ਸੰਸਾਰ ਵਿੱਚ ਮਨੁੱਖੀ ਹੋਂਦ ਲਈ ਸੰਕਟ ਹੈ ਕੋਰੋਨਾ ਵਾਇਰਸ

ਸਾਰੀ ਦੁਨੀਆ ਦਾ ਧਿਆਨ ਇਸ ਵਕਤ ਕੋਰੋਨਾ ਵਾਇਰਸ ਵੱਲ ਲੱਗਾ ਹੋਇਆ ਹੈ। ਸੰਸਾਰ ਦੇ ਲੋਕ ਇਸ ਬਿਮਾਰੀ ਦੇ ਕਾਰਨ ਤ੍ਰਹਿਕੇ ਹੋਏ ਹਨ। ਚੀਨ ਵਿੱਚੋਂ ਉੱਠਿਆ ਇਹ ਰੋਗ ਦੱਖਣੀ ਕੋਰੀਆ ਅਤੇ ਜਾਪਾਨ ਵਰਗੇ ਚੜ੍ਹਦੇ ਸੂਰਜ ਵਾਲੀ ਬਾਹੀ ਦੇ ਦੇਸ਼ਾਂ ਤੱਕ ਵੀ ਗਿਆ ਅਤੇ ਵਿਚਕਾਰਲੇ ਈਰਾਨ ਵਰਗੇ ਦੇਸ਼ਾਂ ਤੋਂ ਲੰਘਦਾ ਅਮਰੀਕਾ ਵਿੱਚ ਕੁਝ ਮੌਤਾਂ ਹੋਣ ਦੀ ਖਬਰ ਬਣਾਉਣ ਤੱਕ ਵੀ ਪਹੁੰਚ ਗਿਆ ਹੈ। ਭਾਰਤ ਵਿੱਚ ਵੀ ਕੁਝ ਲੋਕ ਇਸ ਰੋਗ ਦੀ ਲਪੇਟ ਵਿੱਚ ਆਏ ਹਨ ਅਤੇ ਇਸ ਬਾਰੇ ਸਰਕਾਰ ਦਾ ਦਾਅਵਾ ਹੈ ਕਿ ਸਥਿਤੀ ਕਾਬੂ ਹੇਠ ਹੈ। ਏਦਾਂ ਹੋਵੇ ਤਾਂ ਬਹੁਤ ਚੰਗੀ ਗੱਲ ਹੋਵੇਗੀ। ਸਰਕਾਰੀ ਅਫਸਰ ਕੀ ਕਹਿੰਦੇ ਹਨ, ਲੋਕ ਬਹੁਤਾ ਭਰੋਸਾ ਨਹੀਂ ਕਰਿਆ ਕਰਦੇ, ਕਿਉਂਕਿ ਪਹਿਲਾਂ ਕਈ ਵਾਰ ਸਾਬਤ ਹੋਇਆ ਹੈ ਕਿ ਉਹ ਲੋਕਾਂ ਦਾ ਦਿਲ ਰੱਖਣ ਵਾਲੀਆਂ ਗੱਲਾਂ ਵੱਧ ਕਰਦੇ ਅਤੇ ਅਮਲ ਘੱਟ ਹੁੰਦਾ ਹੈ। ਭਾਰਤ ਸਰਕਾਰ ਨੇ ਕੁਝ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦਾ ਦਾਖਲਾ ਰੋਕ ਦਿੱਤਾ ਹੈ, ਉਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਦਿੱਤੇ ਹੋਏ ਭਾਰਤੀ ਵੀਜ਼ੇ ਵੀ ਰੱਦ ਕੀਤੇ ਤੇ ਨਾਲ ਆਪਣੇ ਲੋਕਾਂ ਨੂੰ ਓਧਰ ਜਾਣ ਤੋਂ ਵਰਜ ਦਿੱਤਾ ਹੈ। ਕੁਝ ਹੋਰ ਦੇਸ਼ਾਂ ਵੱਲ ਜਾਣ ਬਾਰੇ ਸਾਵਧਾਨੀ ਵਰਤਣ ਨੂੰ ਕਿਹਾ ਤਾਂ ਗਲਤ ਨਹੀਂ ਕੀਤਾ, ਪਰ ਇਹ ਕੁਝ ਕਾਫੀ ਨਹੀਂ। ਬਹੁਤ ਕੁਝ ਹੋਰ ਕਰਨ ਵਾਲਾ ਹੈ, ਪਰ ਅਜੇ ਤੱਕ ਕੀਤਾ ਨਹੀਂ ਗਿਆ।
ਯੂ ਐੱਨ ਓ ਦੀ ਇੱਕ ਏਜੰਸੀ ਦੀ ਰਿਪੋਰਟ ਹੈ, ਪਤਾ ਨਹੀਂ ਉਹ ਕਿੰਨੀ ਕੁ ਭਰੋਸੇ ਯੋਗ ਤੱਥਾਂ ਨਾਲ ਬਣੀ ਹੋਵੇਗੀ, ਇਸ ਵਿੱਚ ਕਿਹਾ ਗਿਆ ਹੈ ਕਿ ਜੇ ਵੇਲੇ ਸਿਰ ਸਾਰੇ ਦੇਸ਼ ਮਿਲ ਕੇ ਕੋਰੋਨਾ ਵਾਇਰਸ ਬਾਰੇ ਨਾ ਸੋਚਣਗੇ ਤਾਂ ਇਹ ਸੰਕਟ ਕੁਝ ਸਮੇਂ ਤੱਕ ਅੱਸੀ ਫੀਸਦੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਲਵੇਗਾ। ਬਾਕੀ ਦੇ ਵੀਹ ਫੀਸਦੀ ਲੋਕ ਆਪਣੇ ਆਪ ਨੂੰ ਬਚਾਉਣਗੇ ਜਾਂ ਉਨ੍ਹਾਂ ਅੱਸੀ ਫੀਸਦੀ ਦਾ ਇਲਾਜ ਕਰਨਗੇ, ਪਤਾ ਨਹੀਂ। ਕਈ ਵਾਰ ਇਹ ਗੱਪ ਸੁਣੀ ਸੀ ਕਿ ਇੱਕੀਵੀਂ ਸਦੀ ਵਿੱਚ ਦੁਨੀਆ ਖਤਮ ਹੋ ਜਾਣੀ ਹੈ ਤੇ ਉਹ ਸਭ ਕਿਆਫੇ ਹੁੰਦੇ ਸਨ, ਇਸ ਵਾਰੀ ਕਿਆਫੇ ਘੱਟ ਹਨ ਅਤੇ ਇੱਕ ਖਾਸ ਰੋਗ ਇਸ ਦੁਨੀਆ ਦਾ ਰਾਹ ਰੋਕਦਾ ਦਿਖਾਈ ਦੇਣ ਕਾਰਨ ਲੋਕਾਂ ਵਿੱਚ ਡਰ ਫੈਲ ਰਿਹਾ ਹੈ। ਸੰਸਾਰ ਭਰ ਦੇ ਲੋਕ ਆਪਣਾ ਸਦੀਆਂ ਤੋਂ ਚੱਲਦਾ ਇੱਕ ਦੂਸਰੇ ਦੇ ਸਵਾਗਤ ਵਾਲਾ ਰਿਵਾਇਤੀ ਢੰਗ ਛੱਡਣ ਲੱਗੇ ਹਨ। ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਪਰਸੋਂ ਆਪਣੇ ਮੰਤਰੀ ਸਾਥੀਆਂ ਨਾਲ ਮਿਲਦੀ ਪਈ ਸੀ ਤਾਂ ਗ੍ਰਹਿ ਮੰਤਰੀ ਨੇ ਉਸ ਨਾਲ ਹੱਥ ਨਹੀਂ ਮਿਲਾਇਆ ਤੇ ਪੁੱਛਣ ਉੱਤੇ ਕਿਹਾ ਸੀ ਕਿ ਇਸ ਵੇਲੇ ਡਾਕਟਰ ਕਹਿੰਦੇ ਹਨ ਕਿ ਹੱਥ ਮਿਲਾਉਣਾ ਵੀ ਖਤਰਨਾਕ ਹੈ। ਕੁਝ ਦੇਸ਼ਾਂ ਵਿੱਚ ਏਦਾਂ ਹੀ ਹੱਥ ਮਿਲਾਉਣ ਦੀ ਥਾਂ ਮਾਸਕ ਨਾਲ ਬੰਨ੍ਹੇ ਹੋਏ ਮੂੰਹ ਤੋਂ ਕੁਝ ਲਫਜ਼ ਦੂਰੋਂ ਬੋਲ ਕੇ ਕੰਮ ਸਾਰਿਆ ਜਾ ਰਿਹਾ ਹੈ। ਸੰਸਾਰ ਦੇ ਕੁਝ ਦੇਸ਼ਾਂ ਵਿੱਚ ਕਿਸੇ ਨੇੜੂ ਵਿਅਕਤੀ ਨਾਲ ਗਲ਼ੇ ਮਿਲਣ ਜਾਂ ਉਸ ਦਾ ਚੁੰਮਣ ਲੈਣ ਵਾਲਾ ਰਿਵਾਜ ਸੀ, ਇੱਕ ਦੇਸ਼ ਵਿੱਚ ਲੋਕ ਇੱਕ-ਦੂਸਰੇ ਦੇ ਨੱਕ ਨਾਲ ਨੱਕ ਜੋੜ ਕੇ ਅਪਣੱਤ ਜਤਾਇਆ ਕਰਦੇ ਸਨ। ਅੱਜ ਕੱਲ੍ਹ ਉਨ੍ਹਾਂ ਦੇਸ਼ਾਂ ਵਿੱਚ ਵੀ ਰਿਵਾਜ ਅੱਗੇ ਅੜਿੱਕਾ ਲੱਗਣ ਲੱਗ ਪਿਆ ਹੈ। ਸਾਰਾ ਸੰਸਾਰ ਇਸ ਤਰ੍ਹਾਂ ਤ੍ਰਹਿਕ ਗਿਆ ਹੈ ਕਿ ਹਰ ਕੋਈ ਇਸ ਰੋਗ ਦੇ ਕਾਰਨ ਆਪਣੇ ਆਪ ਨੂੰ ਹਰ ਸੜਕ, ਹਰ ਦੁਕਾਨ, ਹਰ ਦਫਤਰ ਨੇੜੇ ਫਸਿਆ ਮਹਿਸੂਸ ਕਰਦਾ ਹੈ।
ਅਸੀਂ ਕੁਝ ਟੂਰ ਬੁੱਕ ਕਰਨ ਵਾਲੀਆਂ ਕੰਪਨੀਆਂ ਦੇ ਪ੍ਰਤੀਨਿਧਾਂ ਨਾਲ ਇਸ ਸੰਬੰਧ ਵਿੱਚ ਥੋੜ੍ਹੀ ਜਿਹੀ ਗੱਲ ਕੀਤੀ ਤਾਂ ਉਨ੍ਹਾਂ ਨੇ ਰੋਣ ਵਾਲੀ ਆਵਾਜ਼ ਵਿੱਚ ਕਿਹਾ ਕਿ ਸਭ ਭੱਠਾ ਬੈਠ ਗਿਆ ਹੈ। ਲੋਕ ਸੈਰ-ਸਪਾਟੇ ਦੀਆਂ ਥਾਂਵਾਂ ਦੀ ਗੱਲ ਹੀ ਨਹੀਂ ਕਰਦੇ, ਸਗੋਂ ਹਾਲਤ ਇਹ ਹੈ ਕਿ ਜਿਨ੍ਹਾਂ ਨੇ ਆਪਣੇ ਕਿਸੇ ਕੰਮ ਲਈ ਕਿਸੇ ਦੂਸਰੇ ਦੇਸ਼ ਵੀ ਜਾਣਾ ਹੋਵੇ, ਇਸ ਗੱਲ ਤੋਂ ਡਰਦੇ ਹਨ ਕਿ ਕਿਤੇ ਰਾਹ ਵਿੱਚੋਂ ਕੋਈ ਮੁਸੀਬਤ ਨਾ ਸਹੇੜ ਲੈਂਦੇ ਹੋਈਏ। ਭਾਰਤ ਸਰਕਾਰ ਨੇ ਇਹ ਤਾਂ ਕਹਿ ਦਿੱਤਾ ਹੈ ਕਿ ਫਲਾਣੇ-ਫਲਾਣੇ ਦੇਸ਼ਾਂ ਵਿੱਚ ਨਹੀਂ ਜਾਣਾ, ਜਿਸ ਦਾ ਇਹ ਭਾਵ ਹੈ ਕਿ ਹੋਰਨਾਂ ਵਿੱਚ ਜਾ ਸਕਦੇ ਹਾਂ, ਪਰ ਜਦੋਂ ਹੋਰ ਦੇਸ਼ਾਂ ਵਿੱਚ ਗਏ ਤਾਂ ਜਦੋਂ ਏਅਰਪੋਰਟ ਦੀ ਚੈੱਕ-ਇਨ ਲਾਈਨ ਵਿੱਚ ਲੱਗਾਂਗੇ, ਇਮੀਗਰੇਸ਼ਨ ਚੈੱਕ ਦੀ ਲਾਈਨ ਵਿਚਾਲੇ ਫਸੇ ਹੋਵਾਂਗੇ ਜਾਂ ਸਕਿਓਰਟੀ ਚੈੱਕ ਕਰਾਉਣਾ ਹੈ, ਓਥੇ ਅੱਗੇ ਜਾਂ ਪਿੱਛੇ ਕੌਣ ਹੈ, ਪਤਾ ਨਹੀਂ ਹੋਵੇਗਾ। ਉਹ ਮੁਸਾਫਰ ਕਿਸ ਦੇਸ਼ ਤੋਂ ਆਇਆ ਹੈ, ਕਿਸ ਏਅਰਲਾਈਨ ਦੇ ਜਹਾਜ਼ ਵਿੱਚ ਕਿਹੋ ਜਿਹੇ ਲੋਕਾਂ ਵਿਚਾਲੇ ਬੈਠ ਕੇ ਆਇਆ ਹੈ, ਇਸ ਬਾਰੇ ਕੋਈ ਗੱਲ ਭਰੋਸੇ ਨਾਲ ਕਹਿਣੀ ਔਖੀ ਹੈ। ਸੰਸਾਰ ਭਰ ਦੇ ਡਾਕਟਰ ਕਹਿੰਦੇ ਹਨ ਕਿ ਇਸ ਬਿਮਾਰੀ ਦਾ ਵਾਇਰਸ ਬਹੁਤ ਸਾਰੇ ਢੰਗਾਂ ਨਾਲ ਅੱਗੇ ਫੈਲਦਾ ਹੈ, ਜਿਨ੍ਹਾਂ ਵਿੱਚ ਕਿਸੇ ਹੋਰ ਵਿਅਕਤੀ ਨਾਲ ਹੱਥ ਮਿਲਾਉਣਾ ਤੇ ਉਸ ਦੇ ਲਾਗੇ ਬਹਿਣਾ ਵੀ ਸ਼ਾਮਲ ਹੈ। ਦਿੱਲੀ ਨਾਲ ਜੁੜਦੇ ਵੱਡੇ ਨਗਰ ਨੋਇਡਾ ਵਿੱਚ ਕੁਝ ਵਿਦਿਆਰਥੀ ਇੱਕ ਮਿੱਤਰ ਦੀ ਜਨਮ ਦਿਨ ਦੀ ਪਾਰਟੀ ਵਿੱਚ ਚਲੇ ਗਏ ਸਨ। ਮਿੱਤਰ ਇਟਲੀ ਤੋਂ ਆਇਆ ਸੀ, ਇਸ ਕਾਰਨ ਉਨ੍ਹਾਂ ਸਾਰੇ ਵਿਦਿਆਰਥੀਆਂ ਦੀ ਡਾਕਟਰੀ ਜਾਂਚ ਦਾ ਹੁਕਮ ਜਾਰੀ ਹੋ ਗਿਆ ਤੇ ਬਾਕੀ ਸਾਰੇ ਕਾਲਜ ਵਿੱਚ ਛੁੱਟੀ ਕਰ ਦਿੱਤੀ ਗਈ। ਜੇ ਇਟਲੀ ਦੀ ਏਨੀ ਦਹਿਸ਼ਤ ਹੈ ਅਤੇ ਚੀਨ ਤੋਂ ਲੈ ਕੇ ਦੱਖਣੀ ਕੋਰੀਆ, ਸਿੰਘਾਪੁਰ, ਇਰਾਨ ਆਦਿ ਇਨ੍ਹਾਂ ਸਭ ਦੇਸ਼ਾਂ ਤੋਂ ਵਾਇਰਸ ਆਉਣ ਦਾ ਏਨਾ ਖਤਰਾ ਹੈ, ਫਿਰ ਉਨ੍ਹਾ ਦੇਸ਼ ਵਿੱਚ ਲੋਕ ਕਿਵੇਂ ਵੱਸਦੇ ਹਨ, ਇਹ ਵੀ ਸਾਨੂੰ ਲੋਕਾਂ ਨੂੰ ਸੋਚ ਲੈਣਾ ਚਾਹੀਦਾ ਹੈ। ਉਹ ਦੇਸ਼ ਖਾਲੀ ਨਹੀਂ ਹੋ ਗਏ, ਅਜੇ ਤੱਕ ਵੱਸਦੇ ਹਨ ਅਤੇ ਦਿਲੋਂ-ਮਨੋਂ ਭਰੋਸਾ ਰੱਖੀਏ ਕਿ ਉਹ ਦੇਸ਼ ਵੱਸਦੇ ਰਹਿਣਗੇ।
ਕੋਰੋਨਾ ਵਾਇਰਸ ਸਿਰਫ ਇੱਕ ਰੋਗ ਨਾ ਸਮਝੀਏ, ਇਹ ਇੱਕ ਮਹਾਂ-ਮਾਰੀ ਹੈ, ਜਿਸ ਦਾ ਸੰਕਟ ਸਾਰੀ ਮਨੁੱਖਤਾ ਲਈ ਹੈ ਅਤੇ ਇਸ ਦਾ ਸਾਹਮਣਾ ਵੀ ਸਾਰੀ ਮਨੁੱਖਤਾ ਨੂੰ ਕਰਨਾ ਪੈਣਾ ਹੈ। ਅਸੀਂ ਸੁਣਿਆ ਸੀ ਕਿ ਜਹਾਜ਼ ਡੁੱਬਦਾ ਵੇਖ ਕੇ ਪਹਿਲੀਆਂ ਛਾਲਾਂ ਚੂਹੇ ਮਾਰਿਆ ਕਰਦੇ ਹਨ, ਪਰ ਇਸ ਵਾਰੀ ਅਸੀਂ ਵੇਖਿਆ ਹੈ ਕਿ ਪਹਿਲੀਆਂ ਛਾਲਾਂ ਆਪਣੀ ਚੜ੍ਹਤ ਦੇ ਦਾਅਵੇ ਕਰਨ ਵਾਲੇ ਮਾਰ ਰਹੇ ਹਨ। ਕਈ ਦੇਸ਼ਾਂ ਨੇ ਪ੍ਰਭਾਵਤ ਦੇਸ਼ਾਂ ਨੂੰ ਜਾਂਦੀਆਂ ਫਲਾਈਟਾਂ ਰੋਕ ਦਿੱਤੀਆਂ ਤਾਂ ਇਸ ਵਿੱਚ ਕੋਈ ਬੁਰਾ ਨਹੀਂ ਕੀਤਾ, ਪਰ ਬੁਰਾ ਇਹ ਕੀਤਾ ਹੈ ਕਿ ਇਸ ਦੌਰਾਨ ਵਿਹਲੇ ਹੋਏ ਜਹਾਜ਼ਾਂ ਦੇ ਕਰਮਚਾਰੀਆਂ ਲਈ ਸੂਚਨਾ ਜਾਰੀ ਹੋ ਗਈ ਹੈ ਕਿ ਇਸ ਵਿਹਲੇ ਸਮੇਂ ਦੌਰਾਨ ਕੰਪਨੀ ਦਾ ਘਾਟਾ ਰੋਕਣ ਲਈ ਉਨ੍ਹਾਂ ਨੂੰ ਤਨਖਾਨ ਨਹੀਂ ਮਿਲਣੀ ਅਤੇ ਨਤੀਜਾ ਇਹ ਹੈ ਕਿ ਸੰਸਾਰ ਦੀ ਸਾੜ੍ਹ-ਸਤੀ ਉਨ੍ਹਾਂ ਲੋਕਾਂ ਨੂੰ ਭੁੱਖੇ ਢਿੱਡ ਭੁਗਤਣੀ ਪਵੇਗੀ। ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਇਸ ਰੋਗ ਤੋਂ ਵੱਧ ਚਿੰਤਾ ਇਸ ਗੱਲ ਦੀ ਫੈਲ ਗਈ ਹੈ ਕਿ ਇਸ ਨਾਲ ਜਿੰਨਾ ਕੰਮ ਬੰਦ ਹੋਣ ਦੀ ਨੌਬਤ ਆਈ ਹੈ, ਇਸ ਕਾਰਨ ਉਨ੍ਹਾਂ ਦੇਸ਼ਾਂ ਦੀ ਆਰਥਿਕਤਾ ਨੂੰ ਢਾਹ ਲੱਗ ਸਕਦੀ ਹੈ। ਇਹ ਡਰ ਭਾਰਤ ਵਿੱਚ ਵੀ ਬਹੁਤ ਸਾਰੇ ਲੋਕਾਂ ਨੂੰ ਹੈ, ਪਰ ਰਿਜ਼ਰਵ ਬੈਂਕ ਕਹਿੰਦਾ ਹੈ ਕਿ ਕੋਈ ਐਸੀ ਗੱਲ ਨਹੀਂ ਹੋਣ ਲੱਗੀ। ਜਿਹੜੇ ਦੇਸ਼ ਸਿਰਫ ਕਮਾਉਣ ਦੀ ਝਾਕ ਵਾਲੇ ਸਿਆਸੀ ਆਗੂਆਂ ਦੇ ਕੰਟਰੋਲ ਵਿੱਚ ਹਨ, ਉਨ੍ਹਾਂ ਵਿੱਚ ਇਹ ਸੋਚ ਭਾਰੂ ਜਾਪਦੀ ਹੈ। ਜਿਹੜੇ ਵੀ ਹਾਲਾਤ ਹੋਣ, ਇਹ ਸੰਕਟ ਸਾਰੇ ਸੰਸਾਰ ਦਾ ਸਾਂਝਾ ਹੈ ਅਤੇ ਸਾਰਿਆਂ ਨੂੰ ਇਸ ਦੇ ਟਾਕਰੇ ਲਈ ਓਸੇ ਤਰ੍ਹਾਂ ਇੱਕ ਦੂਸਰੇ ਦਾ ਹੱਥ ਫੜ ਕੇ ਚੱਲਣ ਦੀ ਲੋੜ ਹੈ, ਜਿਵੇਂ ਯੂ ਐੱਨ ਓ ਨੇ ਸੱਦਾ ਦਿੱਤਾ ਹੈ। ਸਮਾਂ ਸੰਭਾਲ ਲਿਆ ਤਾਂ ਹਰ ਕਿਸੇ ਨੂੰ ਇਸ ਦਾ ਸਿਹਰਾ ਲੈਣ ਦਾ ਵਕਤ ਮਿਲ ਜਾਵੇਗਾ, ਪਰ ਜੇ ਸੰਕਟ ਹੋਰ ਵੀ ਵਧ ਗਿਆ ਤਾਂ ਇੱਕ ਜਾਂ ਦੂਸਰੇ ਦੇਸ਼ ਦੇ ਲੋਕਾਂ ਦਾ ਨਹੀਂ ਰਹਿਣਾ, ਫਿਰ ‘ਡੂਬੇਗੀ ਕਿਸ਼ਤੀ ਤੋਂ ਡੂਬੇਂਗੇ ਸਾਰੇ, ਨਾ ਤੁਮ ਹੀ ਬਚੋਗੇ, ਨਾ ਸਾਥੀ ਤੁਮਾਰੇ’ ਵਾਲੀ ਗੱਲ ਵੀ ਹੋ ਸਕਦੀ ਹੈ।

ਜਤਿੰਦਰ ਪਨੂੰ