ਚੰਡੀਗੜ੍ਹ-ਮਨਾਲੀ ਹਾਈਵੇ ਤੇ ਪਹਾੜ ਖਿਸਕਣ ਨਾਲ ਲੱਗਾ ਮਲਬੇ ਦਾ ਢੇਰ, ਆਵਾਜਾਈ ਠੱਪ
ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਦਾਵਾੜਾ ਨੇੜੇ ਚੰਡੀਗੜ੍ਹ-ਮਨਾਲੀ ਰਾਸ਼ਟਰੀ ਰਾਜਮਾਰਗ ‘ਤੇ ਪਹਾੜ ਖਿਸਕਣ ਨਾਲ ਭਾਰੀ ਮਲਬਾ ਹੇਠਾਂ ਆ ਗਿਆ ਹੈ।ਇਸ ਨਾਲ ਮੰਡੀ-ਕੁੱਲੂ ਹਾਈਵੇਅ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।ਵਾਹਨਾਂ ਦੀ ਆਵਾਜਾਈ ਵਾਇਆ ਬਾਜੌਰਾ ਤੋਂ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਰਾਤ ਇੱਕ ਵਜੇ ਤੋਂ ਪਹਾੜੀ ਉਪਰੋਂ ਪੱਥਰ ਡਿੱਗਣੇ ਸ਼ੁਰੂ ਹੋ ਗਏ ਸੀ। ਸਵੇਰੇ ਅੱਠ ਵਜੇ ਤੱਕ ਮਲਬੇ ਦਾ ਇੱਕ ਵੱਡਾ ਢੇਰ ਹਾਈਵੇਅ ਤੇ ਲੱਗ ਗਿਆ।ਪਹਾੜ ਤੋਂ ਲਗਾਤਾਰ ਪੱਥਰ ਡਿੱਗਣ ਕਾਰਨ ਰਸਤਾ ਖੋਲ੍ਹਣ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਹੈ।
ਖਤਰੇ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸਵੇਰੇ ਹੀ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਸੀ। ਪੁਲਿਸ ਸਮੇਤ ਐਨਐਚ ਮਸ਼ੀਨਰੀ ਮੌਕੇ ਤੇ ਤਾਇਨਾਤ ਹੈ। ਇੱਥੇ ਹਾਈਵੇਅ ਤੇ ਖਤਰਾ ਬਣਿਆ ਹੋਇਆ ਹੈ। ਪੱਥਰ ਕੁਝ ਸਮੇਂ ਬਾਅਦ ਡਿੱਗ ਰਹੇ ਹਨ।ਅਜਿਹੀ ਸਥਿਤੀ ਵਿੱਚ, ਹਾਈਵੇ ਨੂੰ ਬਹਾਲ ਕਰਨ ਵਿੱਚ ਸਮਾਂ ਲੱਗ ਸਕਦਾ ਹੈ।