ਦਬਾਅ ਮਗਰੋਂ ਫੇਸਬੁੱਕ ਦੀ ਕਾਰਵਾਈ, BJP ਵਿਧਾਇਕ ਦਾ ਅਕਾਊਂਟ ਬੈਨ

ਹੇਟ ਸਪੀਚ ਮਾਮਲੇ ‘ਚ ਵਿਵਾਦਾਂ ‘ਚ ਘਿਰੀ ਫੇਸਬੁੱਕ ਨੇ ਬੀਜੇਪੀ ਵਿਧਾਇਕ ਟੀ ਰਾਜਾ ਸਿੰਘ ਦਾ ਅਕਾਊਂਟ ਬੈਨ ਕਰ ਦਿੱਤਾ ਹੈ। ਅਮਰੀਕੀ ਅਖ਼ਬਾਰ ‘ਵਾਲ ਸਟ੍ਰੀਟ ਜਰਨਲ’ ‘ਚ ਛਪੀ ਖ਼ਬਰ ਮੁਤਾਬਕ ਨਫ਼ਰਤ ਤੇ ਹਿੰਸਾ ਨੂੰ ਬੜਾਵਾ ਦੇਣ ਵਾਲੀ ਸਮੱਗਰੀ ਨੂੰ ਲੈ ਕੇ ਫੈਸਬੁੱਕ ਦੀ ਨੀਤੀ ਦੀ ਉਲੰਘਣਾ ਕਰਨ ‘ਤੇ ਤੇਲੰਗਾਨਾ ਤੋਂ ਬੀਜੇਪੀ ਵਿਧਾਇਕ ਨੂੰ ਬੈਨ ਕੀਤਾ ਗਿਆ ਹੈ।

 

ਕਰੀਬ ਤਿੰਨ ਹਫ਼ਤੇ ਪਹਿਲਾਂ ਅਮਰੀਕੀ ਅਖ਼ਬਾਰ ਨੇ ਦਾਅਵਾ ਕੀਤਾ ਸੀ ਕਿ ਫੇਸਬੁੱਕ ਦੇ ਇੰਡੀਆਂ ਪਾਲਿਸੀ ਹੈੱਡ ਆਂਖੀ ਦਾਸ ਨੇ ਟੀ ਰਾਜਾ ਸਿੰਘ ਦੇ ਕਈ ਵਿਵਾਦਤ ਪੋਸਟ ਹਟਾਉਣ ਦੇ ਵਿਚਾਰ ਦਾ ਵਿਰੋਧ ਕੀਤਾ ਸੀ। ਟੀ ਰਾਜਾ ਸਿੰਘ ਦੇ ਪੋਸਟ ਮੁਸਲਮਾਨਾਂ ਤੇ ਰੋਹਿੰਗਿਆ ਸ਼ਰਨਾਰਥੀਆਂ ਨਾਲ ਸਬੰਧਤ ਸਨ। ਸਿੰਘ ਦੇ ਘੱਟੋ ਘੱਟ ਪੰਜ ਪ੍ਰੋਫਾਈਲ ਹਨ, ਜਿਸ ‘ਤੇ ਤਿੰਨ ਲੱਖ ਤੋਂ ਜ਼ਿਆਦਾ ਫੌਲੋਅਰ ਹਨ।

 

ਪਿਛਲੇ ਮਹੀਨੇ ਟੀ ਰਾਜਾ ਸਿੰਘ ਨੇ ਦਾਅਵਾ ਕੀਤਾ ਸੀ ਕਿ 2018 ‘ਚ ਉਨ੍ਹਾਂ ਦਾ ਅਧਿਕਾਰਤ ਫੇਸਬੁੱਕ ਅਕਾਊਂਟ ਹੈਕ ਤੇ ਬਲੌਕ ਕਰ ਦਿੱਤਾ ਗਿਆ ਸੀ। ਬੀਜੇਪੀ ਵਿਧਾਇਕ ਨੇ ਕਿਹਾ ਉਨ੍ਹਾਂ ਕੋਲ ਸਿਰਫ਼ ਇੱਕ ਅਧਿਕਾਰਤ ਯੂਟਿਊਬ ਤੇ ਟਵਿਟਰ ਅਕਾਊਂਟ ਹੈ ਜਿਸ ‘ਚ ਉਨ੍ਹਾਂ ਇਨ੍ਹਾਂ ਖਾਤਿਆਂ ਜ਼ਰੀਏ ਕਦੇ ਕੋਈ ਭੜਕਾਊ ਟਿੱਪਣੀ ਨਹੀਂ ਕੀਤੀ।

