ਕੋਰੋਨਾ ਦਾ ਕਹਿਰ ਰੁਕਿਆ ਨਹੀਂ, ਭਵਿੱਖ ਦੇ ਸਵਾਲ ਡਰਾਉਣ ਵੀ ਲੱਗੇ ਨੇ

ਕੋਰੋਨਾ ਦਾ ਕਹਿਰ ਪੈਰੋ-ਪੈਰ ਵਧੀ ਜਾਣ ਨਾਲ ਸਾਰੀ ਦੁਨੀਆ ਦੇ ਲੋਕ ਇਸ ਵੇਲੇ ਚਿੰਤਾ ਵਿੱਚ ਹਨ। ਚਿੰਤਾ ਕਰਨ ਤੋਂ ਸਿਵਾ ਕੀ ਕਰਨਾ ਚਾਹੀਦਾ ਹੈ, ਆਮ ਲੋਕਾਂ ਨੂੰ ਸਮਝ ਨਹੀਂ ਆ ਰਿਹਾ। ਸਰਕਾਰਾਂ ਨੂੰ ਵੀ ਸਮਝ ਨਹੀਂ ਆ ਰਿਹਾ। ਜਿਸ ਵੀ ਦੇਸ਼ ਵੱਲ ਵੇਖਿਆ ਜਾਵੇ, ਕੋਰੋਨਾ ਦੇ ਕੇਸਾਂ ਦੀ ਵਧਦੀ ਗਿਣਤੀ ਅਤੇ ਮੌਤਾਂ ਦੀ ਬੇਰੋਕ ਵਧਦੀ ਲੜੀ ਦੀਆਂ ਖਬਰਾਂ ਹੀ ਮਿਲਦੀਆਂ ਹਨ। ਚੀਨ ਵਰਗੇ ਜਿਹੜੇ ਦੇਸ਼ ਵਿੱਚ ਬਿਮਾਰੀ ਪਹਿਲਾਂ ਸਾਹਮਣੇ ਆਈ ਸੀ, ਉਹ ਇਸ ਉੱਤੇ ਕਾਬੂ ਪਾ ਚੁੱਕਾ ਹੈ ਅਤੇ ਇਸ ਵਕਤ ਇਸ ਯਤਨ ਵਿੱਚ ਹੈ ਕਿ ਦੋਬਾਰਾ ਕੋਈ ਲਾਗ ਨਾ ਲੱਗ ਜਾਵੇ। ਦੱਖਣੀ ਕੋਰੀਆ ਤੇ ਜਾਪਾਨ ਇਸ ਦੇ ਮੁੱਢਲੇ ਸ਼ਿਕਾਰਾਂ ਵਿੱਚ ਸ਼ਾਮਲ ਹੋ ਗਏ ਸਨ, ਪਰ ਪਿੱਛੋਂ ਉਹ ਇਸ ਉੱਤੇ ਰੋਕ ਲਾਉਣ ਵਿੱਚ ਸਫਲ ਹੋ ਗਏ ਤੇ ਇਰਾਨ ਨੇ ਵੀ ਪਹਿਲੇ ਝਟਕੇ ਖਾਣ ਪਿੱਛੋਂ ਕਾਫੀ ਹੱਦ ਤੱਕ ਇਸ ਨੂੰ ਡੱਕਾ ਲਾ ਲਿਆ ਹੈ। ਵਿਕਸਤ ਗਿਣੇ ਜਾਂਦੇ ਯੂਰਪੀਨ ਦੇਸ਼ਾਂ ਵਿੱਚੋਂ ਬ੍ਰਿਟੇਨ, ਫਰਾਂਸ, ਇਟਲੀ, ਸਪੇਨ, ਹਾਲੈਂਡ ਤੇ ਬੈਲਜੀਅਮ ਆਦਿ ਵਿੱਚ ਬਿਮਾਰੀ ਅਜੇ ਰੁਕਣ ਦਾ ਨਾਂਅ ਨਹੀਂ ਲੈ ਰਹੀ ਤੇ ਇਹੋ ਹਾਲ ਦੁਨੀਆ ਦੀ ਮਹਾਂਸ਼ਕਤੀ ਕਹਾਉਂਦੇ ਅਮਰੀਕਾ ਦਾ ਹੋਇਆ ਪਿਆ ਹੈ। ਓਥੇ ਇਕੱਲੇ ਨਿਊ ਯਾਰਕ ਰਾਜ ਵਿੱਚ ਏਨੇ ਲੋਕ ਮਾਰੇ ਗਏ ਹਨ ਕਿ ਮੌਤਾਂ ਦੀ ਵੱਧ ਗਿਣਤੀ ਪੱਖੋਂ ਦੇਸ਼ਾਂ ਦੀ ਗਿਣਤੀ ਕਰਦਿਆਂ ਪੰਜ ਸਭ ਤੋਂ ਵੱਧ ਪੀੜਤ ਦੇਸ਼ਾਂ ਤੋਂ ਬਾਅਦ ਛੇਵੇਂ ਥਾਂ ਕਿਸੇ ਦੇਸ਼ ਦਾ ਨਹੀਂ, ਨਿਊ ਯਾਰਕ ਰਾਜ ਦਾ ਨਾਂਅ ਦਰਜ਼ ਹੈ, ਜਿੱਥੇ ਦਸ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਹਨ। ਮੌਤਾਂ ਦਾ ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਕਹਿਰ ਦੌਰਾਨ ਲਾਸ਼ਾਂ ਦੇ ਢੇਰਾਂ ਦੀ ਬਹੁਤਾਤ ਨਾਲ ਹਾਲਤ ਏਨੀ ਬੁਰੀ ਹੋ ਗਈ ਹੈ ਕਿ ਫਿਊਨਰਲ ਕਰਨ ਵਾਲਿਆਂ ਤੋਂ ਹਫੜਾ-ਦਫੜੀ ਵਿੱਚ ਆਪਣੇ ਇੱਕ ਜਿਉਂਦੇ ਸਾਥੀ ਨੂੰ ਸਾੜਨ ਦੀ ਗਲਤੀ ਵੀ ਹੋ ਗਈ ਹੈ। ਉਹ ਵਿਚਾਰਾ ਰਾਤ-ਦਿਨ ਲਗਾਤਾਰ ਲਾਸ਼ਾਂ ਸਾੜਨ ਦੇ ਕੰਮ ਵਿੱਚ ਏਨਾ ਥੱਕ ਗਿਆ ਕਿ ਲਾਸ਼ਾਂ ਦੇ ਢੇਰ ਵਿਚਾਲੇ ਓਥੇ ਹੀ ਸੌਂ ਗਿਆ ਅਤੇ ਦੂਸਰੇ ਕਾਮਿਆਂ ਨੇ ਲਾਸ਼ ਸਮਝ ਕੇ ਭੱਠੀ ਵਿੱਚ ਪਾ ਦਿੱਤਾ। ਬਿਨਾਂ ਕੱਫਨ ਤੋਂ ਉਸ ਮਨੁੱਖ ਨੂੰ ਸਾੜਿਆ ਜਾਣਾ ਦੱਸਦਾ ਹੈ ਕਿ ਓਥੇ ਹੋਰਨਾਂ ਲਾਸ਼ਾਂ ਨੂੰ ਵੀ ਕੱਫਨ ਨਸੀਬ ਨਹੀਂ ਹੁੰਦੇ ਹੋਣਗੇ।
ਮਹਾਂਸ਼ਕਤੀ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਲੋਕਾਂ ਦਾ ਧਿਆਨ ਵਧਦੀ ਜਾਂਦੀ ਬਿਮਾਰੀ ਅਤੇ ਇਸ ਕਾਰਨ ਹੁੰਦੀਆਂ ਮੌਤਾਂ ਵੱਲ ਨਹੀਂ ਜਾਣ ਦੇਂਦਾ, ਸਗੋਂ ਲੋਕਾਂ ਨੂੰ ਮਾਨਸਿਕ ਪੱਖ ਤੋਂ ਤਿਆਰ ਕਰਨ ਲੱਗ ਪਿਆ ਹੈ ਕਿ ਲੱਖ-ਦੋ ਲੱਖ ਮੌਤਾਂ ਤੱਕ ਰੋਕ ਲੱਗ ਗਈ ਤਾਂ ਮੇਰੀ ਸਰਕਾਰ ਦੀ ਕਾਮਯਾਬੀ ਸਮਝ ਲਿਓ। ਕਹਿਣ ਦਾ ਭਾਵ ਇਹ ਕਿ ਜਦੋਂ ਤੱਕ ਮੌਤਾਂ ਲੱਖਾਂ ਤੱਕ ਨਾ ਪਹੁੰਚ ਜਾਣ, ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ। ਏਸੇ ਲਈ ਅਮਰੀਕਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਜਦੋਂ ਵੀਹ ਹਜ਼ਾਰ ਨੂੰ ਟੱਪੀ ਅਤੇ ਇਕੱਲੇ ਨਿਊ ਯਾਰਕ ਰਾਜ ਵਿੱਚ ਵੀ ਦਸ ਹਜ਼ਾਰ ਟੱਪ ਗਈ ਤਾਂ ਆਮ ਲੋਕ ਇਸ ਬਾਰੇ ਬੋਲੇ ਤੱਕ ਨਹੀਂ। ਦੁਨੀਆ ਦੇ ਕਿਸੇ ਹੋਰ ਦੇਸ਼ ਵਿੱਚ ਇਹੋ ਜਿਹੀ ਹਾਲਤ ਹੁੰਦੀ ਤਾਂ ਅਮਰੀਕਾ ਮੀਡੀਆ ਨੇ ਜ਼ੋਰ ਨਾਲ ਦੁਹਾਈ ਪਾ ਕੇ ਚੀਕਣਾ ਸੀ, ਪਰ ਆਪਣੇ ਘਰ ਵਿੱਚ ਮੱਚ ਰਹੇ ਸਿਵਿਆਂ ਬਾਰੇ ਅਮਰੀਕੀ ਮੀਡੀਆ ਉਸ ਤਰ੍ਹਾਂ ਚੀਕਾਂ ਮਾਰ ਕੇ ਦੁਹਾਈ ਨਹੀਂ ਪਾ ਰਿਹਾ। ਉਸ ਦੇਸ਼ ਵਿੱਚ ਲੋਕ ਇਸ ਨੂੰ ਭਾਣ ਮੰਨ ਬੈਠੇ ਹਨ। ਕੋਰੋਨਾ ਦੀ ਮਾਰ ਨੇ ਮਨੁੱਖਤਾ ਨੂੰ ਏਦਾਂ ਦੀ ਸੰਵੇਦਨਾਹੀਣ ਬਣਾ ਦਿੱਤਾ ਹੈ ਕਿ ਅਮਰੀਕੀ ਲੋਕਾਂ ਨੇ ਕੀ ਬੋਲਣਾ, ਭਾਰਤੀ ਤੇ ਅਸੀਂ ਪੰਜਾਬੀ ਹੋਣ ਦੀ ਦੁਹਾਈ ਦੇਣ ਵਾਲੇ ਅਮਰੀਕੀ ਸੰਗਠਨ ਵੀ ਇਸ ਦੌਰ ਦੌਰਾਨ ਚੁੱਪ ਜਿਹੀ ਵੱਟ ਗਏ ਹਨ। ਇਹ ਬੇਵੱਸੀ ਦੀ ਓੜਕ ਹੈ।
ਅਸੀਂ ਬਾਕੀ ਦੁਨੀਆ ਦੇ ਦੇਸ਼ਾਂ ਦੀ ਚਰਚਾ ਵਿੱਚ ਪੈਣ ਦੀ ਥਾਂ ਭਾਰਤ ਅਤੇ ਪੰਜਾਬ ਦੀ ਗੱਲ ਕਰ ਲਈਏ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹਜ਼ਾਰ ਮੱਤਭੇਦ ਹੋਣ, ਇਸ ਬਾਰੇ ਕੋਈ ਕਿੰਤੂ ਨਹੀਂ ਕਰੇਗਾ ਕਿ ਉਸ ਨੇ ਵਕਤ ਰਹਿੰਦਿਆਂ ਕੁਝ ਠੋਸ ਕਦਮ ਚੁੱਕੇ ਸਨ, ਜਿਨ੍ਹਾਂ ਨਾਲ ਕੋਰੋਨਾ ਦੇ ਕਹਿਰ ਨੂੰ ਰੋਕਣ ਵਿੱਚ ਮਦਦ ਮਿਲੀ ਅਤੇ ਬਿਮਾਰੀ ਨਾਲ ਅਜੇ ਤੱਕ ਵੱਡਾ ਨੁਕਸਾਨ ਨਹੀਂ ਹੋਇਆ। ਦੂਸਰੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਏਅਰਪੋਰਟ ਉੱਤੇ ਸਕਰੀਨਿੰਗ ਅਤੇ ਪਹਿਲੇ ਪੰਜ ਕੇਸਾਂ ਤੋਂ ਬਾਅਦ ਹੀ ਲਾਕਡਾਊਨ ਵੇਲੇ ਸਿਰ ਲਾਗੂ ਕਰ ਦੇਣ ਨਾਲ ਲਾਗ ਫੈਲਣੀ ਬੰਦ ਹੋ ਗਈ ਸੀ ਤੇ ਬਹੁਤੇ ਨੁਕਸਾਨ ਤੋਂ ਬਚਾਅ ਹੋ ਗਿਆ ਸੀ। ਫਿਰ ਵੀ ਜਿਵੇਂ ਅਸੀਂ ਪ੍ਰਧਾਨ ਮੰਤਰੀ ਦੇ ਕਦਮਾਂ ਦੀ ਸ਼ਲਾਘਾ ਕਰਨ ਤੋਂ ਨਹੀਂ ਖੁੰਝਣਾ ਚਾਹੁੰਦੇ, ਓਦਾਂ ਹੀ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਜਿਸ ਕੇਰਲਾ ਰਾਜ ਵਿੱਚ ਮੁੱਢਲੇ ਹੱਲੇ ਵਿੱਚ ਕੋਰੋਨਾ ਵਾਇਰਸ ਪਹੁੰਚ ਗਿਆ ਸੀ ਤੇ ਕਈ ਦਿਨ ਲਗਾਤਾਰ ਵਧਦਾ ਗਿਆ ਸੀ, ਉਸ ਰਾਜ ਨੇ ਜਿੱਦਾਂ ਦੇ ਪ੍ਰਬੰਧ ਕੀਤੇ ਸਨ ਅਤੇ ਜਿਸ ਤਰ੍ਹਾਂ ਇਸ ਨੂੰ ਰੋਕਣ ਵਿੱਚ ਸਫਲਤਾ ਹਾਸਲ ਕੀਤੀ ਹੈ, ਉਸ ਤੋਂ ਵੀ ਸਿੱਖਣਾ ਚਾਹੀਦਾ ਹੈ। ਕੇਰਲਾ ਮਾਡਲ ਦੀ ਚਰਚਾ ਹਰ ਪਾਸੇ ਹੋ ਰਹੀ ਹੈ, ਪਰ ਇਸ ਮਾਡਲ ਨੂੰ ਹੋਰਨਾਂ ਰਾਜਾਂ ਵਿੱਚ ਲਾਗੂ ਕੀਤੇ ਜਾਣ ਦੀ ਲੋੜ ਸਮਝ ਕੇ ਕੋਈ ਕਦਮ ਉਠਾਇਆ ਜਾਣ ਦੀ ਖਬਰ ਨਹੀਂ ਆ ਰਹੀ। ਮਹਾਰਾਸ਼ਟਰ ਦੇ ਇੱਕੋ ਰਾਜ ਵਿੱਚ ਮੌਤਾਂ ਦੀ ਗਿਣਤੀ ਭਾਰਤ ਦੇ ਕੁੱਲ ਅੰਕੜੇ ਦਾ ਅੱਧ ਤੋਂ ਵੱਧ ਬਣਦੀ ਹੈ ਅਤੇ ਇਸ ਰਾਜ ਵਿੱਚ ਹੋਈਆਂ ਮੌਤਾਂ ਵਿੱਚੋਂ ਅੱਧ ਤੋਂ ਵੱਧ ਮੁੰਬਈ ਵਿੱਚ ਹੋ ਗਈਆਂ ਹਨ। ਓਥੇ ਕੇਰਲਾ ਮਾਡਲ ਲਾਗੂ ਕੀਤਾ ਜਾ ਸਕਦਾ ਸੀ। ਰਾਜਸਥਾਨ ਦੇ ਭੀਲਵਾੜਾ ਜ਼ਿਲੇ ਵਿੱਚ ਕੋਰੋਨਾ ਦੇ ਕੇਸ ਸਭ ਤੋਂ ਪਹਿਲਾਂ ਪਹੁੰਚੇ ਸਨ ਤੇ ਲਾਗ ਤੇਜ਼ੀ ਨਾਲ ਵਧੀ ਸੀ, ਪਰ ਓਥੋਂ ਦੇ ਪ੍ਰਸ਼ਾਸਨ ਨੇ ਜਿਵੇਂ ਇਸ ਨੂੰ ਠੱਲ੍ਹਿਆ ਤੇ ਲੋਕਾਂ ਨੂੰ ਮਰਨੋਂ ਬਚਾਇਆ ਸੀ, ਉਸ ਰਾਜ ਦੀ ਸਰਕਾਰ ਵੀ ਉਸ ਤੋਂ ਕੁਝ ਨਹੀਂ ਸਿੱਖ ਸਕੀ। ਜੇ ਭੀਲਵਾੜਾ ਜ਼ਿਲੇ ਦੇ ਇਸ ਮਾਡਲ ਨੂੰ ਰਾਜਸਥਾਨ ਸਰਕਾਰ ਨੇ ਸਾਰੇ ਰਾਜ ਵਿੱਚ ਏਸੇ ਤਰ੍ਹਾਂ ਅਪਣਾਇਆ ਹੁੰਦਾ ਤਾਂ ਇਸ ਰਾਜ ਦੀ ਰਾਜਧਾਨੀ ਜੈਪੁਰ ਵਿੱਚ ਮੌਤਾਂ ਹੋਣ ਵਾਲੇ ਅੰਕੜੇ ਨਹੀਂ ਸਨ ਵਧਣੇ। ਇਸ ਪਾਸੇ ਉਸ ਰਾਜ ਦੀ ਸਰਕਾਰ ਨੇ ਬਣਦਾ ਧਿਆਨ ਨਹੀਂ ਸੀ ਦਿੱਤਾ।
ਪੰਜਾਬ ਦੇ ਨਵਾਂ ਸ਼ਹਿਰ ਜ਼ਿਲੇ ਵਿੱਚ ਪਹਿਲਾ ਕੇਸ ਗਿਆਨੀ ਬਲਦੇਵ ਸਿੰਘ ਪਠਲਾਵਾ ਦਾ ਸਾਹਮਣੇ ਆਇਆ ਸੀ, ਉਸ ਦੀ ਮੌਤ ਮਗਰੋਂ ਹਾਲਤ ਨੂੰ ਸੰਭਾਲ ਲਿਆ ਗਿਆ। ਸਿੱਟਾ ਇਹ ਨਿਕਲਿਆ ਕਿ ਓਥੋਂ ਦੇ ਲੋਕਾਂ ਅਤੇ ਪ੍ਰਸ਼ਾਸਨ ਨੇ ਮਿਲ ਕੇ ਪਿੰਡ ਵੀ ਬਚਾ ਲਿਆ ਤੇ ਉਸ ਪਰਵਾਰ ਦੇ ਪ੍ਰਭਾਵਤ ਹੋਏ ਲੋਕ ਵੀ ਬਚਾਏ ਗਏ ਹਨ। ਬਾਕੀ ਪੰਜਾਬ ਵਾਸਤੇ ਪਠਲਾਵਾ ਪਿੰਡ ਵੀ ਮਾਡਲ ਸਮਝਿਆ ਜਾ ਸਕਦਾ ਹੈ। ਏਦਾਂ ਦੇ ਮਾਡਲਾਂ ਤੋਂ ਬੜਾ ਕੁਝ ਸਿੱਖਿਆ ਜਾ ਸਕਦਾ ਹੈ।
ਇਹ ਗੱਲ ਸਾਨੂੰ ਸਭ ਨੂੰ ਸਮਝਣੀ ਚਾਹੀਦੀ ਹੈ ਕਿ ਇਸ ਵਕਤ ਮੌਤਾਂ ਦੀ ਲੜੀ ਰੁਕਣ ਦਾ ਨਾਂਅ ਨਹੀਂ ਲੈ ਰਹੀ ਤੇ ਜਦੋਂ ਇਸ ਨੂੰ ਰੋਕਣ ਵਿੱਚ ਕਾਮਯਾਬੀ ਮਿਲ ਗਈ, ਉਸ ਵੇਲੇ ਇੱਕ ਨਵੀਂ ਮੁਸ਼ਕਲ ਵੀ ਸਿਰ ਉੱਤੇ ਆਉਂਦੀ ਦਿਖਾਈ ਦੇ ਰਹੀ ਹੈ। ਕਾਰੋਬਾਰਾਂ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ। ਜਦੋਂ ਕੋਰੋਨਾ ਦੇ ਸੰਕਟ ਉੱਤੇ ਕਾਬੂ ਪਾਇਆ ਜਾਵੇਗਾ ਤਾਂ ਪਹਿਲਾ ਸਵਾਲ ਏਨਾ ਲੰਮਾਂ ਸਮਾਂ ਘਰਾਂ ਵਿੱਚ ਵਿਹਲੇ ਬੈਠੇ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਹੋਵੇਗਾ ਤੇ ਬਹੁਤੇ ਕਾਰੋਬਾਰ ਇਸ ਸਥਿਤੀ ਵਿੱਚ ਨਹੀਂ ਰਹਿ ਜਾਣੇ ਕਿ ਏਨੀ ਮਾਰ ਝੱਲਣ ਦੇ ਬਾਅਦ ਚਲਾਏ ਜਾ ਸਕਣ। ਜੇ ਉਹ ਚੱਲਣਗੇ ਵੀ ਤਾਂ ਓਥੇ ਜਿਹੜਾ ਮਾਲ ਬਣੇਗਾ, ਲੋਕਾਂ ਦੀ ਇਸ ਸਮੇਂ ਦੌਰਾਨ ਖਰੀਦ ਸ਼ਕਤੀ ਘਟਦੀ ਜਾਣ ਕਾਰਨ ਉਸ ਮਾਲ ਦੇ ਗ੍ਰਾਹਕ ਨਹੀਂ ਲੱਭ ਸਕਣੇ। ਇਸ ਕਰ ਕੇ ਕਈ ਫੈਕਟਰੀਆਂ ਬੰਦ ਹੋਣ ਜਾਂ ਕਾਮਿਆਂ ਨੂੰ ਕੱਢਣ ਦੀ ਨੌਬਤ ਆਉਣੀ ਹੈ। ਏਦਾਂ ਦੇ ਮੌਕੇ ਜਿਨ੍ਹਾਂ ਅਦਾਰਿਆਂ ਤੋਂ ਇਹ ਫੈਕਟਰੀਆਂ ਕੱਚਾ ਮਾਲ ਲੈਂਦੀਆਂ ਅਤੇ ਜਿਨ੍ਹਾਂ ਅਦਾਰਿਆਂ ਨੂੰ ਆਪਣਾ ਮਾਲ ਵੇਚਦੀਆਂ ਸਨ, ਉਨ੍ਹਾਂ ਵਿੱਚ ਕੰਮ ਘਟ ਜਾਣਾ ਤੇ ਬਹੁਤ ਸਾਰੇ ਲੋਕ ਕੱਢੇ ਜਾਣ ਦੀ ਨੌਬਤ ਆਉਣੀ ਹੈ। ਇਸ ਨਾਲ ਸੰਸਾਰ ਭਰ ਦੇ ਦੇਸ਼ਾਂ ਵਿੱਚ ਆਰਥਿਕ ਮੰਦੇ ਦਾ ਇੱਕ ਇਹੋ ਜਿਹਾ ਦੌਰ ਸ਼ੁਰੂ ਹੋ ਜਾਣਾ ਹੈ, ਜਿਸ ਦੇ ਪਾਰ ਵੇਖਿਆਂ ਡਰ ਲੱਗਦਾ ਹੈ। ਸੰਸਾਰ ਭਰ ਦੇ ਲੋਕਾਂ ਨੂੰ ਇਸ ਵਕਤ ਬਹੁਤ ਸਾਰੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਦੇ ਹੱਲ ਦੀ ਕੋਈ ਕਿਰਨ ਨਜ਼ਰ ਨਹੀਂ ਆ ਰਹੀ। ਅਜੋਕੇ ਹਾਲਾਤ ਅਤੇ ਭਵਿੱਖ ਦੇ ਸਵਾਲਾਂ ਨਾਲ ਨਿਪਟਣਾ ਲਈ ਸਾਰੀ ਮਨੁੱਖਤਾ ਨੂੰ ਇੱਕਸੁਰਤਾ ਦੀ ਲੋੜ ਪਵੇਗੀ।

ਜਤਿੰਦਰ ਪਨੂੰ