ ਜਦੋਂ ਨਾਗਰਿਕਤਾ ਸੋਧ ਕਾਨੂੰਨ ਲਾਗੂ ਹੋਇਆ ਤੇ ਜਿਸ ਕਿਸੇ ਦੇ ਕਾਗਜ਼ ਇਸ ਦੇਸ਼ ਦਾ ਵਾਸੀ ਸਾਬਤ ਕਰਨ ਲਈ ਪੂਰੇ ਨਾ ਮੰਨੇ ਗਏ, ਬੈਂਕ ਵਿੱਚ ਪਿਆ ਪੈਸਾ ਵੀ ਪਤਾ ਨਹੀਂ ਮਿਲੇਗਾ ਕਿ ਜ਼ਬਤ ਹੋ ਜਾਵੇਗਾ, ਇਸ ਲਈ ਕੱਢਵਾਏ ਜਾ ਰਹੇ ਹਨ। ਸਰਕਾਰ ਬਾਰੇ ਬੇਭਰੋਸਗੀ ਫੈਲ ਰਹੀ ਹੈ। ਇਸ ਦਾ ਵੀ ਫਰਕ ਨਹੀਂ ਪੈ ਰਿਹਾ, ਸਰਕਾਰ ਖੁਸ਼ ਹੈ ਕਿ ਡੋਨਾਲਡ ਟਰੰਪ ਆਪਣੇ ਦੇਸ਼ ਵੱਲ ਖੁਸ਼ੀ-ਖੁਸ਼ੀ ਵਾਪਸ ਗਏ ਹਨ। ਵਕਤ ਦੇ ਹਾਕਮਾਂ ਨੂੰ ਜੇ ਦਿੱਲੀ ਵਿੱਚ ਹੁੰਦੀ ਹਿੰਸਾ ਅਤੇ ਸਾੜ-ਫੂਕ ਨਹੀਂ ਦਿੱਸਦੀ ਅਤੇ ਏਨੇ ਨਾਲ ਖੁਸ਼ ਹਨ ਕਿ ਟਰੰਪ ਖੁਸ਼ ਹੋ ਗਿਆ ਹੈ ਤਾਂ ਉਨ੍ਹਾਂ ਨੂੰ ਉਹ ਕੁਝ ਕੌਣ ਵਿਖਾ ਸਕਦਾ ਹੈ, ਜਿਹੜਾ ਉਹ ਵੇਖਣਾ ਹੀ ਨਹੀਂ ਚਾਹੁੰਦੇ। ਇਸ ਵਿੱਚ ਵੀ ਰਾਜ ਦਾ ਇੱਕ ਰਾਜ਼ ਹੈ।

-ਜਤਿੰਦਰ ਪਨੂੰ

Leave a Reply

Your email address will not be published. Required fields are marked *