ਪੰਜਾਬ ਦੇ ਅੰਗ-ਸੰਗ: ਪੰਜਾਬੀ ਜ਼ਿੰਦਗੀ ਦੇ ਹਰ ਰੰਗ ਦੀ ਬਾਤ ਪਾਉਂਦੇ ਲੋਕ-ਗੀਤ

ਲੋਕ-ਗੀਤ ਉਹ ਗੀਤ ਹਨ ਜਿਨ੍ਹਾਂ ਦਾ ਰਚੇਤਾ ਕੋਈ ਇੱਕ ਨਾ ਹੋ ਕੇ ਸਗੋਂ ਸਮੁੱਚੀ ਲੋਕਾਈ ਵੱਲੋਂ ਸਿਰਜੇ ਜਾਂਦੇ ਹਨ। ਲੋਕ ਗੀਤਾਂ ਦੀ ਸਿਰਜਣਾ ਦਾ ਕੋਈ ਦਾਅਵੇਦਾਰ ਨਹੀਂ ਹੋ ਸਕਦਾ। ਇਹ ਲੋਕ-ਹਿਰਦਿਆਂ ‘ਚੋਂ ਪੈਦਾ ਹੋ ਕੇ ਚੇਤਿਆਂ ‘ਚ ਆ ਵੱਸਦੇ ਹਨ।

ਹਰ ਕੌਮ, ਹਰ ਸੱਭਿਆਚਾਰ ਦੇ ਆਪਣੇ ਲੋਕ-ਗੀਤ ਹਨ। ਪੰਜਾਬੀ ਕੌਮ ਦੇ ਰਹਿਣ-ਸਹਿਣ, ਜੀਵਨ ਜਾਂਚ, ਰੁੱਤਾ ਤਿਉਹਾਰਾਂ, ਰਿਸ਼ਤੇ-ਨਾਤਿਆਂ ਨਾਲ ਸਬੰਧਤ ਅਨੇਕਾਂ ਲੋਕ ਗੀਤ ਹਨ। ਖ਼ੁਸ਼ੀ-ਗ਼ਮੀ, ਜੰਮਣ-ਮਰਨ, ਮੇਲ-ਵਿਛੋੜੇ, ਰੁੱਤਾਂ-ਥਿੱਤਾਂ, ਦਿਨਾਂ-ਤਿਉਹਾਰਾਂ, ਰੀਤੀ-ਰਿਵਾਜ਼ਾਂ ਤੇ ਹੋਰ ਸਮਾਜਿਕ ਕਾਰਾਂ-ਵਿਹਾਰਾਂ ਵਿੱਚ ਲੋਕ ਗੀਤ ਮਨੁੱਖ ਦੇ ਅੰਗ-ਸੰਗ ਰਹਿੰਦੇ ਹਨ।

ਪੰਜਾਬੀ ਸੱਭਿਆਚਾਰ ‘ਚ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤਕ ਦੀਆਂ ਰਸਮਾਂ ਨਾਲ ਸਬੰਧਤ ਲੋਕ ਗੀਤ ਹਨ। ਜੋ ਪੀੜ੍ਹੀ ਦਰ ਪੀੜ੍ਹਾ ਜ਼ੁਬਾਨ ਰਾਹੀਂ ਅੱਗੇ ਆਉਂਦੇ ਗਏ। ਸਿੱਟੇ ਵਜੋਂ ਜੋ ਗੀਤ ਸਾਡੀਆਂ ਦਾਦੀਆਂ-ਪੜਦਾਦੀਆਂ ਗਾਉਂਦੀਆਂ ਸਨ, ਓਹੀ ਗੀਤ ਅੱਜ ਸਾਡੀ ਜ਼ੁਬਾਨ ‘ਤੇ ਹਨ।

ਲੋਕ-ਗੀਤਾਂ ਦੀ ਸਿਰਜਣਾ ਸਹਿਜ ਹੁੰਦੀ ਹੈ। ਇਹ ਸਾਹਿਤ ਦੇ ਨਿਯਮਾਂ ਤੋਂ ਪਰ੍ਹਾਂ ਰਹਿੰਦੇ ਹਨ। ਇਸ ਲਈ ਜ਼ਰੂਰੀ ਨਹੀਂ ਕਿ ਜੋ ਪੜ੍ਹਿਆ-ਲਿਖਿਆ ਹੋਵੇਗਾ, ਉਹੀ ਲੋਕ-ਗੀਤਾਂ ਦੀ ਜਾਣਕਾਰੀ ਰੱਖਣਦਾ ਹੋਵੇਗਾ। ਪਿੰਡਾਂ ‘ਚ ਘੱਟ ਪੜ੍ਹੀਆਂ ਜਾਂ ਬਿਲਕੁਲ ਅਨਪੜ੍ਹ ਔਰਤਾਂ ਦੇ ਚੇਤਿਆਂ ‘ਚ ਜ਼ੁਬਾਨੀ ਲੋਕ-ਗੀਤ ਵੱਸੇ ਹੁੰਦੇ ਹਨ।

ਪੰਜਾਬੀ ਲੋਕ-ਗੀਤਾਂ ਦੀਆਂ ਅਨੇਕ ਕਿਸਮਾਂ ਹਨ:
ਬੱਚੇ ਦੇ ਜਨਮ ਵੇਲੇ ਗਾਏ ਜਾਣ ਵਾਲੇ ਗੀਤ:
‘ਰੱਤਾ ਰੱਤਾ ਫੁੱਲ ਸਦਾ ਰੰਗ ਲਾਲ, ਕਿਹੜੀ ਸੁਹਾਗਣ ਤੋੜਿਆ ?’
‘ਰੱਤਾ ਰੱਤਾ ਫੁੱਲ ਸਦਾ ਰੰਗ ਲਾਲ, ਭਾਬੋ ਸੁਹਾਗਣ ਤੋੜਿਆ।’

‘ਅੱਧੀ ਅੱਧੀ ਰਾਤ ਹੋਈ ਪਰਭਾਤ, ਕਿਹਦੇ ਘਰ ਮੰਡਲ ਵੱਜਿਆ ?’
‘ਅੱਧੀ ਅੱਧੀ ਰਾਤ ਹੋਈ ਪਰਭਾਤ, ਮੇਰੇ ਘਰ ਮੰਡਲ ਨਹੀਂ ਵੱਜਿਆ।’
‘ਪੁੱਤਰਾਂ ਵਾਲੀਆਂ ਦੇ ਮੈਲੇ ਮੈਲੇ ਵੇਸ, ਤੇਰੇ ਸੂਹੇ ਤੇ ਸਾਵੇ ਨੀ ਕੱਪੜੇ।’
‘ਪੁੱਤਰਾਂ ਵਾਲੀਆਂ ਦੀ ਭਿੱਜੀ ਭਿੱਜੀ ਸੇਜ, ਤੇਰੀ ਸੇਜੇ ਚੰਬਾ ਨੀ ਖਿੜਿਆ।’

ਜਾਂ

ਹਰਿਆ ਨੀ ਮਾਏ, ਹਰਿਆ ਨੀ ਭੈਣੇ,
ਹਰਿਆ ਤੇ ਭਾਗੀਂ ਭਰਿਆ।
ਜਿੱਤ ਦਿਹਾੜੇ ਮੇਰਾ ਹਰਿਆ ਨੀ ਜੰਮਿਆ,
ਸੋਈਓ ਦਿਹਾੜਾ ਭਾਗੀਂ ਭਰਿਆ।

ਜਾਂ

ਨਣਦ ਤੇ ਭਾਬੋ ਰਲ ਬੈਠੀਆਂ,
ਪੀਆ ਕੀਤੇ ਸੂ ਕੌਲ ਕਰਾਰ,
ਜੇ ਘਰ ਜੰਮੇਗਾ ਗੀਗੜਾ ਨੀ,
ਬੀਬੀ, ਦੇਵਾਂਗੀ ਫੁੱਲ-ਝੜੀਆਂ।

ਸੋ ਇਸ ਤਰ੍ਹਾਂ ਬੱਚੇ ਦੇ ਜਨਮ ਸਮੇਂ ਤੋਂ ਲੋਕ-ਗੀਤਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਜੋ ਉਮਰ ਭਰ ਨਾਲ-ਨਾਲ ਚੱਲਦਾ ਰਹਿੰਦਾ ਹੈ

Leave a Reply

Your email address will not be published. Required fields are marked *