ਵਧਦੀ ਪਈ ਕੋਰੋਨਾ ਦੀ ਬਿਮਾਰੀ ਅਤੇ ਅੱਜ ਦੇ ਹਾਲਾਤ ਵਿੱਚ ਸਾਡੇ ਫਰਜ਼

ਅਸੀਂ ਉਰਦੂ ਦਾ ਇੱਕ ਸ਼ੇਅਰ ਕਈ ਵਾਰ ਸੁਣ ਰੱਖਿਆ ਹੈ ਕਿ ‘ਮਰਜ਼ ਬੜਤਾ ਗਿਆ, ਜੂੰ ਜੂੰ ਦਵਾ ਕੀ।’ ਇਸ ਦਾ ਅਰਥ ਹੈ ਕਿ ਜਿੰਨੀ ਵੀ ਦਵਾਈ ਕੀਤੀ, ਫਾਇਦਾ ਹੋਣ ਦੀ ਥਾਂ ਬਿਮਾਰੀ ਵਧਦੀ ਗਈ ਹੈ। ਇਸ ਵਕਤ ਸੰਸਾਰ ਭਰ ਦੇ ਲੋਕ ਜਿਸ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਜੂਝ ਰਹੇ ਹਨ, ਇਸ ਦਾ ਇਲਾਜ ਅਜੇ ਤੱਕ ਨਿਕਲ ਨਹੀਂ ਸਕਿਆ ਤੇ ਜਿਹੜੇ ਛੋਟੇ-ਮੋਟੇ ਇਲਾਜ ਨਾਲ ਬੁੱਤਾ ਸਾਰਿਆ ਜਾ ਰਿਹਾ ਹੈ, ਉਸ ਨਾਲ ਬਿਨਾਂ ਸ਼ੱਕ ਕਈ ਮਰੀਜ਼ ਠੀਕ ਹੋਣ ਬਾਰੇ ਕਈ ਦੇਸ਼ਾਂ ਤੋਂ ਰਿਪੋਰਟ ਮਿਲ ਰਹੀਆਂ ਹਨ, ਪਰ ਬਿਮਾਰੀ ਨੂੰ ਡੱਕਾ ਨਹੀਂ ਲੱਗ ਰਿਹਾ। ਹਰ ਨਵੀਂ ਸਵੇਰ ਮੌਤਾਂ ਅਤੇ ਕੇਸਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਈ ਜਾਂਦਾ ਹੈ। ਅਮਰੀਕਾ ਵਰਗੀ ਮਹਾਂਸ਼ਕਤੀ ਇਸ ਅੱਗੇ ਨਿਤਾਣੀ ਹੋਈ ਪਈ ਹੈ।
ਇਹ ਬਿਮਾਰੀ ਕਿਸੇ ਇੱਕ ਜਾਂ ਦੂਸਰੇ ਦੇਸ਼ ਜਾਂ ਦੇਸ਼ਾਂ ਦੇ ਕਿਸੇ ਮਹਾਂਦੀਪੀ ਗਰੁੱਪ ਤੱਕ ਸੀਮਤ ਨਹੀਂ, ਸੰਸਾਰ ਭਰ ਦੇ ਦੇਸ਼ਾਂ ਵਿੱਚ ਫੈਲੀ ਹੋਈ ਹੈ। ਕੁਝ ਦੇਸ਼ਾਂ ਵਿੱਚ ਇਸ ਨੂੰ ਫੈਲਣ ਤੋਂ ਰੋਕਣ ਦੇ ਉਪਾਅ ਕਾਮਯਾਬ ਰਹੇ ਹਨ ਅਤੇ ਕੁਝ ਹੋਰ ਦੇਸ਼ਾਂ ਵਿੱਚ ਵਧਣਾ ਜਾਰੀ ਹੈ। ਜਿਹੜੇ ਦੇਸ਼ਾਂ ਵਿੱਚ ਉਪਾਅ ਕਾਮਯਾਬ ਹੋਏ ਹਨ, ਉਨ੍ਹਾਂ ਵਿੱਚ ਵੀ ਬਿਮਾਰੀ ਵਧਣ ਦੀ ਚਾਲ ਹੀ ਮੱਠੀ ਪਈ ਹੈ, ਉਂਜ ਬਿਮਾਰੀ ਦਾ ਵਧਣਾ ਪੂਰੀ ਤਰ੍ਹਾਂ ਰੁਕਿਆ ਨਹੀਂ। ਚੀਨ ਵਰਗੇ ਦੇਸ਼ ਵਿੱਚ ਜਿੱਥੇ ਹੋਰ ਸਭ ਮੁਲਕਾਂ ਤੋਂ ਪਹਿਲਾਂ ਇਹ ਬਿਮਾਰੀ ਉੱਠੀ ਸੀ, ਓਥੇ ਵੀ ਇਸ ਨੂੰ ਠੱਲ੍ਹ ਤਾਂ ਪਾ ਲਈ ਹੈ, ਪਰ ਇਹ ਮੁੜ-ਮੁੜ ਸਿਰ ਚੁੱਕਦੀ ਅਤੇ ਕੇਸਾਂ ਅਤੇ ਮੌਤਾਂ ਵਿੱਚ ਵਾਧੇ ਦਾ ਕਾਰਨ ਬਣਦੀ ਹੈ। ਪਿਛਲੇ ਦਿਨੀਂ ਜਦੋਂ ਇਹ ਗੱਲ ਸੁਣੀ ਗਈ ਕਿ ਚੀਨ ਵਿੱਚ ਸਿਰਫ ਇੱਕ ਦਿਨ ਵਿੱਚ ਇਸ ਬਿਮਾਰੀ ਨਾਲ ਬਾਰਾਂ ਸੌ ਮੌਤਾਂ ਹੋ ਗਈਆਂ ਹਨ ਤਾਂ ਚੀਨ ਵਿਰੋਧੀ ਗਰੁੱਪ ਨੇ ਇਹ ਗੱਲ ਚੁੱਕ ਲਈ ਕਿ ਚੀਨ ਕਹਿੰਦਾ ਸੀ ਕਿ ਬਿਮਾਰੀ ਰੋਕ ਲਈ ਹੈ, ਮੌਤਾਂ ਫਿਰ ਇੱਕੋ ਦਿਨ ਬਾਰਾਂ ਸੌ ਹੋ ਗਈਆਂ ਹਨ। ਬਾਅਦ ਵਿੱਚ ਇਸ ਦਾ ਕਾਰਨ ਪਤਾ ਲੱਗਾ ਕਿ ਮੌਤਾਂ ਪਹਿਲਾਂ ਹੋਈਆਂ ਸਨ ਤੇ ਜਿਹੜੇ ਕੇਸਾਂ ਦੀ ਖੜੇ ਪੈਰ ਰਿਪੋਰਟ ਨਹੀਂ ਸੀ ਆਈ, ਟੈੱਸਟ ਹੋਣ ਦੇ ਬਾਅਦ ਓਦੋਂ ਪਤਾ ਲੱਗ ਸਕੀ, ਜਦੋਂ ਉਹ ਮਰ ਗਏ ਸਨ, ਉਨ੍ਹਾਂ ਦੀ ਗਿਣਤੀ ਪਿੱਛੋਂ ਸ਼ਾਮਲ ਕੀਤੀ ਹੈ। ਉਸ ਪਿੱਛੋਂ ਉਸ ਦੇਸ਼ ਬਾਰੇ ਜਿਵੇਂ ਕਿਹਾ ਗਿਆ ਸੀ ਕਿ ਬਿਮਾਰੀ ਫਿਰ ਵਧਣ ਲੱਗ ਪਈ ਹੈ, ਓਦਾਂ ਦੀ ਗੱਲ ਤਾਂ ਕੋਈ ਨਾ ਹੋਈ, ਪਰ ਚੀਨ ਵਿੱਚ ਇਹ ਕਹਿਰ ਪੂਰੀ ਤਰ੍ਹਾਂ ਅੱਜ ਤੱਕ ਵੀ ਰੁਕ ਨਹੀਂ ਸਕਿਆ। ਓਥੇ ਖਤਰਾ ਹਾਲੇ ਮੌਜੂਦ ਹੈ।
ਜਿਵੇਂ ਚੀਨ ਵਿੱਚ ਇਸ ਨੂੰ ਪੂਰੀ ਠੱਲ੍ਹ ਅਜੇ ਨਹੀਂ ਪਈ, ਉਵੇਂ ਹੀ ਜਰਮਨੀ, ਇਰਾਨ, ਦੱਖਣੀ ਕੋਰੀਆ, ਜਾਪਾਨ ਤੇ ਕੁਝ ਹੋਰ ਦੇਸ਼ਾਂ ਵਿੱਚ ਵੀ ਇਸ ਦੀ ਰਫਤਾਰ ਢਿੱਲੀ ਪਈ ਹੈ, ਬਿਮਾਰੀ ਪੂਰੀ ਰੁਕੀ ਨਹੀਂ ਕਹੀ ਜਾ ਸਕਦੀ। ਅਮਰੀਕਾ ਦਾ ਕੇਸ ਬਾਕੀਆਂ ਤੋਂ ਨਿਵੇਕਲਾ ਹੈ। ਉਸ ਦੇਸ਼ ਵਿੱਚ ਜਿੰਨੀਆ ਮੌਤਾਂ ਹੋਈਆਂ ਹਨ, ਲਗਭਗ ਚਾਲੀ ਫੀਸਦੀ ਨਿਊ ਯਾਰਕ ਰਾਜ ਵਿੱਚ ਹੋ ਗਈਆਂ ਹਨ ਤੇ ਜਿੰਨੀਆਂ ਨਿਊ ਯਾਰਕ ਰਾਜ ਵਿੱਚ ਹੋਈਆਂ ਹਨ, ਉਨ੍ਹਾਂ ਦਾ ਚਾਲੀ ਫੀਸਦੀ ਤੋਂ ਵੱਧ ਨਿਊ ਯਾਰਕ ਸ਼ਹਿਰ ਵਿੱਚ ਹੋ ਗਈਆਂ ਹਨ। ਓਥੋਂ ਦੇ ਰਾਸ਼ਟਰਪਤੀ ਨੂੰ ਇਸ ਦੀ ਚਿੰਤਾ ਬਹੁਤੀ ਨਹੀਂ। ਸੰਸਾਰ ਦੇ ਲੋਕ ਪਿਛਲੇ ਹਫਤੇ ਇਹ ਖਬਰ ਪੜ੍ਹ ਕੇ ਹੈਰਾਨ ਹੋ ਗਏ ਕਿ ਜਦੋਂ ਲਾਕਡਾਊਨ ਕੀਤਾ ਹੋਇਆ ਹੈ, ਰਾਸ਼ਟਪਤੀ ਟਰੰਪ ਦੀ ਧੀ ਇਵਾਂਕਾ ਤੇ ਜਵਾਈ ਜੈਰਡ ਕੁਸ਼ਨਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਨਿਊ ਯਾਰਕ ਸ਼ਹਿਰ ਜਾ ਪਹੁੰਚੇ। ਟਰੰਪ ਦੇ ਧੀ-ਜਵਾਈ ਓਥੇ ਕੋਰੋਨਾ ਦੀ ਮਹਾਮਾਰੀ ਤੋਂ ਸਤਾਏ ਲੋਕਾਂ ਦਾ ਹੌਸਲਾ ਵਧਾਉਣ ਨਹੀਂ ਗਏ, ਅਸਲ ਵਿੱਚ ਉਹ ਯਹੂਦੀ ਭਾਈਚਾਰੇ ਦੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਸਨ। ਰਾਸ਼ਟਰਪਤੀ ਦਾ ਜਵਾਈ ਖੁਦ ਯਹੂਦੀ ਹੈ। ਜਿਸ ਸ਼ਹਿਰ ਵਿੱਚ ਅੱਠ ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਸਨ, ਹਰ ਪਾਸੇ ਘਰਾਂ ਵਿੱਚ ਸੋਗ ਪਿਆ ਸੀ, ਓਥੇ ਸਮਾਗਮ ਵਿੱਚ ਜਾਣਾ ਦੱਸਦਾ ਸੀ ਕਿ ਇਹ ਪਰਵਾਰ ਅਸਲ ਵਿੱਚ ਲੋਕਾਂ ਦੇ ਦੁੱਖਾਂ ਬਾਰੇ ਲਾਪਰਵਾਹ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਅਤੇ ਜਵਾਈ ਦੇ ਓਥੇ ਜਾਣ ਨੂੰ ਉਨ੍ਹਾਂ ਦਾ ਨਿੱਜੀ ਮੁੱਦਾ ਇਸ ਲਈ ਨਹੀਂ ਕਿਹਾ ਜਾ ਸਕਦਾ ਕਿ ਦੋਵੇਂ ਜਣੇ ਰਾਸ਼ਟਰਪਤੀ ਦੀ ਸਰਕਾਰੀ ਟੀਮ ਵਿੱਚ ਅਹੁਦੇਦਾਰ ਹਨ ਅਤੇ ਕਿਸੇ ਪਾਸੇ ਵੀ ਉਨ੍ਹਾਂ ਦਾ ਜਾਣਾ ਇਸ ਟੀਮ ਉੱਤੇ ਅਸਰ ਪਾਉਂਦਾ ਹੈ। ਏਦਾਂ ਦੇ ਹਾਲਾਤ ਵਿੱਚ ਜਦੋਂ ਧੀ-ਜਵਾਈ ਨਿਊ ਯਾਰਕ ਵਿੱਚ ਸਮਾਗਮ ਮਨਾਉਣ ਵਾਸਤੇ ਗਏ ਤਾਂ ਲੋਕਾਂ ਵਿੱਚ ਗਲਤ ਪ੍ਰਭਾਵ ਗਿਆ ਹੈ।
ਇਹ ਗੱਲ ਆਪਣੀ ਥਾਂ ਹੈ ਕਿ ਬਿਮਾਰੀ ਚੀਨ ਵਿੱਚ ਪੈਦਾ ਹੋਈ ਸੀ ਜਾਂ ਕਿਸੇ ਹੋਰ ਥਾਂ, ਪਰ ਇਸ ਜਾਂਚ ਵਾਲਾ ਕੰਮ ਇਸ ਵਕਤ ਨਹੀਂ ਹੋ ਸਕਦਾ। ਜ਼ਰਾ ਕੁ ਬਿਮਾਰੀ ਨੂੰ ਠੱਲ੍ਹ ਪੈਣ ਮਗਰੋਂ ਯੂ ਐੱਨ ਓ ਦੀ ਅਗਵਾਈ ਵਾਲੇ ਕਿਸੇ ਸੰਗਠਨ ਦੇ ਰਾਹੀਂ ਇਸ ਦੀ ਜਾਂਚ ਕਰਾਈ ਜਾ ਸਕਦੀ ਹੈ। ਜੰਗ ਚੱਲਦੀ ਦੌਰਾਨ ਨਾ ਕਦੇ ਕੋਰਟ ਮਾਰਸ਼ਲ ਹੁੰਦੇ ਹਨ ਤੇ ਨਾ ਲੜਾਈਆਂ ਦੇ ਕਾਰਨ ਜਾਨਣ ਲਈ ਇਨਕੁਆਰੀ ਕਮਿਸ਼ਨ ਬਿਠਾਏ ਜਾਂਦੇ ਹਨ। ਕੋਰੋਨਾ ਵਾਲੀ ਵੀ ਜੰਗ ਹੀ ਹੈ। ਸੰਸਾਰ ਭਰ ਦੇ ਦੇਸ਼ਾਂ ਵਿੱਚ ਲੋਕ ਜਦੋਂ ਇਸ ਬਿਮਾਰੀ ਨਾਲ ਹੁੰਦੀਆਂ ਮੌਤਾਂ ਦੀ ਪੌਣੇ ਦੋ ਲੱਖ ਤੋਂ ਟੱਪ ਚੁੱਕੀ ਗਿਣਤੀ ਤੋਂ ਬੁਰੀ ਤਰ੍ਹਾਂ ਸਹਿਮੇ ਹੋਏ ਹਨ, ਉਸ ਵੇਲੇ ਪਹਿਲਾ ਕੰਮ ਬਿਮਾਰੀ ਨੂੰ ਅੱਗੇ ਵਧਣ ਤੋਂ ਰੋਕਣਾ ਅਤੇ ਇਸ ਦੇ ਪੱਕੇ ਇਲਾਜ ਵਾਸਤੇ ਕੋਈ ਵੈਕਸੀਨ ਵਿਕਸਤ ਕਰਨ ਦਾ ਹੋਣਾ ਚਾਹੀਦਾ ਹੈ। ਰੋਜ਼ ਸੁਣਿਆ ਜਾਂਦਾ ਹੈ ਕਿ ਫਲਾਣੇ ਦੇਸ਼ ਨੇ ਵੈਕਸੀਨ ਬਣਾ ਲਈ ਹੈ, ਪਰ ਅਗਲੇ ਦਿਨ ਉਸ ਦੀ ਚਰਚਾ ਨਹੀਂ ਸੁਣਦੀ ਅਤੇ ਕਿਸੇ ਹੋਰ ਬਾਰੇ ਇਹੋ ਸੁਣ ਲਿਆ ਜਾਂਦਾ ਹੈ। ਸੰਸਾਰ ਦੇ ਵਿਗਿਆਨੀ ਇਸ ਬਾਰੇ ਆਪਣੀ ਸਾਰੀ ਸਮਰੱਥਾ ਨਾਲ ਲੱਗੇ ਹੋਏ ਹਨ ਤੇ ਅਸੀਂ ਲੋਕ ਇਹ ਆਸ ਕਰ ਸਕਦੇ ਹਾਂ ਕਿ ਉਹ ਛੇਤੀ ਹੀ ਕਿਸੇ ਤਰ੍ਹਾਂ ਦੀ ਖੁਸ਼ਖਬਰੀ ਪੇਸ਼ ਕਰ ਦੇਣਗੇ। ਜਦੋਂ ਤੱਕ ਇਹ ਕੁਝ ਨਹੀਂ ਹੁੰਦਾ, ਸਾਡਾ ਸਾਰੇ ਆਮ ਲੋਕਾਂ ਦਾ ਫਰਜ਼ ਹੈ ਕਿ ਜਿਹੜਾ ਵੀ ਦੇਸ਼ ਹੋਵੇ, ਜਿਹੜੀ ਵੀ ਪਾਰਟੀ ਰਾਜ ਕਰਦੀ ਹੋਵੇ, ਜਿਹੜਾ ਵੀ ਆਗੂ ਅਗਵਾਈ ਸੰਭਾਲ ਰਿਹਾ ਹੋਵੇ, ਜਿਹੜੇ ਸੰਕੇਤ ਅਤੇ ਹਦਾਇਤਾਂ ਇਸ ਮੌਕੇ ਉਸ ਵੱਲੋਂ ਦਿੱਤੇ ਜਾਣ, ਉਨ੍ਹਾਂ ਨੂੰ ਮੰਨਦੇ ਜਾਈਏ। ਹੋਰ ਕੋਈ ਰਸਤਾ ਵੀ ਨਹੀਂ ਹੈ।
ਸਾਨੂੰ ਇਹ ਵੀ ਪਤਾ ਹੈ ਕਿ ਬਹੁਤ ਸਾਰੇ ਕੈਨੇਡੀਅਨ ਲੋਕ ਭਾਰਤ ਵਿੱਚ ਅਤੇ ਬਹੁਤ ਸਾਰੇ ਭਾਰਤੀ ਲੋਕ ਕਿਸੇ ਕੰਮ ਲਈ ਕੈਨੇਡਾ ਵਿੱਚ ਜਾ ਕੇ ਕੋਰੋਨਾ ਦੇ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਫਸ ਗਏ ਤੇ ਆਪਣੇ ਘਰਾਂ ਨੂੰ ਪਰਤਣ ਦੇ ਲਈ ਕਾਹਲੇ ਹਨ। ਉਨ੍ਹਾਂ ਦੀ ਇਹ ਕਾਹਲੀ ਐਵੇਂ ਨਹੀਂ। ਹਰ ਕੋਈ ਆਪਣੇ ਘਰ ਆਉਣਾ ਚਾਹੁੰਦਾ ਹੈ ਅਤੇ ਇਸ ਦੇ ਨਾਲ ਕਈ ਲੋਕਾਂ ਲਈ ਕੁਝ ਕੰਮ ਏਦਾਂ ਦੇ ਜ਼ਰੂਰੀ ਹਨ ਕਿ ਉਨ੍ਹਾਂ ਦਾ ਆਪਣੇ ਘਰ ਮੁੜਨਾ ਜ਼ਰੂਰੀ ਜਾਪਦਾ ਹੈ। ਇਸ ਦੇ ਸੰਬੰਧ ਵਿੱਚ ਅਸੀਂ ਇਹ ਗੱਲ ਕਹਾਂਗੇ ਕਿ ਭਾਰਤ ਸਰਕਾਰ ਦੀ ਸਪੱਸ਼ਟ ਨੀਤੀ ਹੈ ਕਿ ਜਦੋਂ ਤੱਕ ਬਿਮਾਰੀ ਨੂੰ ਕੋਈ ਠੱਲ੍ਹ ਨਹੀਂ ਪੈਂਦੀ, ਕਿਸੇ ਵੀ ਦੇਸ਼ ਤੋਂ ਆਪਣੇ ਦੇਸ਼ ਵਿੱਚ ਆਪਣੇ ਜਾਂ ਪਰਾਏ ਕਿਸੇ ਵਿਅਕਤੀ ਨੂੰ ਹਾਲ ਦੀ ਘੜੀ ਆਉਣ ਦੀ ਆਗਿਆ ਨਹੀਂ ਦੇਣੀ। ਦੂਸਰੇ ਦੇਸ਼ ਦੀ ਗੱਲ ਕਿਧਰੇ ਰਹੀ, ਪੰਜਾਬ ਤੋਂ ਦੂਸਰੇ ਰਾਜਾਂ ਵਿੱਚ ਸੀਜ਼ਨ ਕਮਾਉਣ ਲਈ ਗਏ ਕੰਬਾਈਨਾਂ ਵਾਲੇ ਵੀ ਓਥੇ ਫਸ ਗਏ ਹਨ ਤੇ ਪੰਜਾਬ ਆਉਣ ਦੀ ਆਗਿਆ ਨਹੀਂ ਮਿਲੀ। ਭਾਰਤ ਸਰਕਾਰ ਨੇ ਇਸ ਵਕਤ ਸਾਰੇ ਰਾਜਾਂ ਵਿੱਚ ਇੱਕ ਤੋਂ ਦੂਸਰੇ ਵੱਲ ਜਾਣ ਦੀ ਪੱਕੀ ਪਾਬੰਦੀ ਲਾ ਰੱਖੀ ਹੈ ਅਤੇ ਕਈ ਰਾਜਾਂ ਵਿੱਚ ਜ਼ਿਲਿਆਂ ਤੋਂ ਵੀ ਇੱਕ ਤੋਂ ਦੂਸਰੇ ਵੱਲ ਜਾਣ ਦੀ ਮਨਾਹੀ ਕਰ ਰੱਖੀ ਹੈ। ਇਸ ਹਾਲਤ ਵਿੱਚ ਭਾਰਤ ਸਰਕਾਰ ਦੇ ਇਨ੍ਹਾਂ ਕਦਮਾਂ ਦੇ ਨਾਲ ਮਿਲ ਕੇ ਚੱਲਣ ਤੋਂ ਸਿਵਾ ਕੋਈ ਚਾਰਾ ਨਹੀਂ। ਇਹ ਆਦੇਸ਼ ਮੰਨਣੇ ਪੈਣੇ ਹਨ। ਇਸ ਲਈ ਜਿਹੜੇ ਲੋਕ ਕੈਨੇਡਾ ਦੇ ਵਿੱਚ ਇਸ ਵੇਲੇ ਫਸੇ ਹੋਏ ਹਨ, ਉਨਾਂ ਨੂੰ ਮਜਬੂਰੀ ਵਿੱਚ ਹਾਲਾਤ ਮੁਤਾਬਕ ਹੀ ਚੱਲਣਾ ਪੈਣਾ ਹੈ। ਸ਼ਾਇਦ ਏਸੇ ਵਿੱਚ ਸਾਰਿਆਂ ਦਾ ਭਲਾ ਹੈ।

ਜਤਿੰਦਰ ਪਨੂੰ