ਪਿੰਡ ਬਾਜੇਚੱਕ ‘ਚ ਸ਼ਿਖਰ ਦੁਪਹਿਰੇ ਦਰਜਨਾਂ ਹਥਿਆਰਬੰਦ ਨੌਜਵਾਨਾਂ ਵੱਲੋਂ ਗੁੰਡਾਗਰਦੀ! ਲੋਕਾਂ ਡਰਦੇ ਬੂਹੇ ਕੀਤੇ ਬੰਦ

ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਬਾਜੇਚੱਕ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ 25 ਦੇ ਕਰੀਬ ਨੌਜਵਾਨਾਂ ਨੇ ਮੋਟਰਸਾਈਕਲ ‘ਤੇ ਸਵਾਰ ਹੋ ਰਿਵਾਇਤੀ ਹਥਿਆਰ ਲਹਿਰਾ ਕੇ ਪਿੰਡ ਵਿੱਚ ਭੜਥੂ ਪਾ ਦਿੱਤਾ। ਲੋਕ ਦਹਿਸ਼ਤ ਕਾਰਨ ਆਪਣੇ ਘਰਾਂ ਵਿੱਚ ਵੜ ਗਏ ਤੇ ਨੌਜਵਾਨ ਪਿੰਡ ਦੀਆਂ ਗਲੀਆਂ ਵਿੱਚ ਚੀਕਾਂ ਮਾਰਦੇ ਰਹੇ।

ਉਹ ਲੋਕਾਂ ਦੇ ਦਰਵਾਜਿਆਂ ‘ਤੇ ਰਿਵਾਇਤੀ ਹਥਿਆਰਾਂ ਨਾਲ ਹਮਲੇ ਕਰਦੇ ਰਹੇ ਤੇ ਪਿੰਡ ਦੇ ਕਈ ਲੋਕਾਂ ਦੇ ਦਰਵਾਜੇ ਵੱਢ ਸੁੱਟੇ। ਪੂਰੇ ਪਿੰਡ ਵਿੱਚ ਜੰਮ ਕੇ ਗੁੰਡਾਗਰਦੀ ਕੀਤੀ ਤੇ ਦੋ ਘੰਟੇ ਦੀ ਗੁੰਡਾਗਰਦੀ ਕਰਨ ਤੋਂ ਬਾਅਦ ਫ਼ਰਾਰ ਹੋ ਗਏ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪਿੰਡ ਦੀਆਂ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਅਚਾਨਕ ਹੀ ਪਿੰਡ ਵਿੱਚ ਚੀਕਾਂ ਦੀਆਂ ਆਵਾਜ਼ਾਂ ਸੁਣੀਆਂ। ਜਦ ਉਨ੍ਹਾਂ ਬਾਹਰ ਨਿਕਲ ਕੇ ਦੇਖਿਆ ਤਾਂ 25 ਦੇ ਕਰੀਬ ਨੌਜਵਾਨ ਮੋਟਰਸਾਈਕਲ ‘ਤੇ ਆ ਰਹੇ ਸੀ। ਉਨ੍ਹਾਂ ਦੇ ਹੱਥਾਂ ਵਿੱਚ ਦਾਤਰ, ਕ੍ਰਿਪਾਨਾਂ ਆਦਿ ਰਿਵਾਇਤੀ ਹਥਿਆਰ ਸਨ ਜੋ ਸ਼ਰ੍ਹੇਆਮ ਲਹਿਰਾਂ ਰਹੇ ਸਨ।

ਪਿੰਡ ਲੋਕ ਡਰ ਕੇ ਆਪਣੇ-ਆਪਣੇ ਘਰਾਂ ਵਿੱਚ ਵੜ ਗਏ। ਇਨ੍ਹਾਂ ਨੌਜਵਾਨਾਂ ਨੇ ਇੱਟਾਂ-ਰੋੜੇ ਵੀ ਲੋਕਾਂ ਦੇ ਘਰਾਂ ਵਿੱਚ ਚਲਾਏ ਤੇ ਦੋ ਘੰਟੇ ਪਿੰਡ ਵਿੱਚ ਜੰਮ ਕੇ ਗੁੰਡਾਗਰਦੀ ਕੀਤੀ ਤੇ ਬਾਅਦ ਵਿੱਚ ਫ਼ਰਾਰ ਹੋ ਗਏ। ਪਿੰਡ ਦੇ ਲੋਕਾਂ ਦੀ ਮੰਗ ਹੈ ਕਿ ਅਜਿਹੇ ਗੁੰਡਾ ਅਨਸਰਾਂ ਤੇ ਨੱਥ ਪਾਈ ਜਾਵੇ ਤੇ ਸਖ਼ਤ ਕਾਰਵਾਈ ਕੀਤੀ ਜਾਵੇ।

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 112 ‘ਤੇ ਸ਼ਿਕਾਇਤ ਆਈ ਸੀ ਕਿ ਪਿੰਡ ਬਾਜੇਚੱਕ ਵਿੱਚ ਕੁਝ ਗੁੰਡਾ ਅਨਸਰਾਂ ਨੇ ਗੁੰਡਾਗਰਦੀ ਮਚਾਈ ਹੈ। ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪਿੰਡ ਦੇ ਨੌਜਵਾਨਾਂ ਦਾ ਦੂਸਰੇ ਪਿੰਡ ਦੇ ਨੌਜਵਾਨਾਂ ਨਾਲ ਝਗੜਾ ਹੋਇਆ ਸੀ। ਇਸ ਕਰਕੇ ਇਹ ਘਟਨਾ ਵਾਪਰੀ ਹੈ। ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *