ਕੋਰੋਨਾ ਨਾਲ ਲੜਨਾ ਪਹਿਲਾ ਕੰਮ, ਚੀਨ ਨਾਲ ਭਿੜਨ ਦਾ ਕੰਮ ਫੇਰ ਵੀ ਹੋ ਸਕਦੈ

ਇਸ ਵਕਤ ਸਮੁੱਚੀ ਮਨੁੱਖਤਾ ਦੀ ਲੜਾਈ ਉਸ ਦੁਸ਼ਮਣ ਕੋਰੋਨਾ ਵਾਇਰਸ ਦੇ ਖਿਲਾਫ ਹੈ, ਜਿਹੜਾ ਨਜ਼ਰ ਨਹੀਂ ਆਉਂਦਾ ਅਤੇ ਲੁਕਵਾਂ ਵਾਰ ਕਰਦਾ ਹੈ। ਵਾਰ ਵੀ ਇਸ ਤਰ੍ਹਾਂ ਕਰਦਾ ਹੈ ਕਿ ਕਈ ਵਾਰੀ ਮਰੀਜ਼ ਪਾਜ਼ਿਟਿਵ ਹੁੰਦਿਆਂ ਵੀ ਉਸ ਦੇ ਟੈੱਸਟ ਪਾਜ਼ਿਟਿਵ ਨਹੀਂ ਆਉਂਦੇ ਤੇ ਜਦ ਤੱਕ ਅੰਦਰ ਲੁਕੇ ਬੈਠੇ ਵਾਇਰਸ ਦਾ ਪਤਾ ਲੱਗਦਾ ਹੈ, ਮਰੀਜ਼ ਖੁਦ ਵੀ ਬਹੁਤ ਜ਼ਿਆਦਾ ਇਸ ਤੋਂ ਪ੍ਰਭਾਵਤ ਹੋ ਚੁੱਕਾ ਹੁੰਦਾ ਹੈ ਤੇ ਆਪਣੇ ਨਾਲ ਕੁਝ ਹੋਰਨਾਂ ਨੂੰ ਵੀ ਇਸ ਦੀ ਮਾਰ ਹੇਠ ਲਿਆਉਣ ਦਾ ਕੰਮ ਕਰ ਚੁੱਕਾ ਹੁੰਦਾ ਹੈ। ਕਸੂਰ ਉਸ ਦਾ ਆਪਣਾ ਵੀ ਨਹੀਂ ਹੁੰਦਾ, ਅਸਲ ਵਿੱਚ ਉਹ ਵੀ ਅਣਭੋਲ ਹੁੰਦਾ ਹੈ। ਦੁਨੀਆ ਦਾ ਕੋਈ ਮਨੁੱਖ ਸ਼ਾਇਦ ਹੀ ਹੋਵੇਗਾ, ਜਿਹੜਾ ਇਹ ਪਤਾ ਲੱਗਣ ਦੇ ਬਾਵਜੂਦ ਕਿ ਉਹ ਭਿਆਨਕ ਬੀਮਰੀ ਦਾ ਸ਼ਿਕਾਰ ਹੋ ਚੁੱਕਾ ਹੈ, ਫਿਰ ਵੀ ਇਲਾਜ ਕਰਵਾਉਣਾ ਨਹੀਂ ਚਾਹੇਗਾ। ਕੁਝ ਕੇਸ ਇਹੋ ਜਿਹੇ ਪਤਾ ਲੱਗੇ ਹਨ, ਜਿੱਥੇ ਮਰੀਜ਼ ਦੇ ਵਾਰਸਾਂ ਨੇ ਇਹ ਸੋਚ ਕੇ ਉਸ ਨੂੰ ਵੇਲੇ ਸਿਰ ਹਸਪਤਾਲ ਨਹੀਂ ਪੁਚਾਇਆ ਕਿ ਮਾੜੀ-ਮੋਟੀ ਬੀਮਾਰੀ ਹੈ, ਪਰ ਜਦੋਂ ਇਹ ਲੱਗਾ ਕਿ ਕੇਸ ਕੋਰੋਨਾ ਵਾਇਰਸ ਦਾ ਹੋ ਸਕਦਾ ਹੈ ਤਾਂ ਇਸ ਲਈ ਨਹੀਂ ਗਏ ਕਿ ਸਰਕਾਰ ਬਾਕੀ ਸਾਰਾ ਪਰਵਾਰ ਕੈਦ ਕਰਨ ਤੁਰ ਪਵੇਗੀ। ਮਰੀਜ਼ ਦੀ ਮੌਤ ਘਰ ਵਿੱਚ ਹੋਣ ਪਿੱਛੋਂ ਉਨ੍ਹਾਂ ਨੇ ਚੁੱਪ-ਚੁਪੀਤੇ ਅੰਤਮ ਸੰਸਕਾਰ ਵੀ ਕਰ ਦਿੱਤਾ, ਪਰ ਉਸ ਪਿੱਛੋਂ ਜਦੋਂ ਇਹ ਪਤਾ ਲੱਗਾ ਕਿ ਉਸ ਤੋਂ ਇਹ ਵਾਇਰਸ ਘਰ ਦੇ ਹੋਰ ਜੀਆਂ ਨੂੰ ਵੀ ਪ੍ਰਭਾਵਤ ਕਰ ਚੁੱਕਾ ਹੈ, ਓਦੋਂ ਕਰਨ ਜੋਗਾ ਬਹੁਤਾ ਕੁਝ ਨਹੀਂ ਸੀ ਰਹਿ ਗਿਆ। ਉਂਜ ਏਦਾਂ ਦੇ ਕੇਸ ਭਾਰਤ ਵਿੱਚ ਬਹੁਤੇ ਨਹੀਂ ਹਨ। ਬਹੁਤਾ ਕਰ ਕੇ ਇਹ ਵੇਖਿਆ ਹੈ ਕਿ ਲੋਕ ਆਪ ਦੱਸਣ ਜਾਂ ਨਾ, ਆਂਢ-ਗਵਾਂਢ ਦੇ ਲੋਕ ਹੀ ਸਿਹਤ ਵਿਭਾਗ ਤੱਕ ਇਹ ਗੱਲ ਪੁਚਾ ਦੇਂਦੇ ਹਨ ਕਿ ਇਸ ਨੂੰ ਚੈੱਕ ਕਰ ਕੇ ਵੇਖ ਲਓ, ਕਿਧਰੇ ਸਾਰੇ ਪਿੰਡ ਨੂੰ ਲੈ ਬੈਠਦਾ ਹੋਵੇ।
ਇਸ ਤਰ੍ਹਾਂ ਜਦੋਂ ਹਰ ਦੇਸ਼ ਦੇ ਲੋਕ ਇਸ ਬੀਮਾਰੀ ਤੋਂ ਜਾਗਰਤ ਹੋਣ ਲੱਗ ਪਏ ਹਨ ਤਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਮੁਖੀਆਂ ਕੋਲੋਂ ਵੀ ਆਸ ਰੱਖੀ ਜਾਂਦੀ ਹੈ ਕਿ ਬਾਕੀ ਸਭ ਗੱਲਾਂ ਪਾਸੇ ਰੱਖ ਕੇ ਬੀਮਾਰੀ ਨਾਲ ਸਿੱਝਣ ਨੂੰ ਪਹਿਲ ਦੇਣ। ਇਸ ਬਾਰੇ ਸਰਕਾਰਾਂ ਦੇ ਮੁਖੀ ਆਪਣੀ ਜ਼ਿਮੇਵਾਰੀ ਨਹੀਂ ਸਮਝ ਰਹੇ। ਉਹ ਬੀਮਾਰੀ ਦੇ ਇਲਾਜ ਨੂੰ ਪਹਿਲ ਦੇਣ ਦੀ ਥਾਂ ਹੋਰਨਾਂ ਮੁੱਦਿਆਂ ਉੱਤੇ ਉਲਝ ਰਹੇ ਹਨ। ਵੱਡਾ ਮੁੱਦਾ ਇਹ ਹੋਣਾ ਚਾਹੀਦਾ ਹੈ ਕਿ ਮੌਤਾਂ ਹੋਣ ਦੀ ਰਫਤਾਰ ਘਟਾਈ ਜਾਵੇ ਤੇ ਫਿਰ ਰੋਕਣ ਦਾ ਯਤਨ ਕੀਤਾ ਜਾਵੇ, ਬਾਕੀ ਸਭ ਕੁਝ ਪਿੱਛੋਂ ਵੀ ਹੋ ਸਕਦਾ ਹੈ, ਪਰ ਦੇਸ਼ਾਂ ਦਾ ਇੱਕ ਧੜਾ ਇਸ ਵੇਲੇ ਇਸ ਗੱਲ ਲਈ ਸਿਰ ਪਰਨੇ ਹੋਇਆ ਪਿਆ ਹੈ ਕਿ ਵਾਇਰਸ ਦੀ ਸੂਚਨਾ ਦੇਣ ਲਈ ਚੀਨ ਵੱਲੋਂ ਦੇਰੀ ਕਰਨ ਦੀ ਜਾਂਚ ਪਹਿਲਾਂ ਹੋਣੀ ਚਾਹੀਦੀ ਹੈ। ਚੀਨ ਨੇ ਇਸ ਵਿੱਚ ਦੇਰੀ ਕੀਤੀ ਜਾਂ ਨਹੀਂ, ਇਹ ਮਾਮਲਾ ਬਾਅਦ ਵਿੱਚ ਵੇਖਿਆ ਜਾ ਸਕਦਾ ਹੈ, ਸੰਸਾਰ ਦੀ ਪੰਚਾਇਤ ਮੰਨੀ ਜਾਂਦੀ ਯੂ ਐੱਨ ਓ ਇਸ ਨੂੰ ਆਪਣੀ ਸਕਿਓਰਟੀ ਕੌਂਸਲ ਜਾਂ ਜਨਰਲ ਅਸੈਂਬਲੀ ਵਿੱਚ ਵਿਚਾਰਨ ਦਾ ਕੰਮ ਕਰ ਸਕਦੀ ਹੈ, ਪਰ ਇਸ ਦੀ ਉਡੀਕ ਵੀ ਉਹ ਦੇਸ਼ ਕਰਨ ਲਈ ਤਿਆਰ ਨਹੀਂ। ਜੰਗਾਂ ਵੀ ਹੁੰਦੀਆਂ ਹਨ ਤਾਂ ਉਨ੍ਹਾਂ ਵਿੱਚ ਗਲਤੀ ਹੋਈ ਜਾਂ ਨਹੀਂ, ਸੰਬੰਧਤ ਦੇਸ਼ਾਂ ਵਿੱਚੋਂ ਇਸ ਜੰਗ ਨੂੰ ਛੇੜਨ ਦਾ ਦੋਸ਼ੀ ਕੌਣ ਸੀ ਜਾਂ ਜੰਗੀ ਅਪਰਾਧਾਂ ਵਾਸਤੇ ਕਿਸ ਲੀਡਰ ਨੂੰ ਸਜ਼ਾ ਦੇਣੀ ਹੈ, ਇਹ ਮੁੱਦੇ ਚੱਲਦੀ ਜੰਗ ਵਿੱਚ ਜਾਂਚ ਲਈ ਨਹੀਂ ਚੁੱਕੇ ਜਾਂਦੇ। ਇਨ੍ਹਾਂ ਦੇ ਲਈ ਪਿਛੋਂ ਕਮਿਸ਼ਨ ਅਤੇ ਟ੍ਰਿਬਿਊਨਲ ਬਣਦੇ ਅਤੇ ਆਪਣੇ ਫੈਸਲੇ ਦੇਂਦੇ ਰਹਿੰਦੇ ਹਨ, ਪਰ ਮੌਜੂਦਾ ਜੰਗ ਦਾ ਮਾਹੌਲ ਹੀ ਵੱਖਰਾ ਹੈ।
ਇਹ ਗੱਲ ਲਗਭਗ ਸਾਰੇ ਮੰਨਦੇ ਹਨ ਕਿ ਇਸ ਬੀਮਾਰੀ ਦਾ ਪਹਿਲਾ ਕੇਸ ਚੀਨ ਵਿੱਚ ਪਤਾ ਲੱਗਾ ਸੀ ਤੇ ਉਸ ਦੇ ਬਾਅਦ ਉਸ ਦੇਸ਼ ਦੇ ਲੋਕਾਂ ਨੇ ਇਸ ਦਾ ਪਹਿਲਾ ਮਾਰੂ ਹੱਲਾ ਝੱਲਿਆ ਸੀ। ਜਦੋਂ ਉਹ ਭੁਗਤ ਰਹੇ ਸਨ, ਦੂਸਰੇ ਦੇਸ਼ਾਂ ਵਿੱਚ ਉਸ ਵੇਲੇ ਇਹ ਪ੍ਰਬੰਧ ਕਰਨ ਦੀ ਲੋੜ ਸੀ ਕਿ ਕਿਧਰੇ ਇਹ ਹਨੇਰੀ ਓਧਰ ਨਾ ਆ ਜਾਵੇ, ਪਰ ਓਦੋਂ ਉਹ ਦੇਸ਼ ਅਵੇਸਲੇ ਹੋਏ ਰਹੇ ਤੇ ਜਦੋਂ ਬੀਮਾਰੀ ਨੇ ਹਮਲਾ ਆਣ ਕੀਤਾ ਤਾਂ ਬੌਂਦਲੇ ਜਿਹੇ ਫਿਰਦੇ ਹਨ। ਅਸਮਾਨਾਂ ਨੂੰ ਟਾਕੀ ਲਾਉਣ ਤੀਕ ਜਾਣ ਵਾਲੇ ਦੇਸ਼ਾਂ ਵਿੱਚ ਬੀਮਾਰਾਂ ਲਈ ਦਵਾਈ ਦਾ ਪ੍ਰਬੰਧ ਤਾਂ ਬਾਅਦ ਦੀ ਗੱਲ ਹੈ, ਇਲਾਜ ਕਰ ਰਹੇ ਡਾਕਟਰਾਂ ਤੇ ਹੋਰ ਅਮਲੇ ਲਈ ਲੋੜੀਂਦੇ ਨਿੱਜੀ ਸੁਰੱਖਿਆ ਦੇ ਵਸਤਰ ਤੱਕ ਪੂਰੇ ਨਹੀਂ ਮਿਲੇ। ਇਹੀ ਨਹੀਂ, ਲਾਸ਼ਾਂ ਦੱਬੇ ਜਾਣ ਲਈ ਵੀ ਪੂਰੇ ਪ੍ਰਬੰਧ ਨਹੀਂ ਕੀਤੇ ਜਾ ਸਕੇ, ਹਰ ਮਾਮਲੇ ਵਿੱਚ ਇੱਕ ਦਮ ਸੱਟ ਪੈਣ ਕਾਰਨ ਘਾਟਾਂ ਮੂੰਹ ਚਿੜਾਉਂਦੀਆਂ ਹਨ। ਸੰਸਾਰ ਦੀ ਸੱਥ ਦਾ ਮੁਖੀ ਕਹਿੰਦਾ ਹੈ ਕਿ ਅਜੇ ਇਸ ਬੀਮਾਰੀ ਦਾ ਨਵਾਂ ਹਮਲਾ ਹੋ ਸਕਦਾ ਹੈ। ਅਮਰੀਕਾ ਦੀ ਵਾਇਰਸ ਦੇ ਰੋਗਾਂ ਦੀ ਕੇਂਦਰੀ ਅਥਾਰਟੀ ਦੇ ਮੁਖੀ ਡਾਕਟਰ ਰੈੱਡਫੀਲਡ ਨੇ ਵੀ ਇਹੀ ਗੱਲ ਕਹਿ ਦਿੱਤੀ ਤਾਂ ਰਾਸ਼ਟਰਪਤੀ ਟਰੰਪ ਨੇ ਉਸ ਦੀ ਹਾਜ਼ਰੀ ਵਿੱਚ ਇਸ ਬਿਆਨ ਨੂੰ ਪੱਤਰਕਾਰਾਂ ਸਾਹਮਣੇ ‘ਫੇਕ ਨਿਊਜ਼’ ਆਖਿਆ ਅਤੇ ਰੈੱਡਫੀਲਡ ਨੂੰ ਮੰਚ ਤੋਂ ਆਪਣੇ ਲਫਜ਼ਾਂ ਦੇ ਉਲਟ ਬੋਲਣ ਲਈ ਪੇਸ਼ ਕਰ ਦਿੱਤਾ। ਡੋਨਾਲਡ ਟਰੰਪ ਮੀਡੀਏ ਦਾ ਵੀ ਬਾਈਕਾਟ ਕਰੀ ਬੈਠਾ ਹੈ।
ਜਦੋਂ ਸੰਸਾਰ ਵਿੱਚ ਸਭ ਤੋਂ ਵੱਧ ਮੌਤਾਂ ਵੀ ਅਮਰੀਕਾ ਵਿੱਚ ਹੋਈਆਂ ਹਨ ਤੇ ਕੇਸ ਵੀ ਮਿਲੀਅਨ ਦਾ ਅੰਕੜਾਂ ਪਾਰ ਕਰ ਚੁੱਕੇ ਹਨ ਤਾਂ ਓਥੋਂ ਦੇ ਰਾਸ਼ਟਰਪਤੀ ਦੀ ਖਿਝ ਸਮਝ ਆਉਂਦੀ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ Aਹ ਖੁਦ ਕੋਈ ਯੋਗ ਜ਼ਿਮੇਵਾਰੀ ਨਿਭਾਉਣ ਦੀ ਥਾਂ ਹੋਰਨਾਂ ਨਾਲ ਲੜਨ ਤੁਰ ਪਵੇ। ਉਸ ਰਾਜ ਦੇ ਨਿਊ ਯਾਰਕ ਸਟੇਟ ਵਿੱਚ ਕੋਰੋਨਾ ਦਾ ਕਹਿਰ ਸਭ ਤੋਂ ਵੱਧ ਪਿਆ ਹੈ, ਜਿਸ ਵਿੱਚ ਇਹ ਲੇਖ ਲਿਖਣ ਤੱਕ ਬਾਈ ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ ਅਜੇ ਤੱਕ ਰੋਕ ਨਹੀਂ ਲੱਗ ਰਹੀ। ਉਸ ਰਾਜ ਦੇ ਗਵਰਨਰ ਨੇ ਵੀ ਆਪਣੇ ਰਾਸ਼ਟਰਪਤੀ ਡੋਨਾਲਡ ਟਰੰਪ ਬਾਰੇ ਇਹੋ ਗੱਲ ਕਹੀ ਹੈ ਕਿ ਜਦੋਂ ਚੀਨ ਵਿੱਚ ਇਹ ਬੀਮਾਰੀ ਸ਼ੁਰੂ ਹੋਈ ਸੀ, ਓਦੋਂ ਟਰੰਪ ਨੇ ਕੁਝ ਕਰਨ ਦੀ ਲੋੜ ਨਹੀਂ ਸਮਝੀ ਤੇ ਅੱਜ ਇਸ ਰਾਸ਼ਟਰਪਤੀ ਦੀ ਕੀਤੀ ਭੁੱਲ ਨੂੰ ਅਮਰੀਕਾ ਦੇ ਲੋਕ ਭੁਗਤ ਰਹੇ ਹਨ। ਗੱਲ ਸੱਚੀ ਵੀ ਇਹੋ ਹੈ ਕਿ ਜਿਸ ਵੇਲੇ ਕੁਝ ਕੀਤਾ ਜਾਣਾ ਚਾਹੀਦਾ ਸੀ, ਓਦੋਂ ਅਮਰੀਕਾ ਇਕੱਲਾ ਨਹੀਂ, ਬ੍ਰਿਟੇਨ, ਸਪੇਨ, ਇਟਲੀ, ਫਰਾਂਸ ਤੇ ਜਰਮਨੀ ਦੇ ਹਾਕਮਾਂ ਨੇ ਵੀ ਘੇਸਲ ਮਾਰੀ ਰੱਖੀ ਸੀ ਤੇ ਜਦੋਂ ਇੱਕ ਦਮ ਸੱਟ ਆਣ ਵੱਜੀ ਤਾਂ ਏਧਰ-ਓਧਰ ਦੇ ਬਿਆਨ ਦਾਗ ਕੇ ਉਸ ਜ਼ਿਮੇਵਾਰੀ ਤੋਂ ਬਚਣਾ ਚਾਹੁੰਦੇ ਹਨ, ਜਿਹੜੀ ਉਨ੍ਹਾਂ ਨੂੰ ਨਿਭਾਉਣੀ ਚਾਹੀਦੀ ਸੀ, ਪਰ ਨਿਭਾਈ ਨਹੀਂ ਸੀ।
ਅਜੇ ਵੀ ਸਮਾਂ ਮਨੁੱਖ ਦੇ ਹੱਥੋਂ ਨਹੀਂ ਨਿਕਲਿਆ। ਉਸ ਨੂੰ ਹਿੰਮਤ ਕਰਨ ਦੀ ਲੋੜ ਹੈ। ਇਹ ਹਿੰਮਤ ਕੋਈ ਇਕੱਲਾ ਨਹੀਂ ਕਰ ਸਕਦਾ, ਇੱਕੋ ਮੋਰਚੇ ਵਿੱਚ ਬੈਠੇ ਫੌਜੀਆਂ ਵਾਂਗ ਸਾਰੇ ਸੰਸਾਰ ਦੇ ਦੇਸ਼ਾਂ ਨੂੰ ਇੱਕਜੁੱਟਤਾ ਵਿਖਾਉਣੀ ਪਵੇਗੀ ਤੇ ਅਣਦਿੱਸਦੇ ਦੁਸ਼ਮਣ ਕੋਰੋਨਾ ਵਾਇਰਸ ਨਾਲ ਜੰਗ ਜਿੱਤਣ ਲਈ ਤਾਣ ਲਾਉਣਾ ਹੋਵੇਗਾ। ਰਹੀ ਗੱਲ ਚੀਨ ਵੱਲੋਂ ਕੋਰੋਨਾ ਦੀ ਬੀਮਾਰੀ ਬਾਰੇ ਵੇਲੇ ਦੱਸਣ ਜਾਂ ਨਾ ਦੱਸਣ ਦੀ, ਇਹ ਪੁੱਛ-ਪੜਤਾਲ ਬਾਅਦ ਵਿੱਚ ਵੀ ਕੀਤੀ ਜਾ ਸਕਦੀ ਹੈ।

ਜਤਿੰਦਰ ਪਨੂੰ