 

ਬੁੱਧਵਾਰ ਦੋ ਸਤੰਬਰ ਨੂੰ ਸੂਚਨਾ ਤਕਨਾਲੋਜੀ ਤੇ ਸੰਸਦ ਦੀ ਸਥਾਈ ਕਮੇਟੀ ਨੇ ਫੇਸਬੁੱਕ ਦੇ ਇੰਡੀਆਂ ਹੈੱਡ ਅਜੀਤ ਮੋਹਨ ਨਾਲ ਦੋ ਘੰਟੇ ਤੋਂ ਜ਼ਿਆਦਾ ਸਵਾਲ ਕੀਤੇ। ਰਿਪੋਰਟਾਂ ਮੁਤਾਬਕ ਵਿਰੋਧੀ ਦਲਾਂ ਨੇ ਬੀਜੇਪੀ ਲੀਡਰਾਂ ਵੱਲੋਂ ਪੋਸਟ ਕੀਤੀ ਗਈ ਭੜਕਾਊ ਸਮੱਗਰੀ ਨੂੰ ਨਾ ਹਟਾਉਣ ‘ਤੇ ਫੇਸਬੁੱਕ ਦੀ ਆਲੋਚਨਾ ਕੀਤੀ।

 

ਬੈਠਕ ਤੋਂ ਬਾਅਦ ਕੰਪਨੀ ਦੇ ਬੁਲਾਰੇ ਨੇ ਬਿਆਨ ਜਾਰੀ ਕਰਕੇ ਕਿਹਾ, ‘ਫੇਸਬੁੱਕ ਇਕ ਖੁੱਲ੍ਹਾ ਅਤੇ ਪਾਰਦਰਸ਼ੀ ਮੰਚ ਬਣਾਉਣ ਲਈ ਵਚਨਬੱਧ ਹੈ। ਇਸ ਮਾਮਲੇ ‘ਚ ਫੇਸਬੁੱਕ ਅਧਿਕਾਰੀਆਂ ਨੂੰ ਸੰਸਦੀ ਕਮੇਟੀ ਦੇ ਸਾਹਮਣੇ ਫਿਰ ਤੋਂ ਬੁਲਾਇਆ ਜਾਵੇਗਾ।

 

ਸੰਸਦੀ ਕਮੇਟੀ ਦੀ ਬੈਠਕ ਤੋਂ ਕੁਝ ਘੰਟੇ ਪਹਿਲਾਂ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਵੱਲੋਂ ਫੇਸਬੁੱਕ ਦੇ ਸੀਈਓ ਮਾਰਕ ਜੁਕਰਬਰਗ ਨੂੰ 30 ਅਗਸਤ ਨੂੰ ਲਿਖੇ ਪੱਤਰ ਨੂੰ ਜਨਤਕ ਕੀਤਾ ਗਿਆ ਸੀ। ਭਾਰਤ ‘ਚ ਵਿਰੋਧੀ ਦਲਾਂ ਵੱਲੋਂ ਤਿੰਨ ਹਫ਼ਤਿਆਂ ‘ਚ ਜੁਕਰਬਰਗ ਨੂੰ ਲਿਖਿਆ ਗਿਆ ਇਹ ਤੀਜਾ ਪੱਤਰ ਹੈ। ਜਿਸ ‘ਚ ਫੇਸਬੁੱਕ ‘ਤੇ ਸਿਆਸੀ ਪੱਖਪਾਤ ਜਾ ਇਲਜ਼ਾਮ ਲਾਇਆ ਗਿਆ ਹੈ।

Leave a Reply

Your email address will not be published. Required fields are marked *